Close
Menu

ਮਰਾਠਾ ਅੰਦੋਲਨ ਮੁੜ ਹਿੰਸਕ ਹੋਇਆ, ਕਈ ਗੱਡੀਆਂ ਨੂੰ ਲਾਈ ਅੱਗ

-- 30 July,2018

ਨਵੀਂ ਦਿੱਲੀ- ਮਹਾਰਾਸ਼ਟਰ ਦੇ ਪੁਣੇ ਜਿ਼ਲ੍ਹੇ `ਚ ਰਾਖਵਾਂਕਰਨ ਦੀ ਮੰਗ ਨੂੰ ਲੈ ਕੇ ਕੀਤਾ ਜਾ ਰਿਹਾ ਮਰਾਠਾ ਅੰਦੋਲਨ ਅੱਜ ਫਿਰ ਹਿੰਸਕ ਹੋ ਗਿਆ। ਪ੍ਰਦਰਸ਼ਨਕਾਰੀਆਂ ਨੇ ਕਈ ਗੱਡੀਆਂ ਨੂੰ ਅੱਗ ਹਵਾਲੇ ਕਰ ਦਿੱਤਾ ਅਤੇ ਚੱਕਾ ਜਾਮ ਕਰ ਦਿੱਤਾ। ਹੰਗਾਮਾ ਵਧਦਾ ਦੇਖਕੇ ਸ਼ਹਿਰ `ਚ ਧਾਰਾ 144 ਲਾਗੂ ਕਰ ਦਿੱਤੀ ਗਈ। ਜਿ਼ਕਰਯੋਗ ਹੈ ਕਿ ਮਰਾਠਾ ਰਾਖਵਾਂਕਰਨ ਅੰਦੋਲਨ ਦੇ ਤਹਿਤ ਪੁਣੇ ਦੇ ਨਜ਼ਦੀਕ ਚਾਕਨ `ਚ ਵਿਰੋਧ ਪ੍ਰਦਰਸ਼ਨ ਦਾ ਆਯੋਜਨ ਕੀਤਾ ਗਿਆ ਸੀ। ਇਸ ਪ੍ਰਦਰਸ਼ਨ ਬਾਅਦ ਹੀ ਚਾਕਨ `ਚ ਅੰਦੋਲਨ ਹਿੰਸਕ ਹੋ ਗਿਆ। ਪ੍ਰਦਰਸ਼ਨਕਾਰੀਆਂ ਨੇ ਸੜਕਾ ਜਾਮ ਕਰ ਦਿੱਤੀਆਂ ਅਤੇ ਭੰਨ ਤੋੜ ਸ਼ੁਰੂ ਕਰ ਦਿੱਤੀ।

ਪੁਲਿਸ ਨੇ ਪ੍ਰਦਰਸ਼ਨਕਾਰੀਆਂ `ਤੇ ਕਾਬੂ ਪਾਉਣ ਦੀ ਪੂਰੀ ਕੋਸਿ਼ਸ਼ ਕੀਤੀ, ਪ੍ਰੰਤੂ ਹਾਲਾਤ ਬੇਕਾਬੂ ਹੁੰਦੇ ਦੇਖਕੇ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ। ਦੱਸਿਆ ਜਾ ਰਿਹਾ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੀਆਂ ਗੱਡੀਆਂ ਨੂੰ ਵੀ ਨਿਸ਼ਾਨਾ ਬਣਾਇਆ। ਦੂਜੇ ਪਾਸੇ ਮਹਾਰਾਸ਼ਟਰ ਕਾਂਗਰਸ ਨੇ ਆਪਣੇ ਸੀਨੀਅਰ ਆਗੂਆਂ ਅਤੇ ਵਿਧਾਇਕਾਂ ਦੀ ਮੀਟਿੰਗ ਦੇ ਬਾਅਦ ਰਾਜਪਾਲ ਵਿਦਿਆ ਸਾਗਰ ਰਾਓ ਨੂੰ ਮੰਗ ਪੱਤਰ ਦਿੱਤਾ ਅਤੇ ਕਿਹਾ ਕਿ ਉਹ ਮਰਾਠਾ ਰਾਖਵਾਂਕਰਨ ਮਾਮਲੇ `ਚ ਦਖਲ ਅੰਦਾਜ਼ੀ ਕਰਨ। ਕਾਂਗਰਸ ਨੇ ਮਰਾਠਾ ਸਮਾਜ ਨੂੰ 16 ਫੀਸਦੀ ਰਾਖਵਾਂ ਕੋਟਾ ਦੇਣ ਦੀ ਮੰਗ ਕੀਤੀ।

Facebook Comment
Project by : XtremeStudioz