Close
Menu

ਮਲੇਸ਼ੀਆ ਓਪਨ: ਚੀਨ ਦੀ ਦੀਵਾਰ ਸਾਇਨਾ ਫਿਰ ਨਾ ਕਰ ਸਕੀ ਪਾਰ

-- 05 April,2015

ਕੁਆਲਾਲੰਪੁਰ, ਭਾਰਤੀ ਖਿਡਾਰਨ ਸਾਇਨਾ ਨੇਹਵਾਲ ਨੂੰ ਪੰਜ ਲੱਖ ਡਾਲਰ ਇਨਾਮੀ ਰਾਸ਼ੀ ਵਾਲੇ ਮਲੇਸ਼ੀਆ ਓਪਨ ਸੁਪਰ ਸੀਰੀਜ਼ ਪ੍ਰੀਮੀਅਰ ਬੈਡਮਿੰਟਨ ਟੂਰਨਾਮੈਂਟ ’ਚ ਮਹਿਲਾ ਸਿੰਗਲਜ਼ ਦੇ ਸੈਮੀ ਫਾਈਨਲ ਵਿੱਚ ਸ਼ਨਿਚਰਵਾਰ ਨੂੰ ਓਲੰਪਿਕ ਚੈਂਪੀਅਨ ਚੀਨ ਦੀ ਲੀ ਸਿਊਰੂਈ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਵਿਸ਼ਵ ਦੀ ਅੱਵਲ ਨੰਬਰ ਖਿਡਾਰਨ ਸਾਇਨਾ ਨੇ ਇਕ ਘੰਟਾ ਤੇ ਅੱਠ ਮਿੰਟਾਂ ’ਚ ਸੈਮੀ ਫਾਈਨਲ ਮੁਕਾਬਲਾ ਵਿਸ਼ਵ ਦੀ ਤੀਜੇ ਨੰਬਰ ਦੀ ਖਿਡਾਰਨ ਸਿਊਰੂਈ ਨੂੰ 21-13, 17-21, 20-22 ਨਾਲ ਗੁਆ ਦਿੱਤਾ। ਪਿਛਲੇ ਹਫ਼ਤੇ ਇੰਡੀਆ ਓਪਨ ਸੁਪਰ ਸੀਰੀਜ਼ ਦਾ ਖ਼ਿਤਾਬ ਜਿੱਤਣ ਵਾਲੀ ਸਾਇਨਾ ਇਕ ਵਾਰ ਫਿਰ ਸਿਊਰੂਈ ਦੀ ਚੁਣੌਤੀ ਤੋਡ਼ਨ ਵਿੱਚ ਨਾਕਾਮ ਰਹੀ। ਚੀਨੀ ਖਿਡਾਰਨ ਨੇ ਸਾਇਨਾ ਖ਼ਿਲਾਫ਼ 11 ਮੈਚਾਂ ਵਿੱਚ ਇਹ 9ਵੀਂ ਜਿੱਤ ਦਰਜ ਕੀਤੀ ਹੈ।

ਇੰਡੀਆ ਓਪਨ ਦਾ ਖ਼ਿਤਾਬ ਜਿੱਤਣ ਬਾਅਦ ਸਾਇਨਾ ਨੇ ਸਿਖਰਲੀ ਰੈਂਕਿੰਗ ਹਾਸਲ ਕੀਤੀ ਸੀ ਅਤੇ ਇਥੇ ਸੈਮੀ ਫਾਈਨਲ ਵਿੱਚ ਪਹੁੰਚਣ ’ਤੇ ਉਸ ਨੂੰ 7700 ਅੰਕ ਮਿਲਣਗੇ ਪਰ ਸਿਊਰੂਈ ਦੇ ਫਾਈਨਲ ਵਿੱਚ ਪਹੁੰਚਣ ਦਾ ਮਤਲਬ ਹੈ ਕਿ ਚੀਨ ਦੀ ਇਹ ਖਿਡਾਰਨ ਮੁਡ਼ ਅੱਵਲ ਨੰਬਰ ਬਣ ਜਾਵੇਗੀ। ਇਸ ਤੋਂ ਪਹਿਲਾਂ ਸਿਊਰੂਈ ਨੂੰ ਸਿਰਫ਼ ਦੋ ਵਾਰ 2010 ਵਿੱਚ ਸਿੰਗਾਪੁਰ ਓਪਨ ਅਤੇ 2012 ਵਿੱਚ ਇੰਡੋਨੇਸ਼ੀਆ ਓਪਨਵਿੱਚ ਹਰਾਉਣ ਵਾਲੀ ਸਾਇਨਾ ਨੇ ਅੱਜ ਮੈਚ ਵਿੱਚ ਚੰਗੀ ਸ਼ੁਰੂਆਤ ਕੀਤੀ। ਭਾਰਤੀ ਖਿਡਾਰਨ ਨੇ 6-6 ਨਾਲ ਸਕੋਰ ਬਰਾਬਰ ਕਰਨ ਬਾਅਦ ਲੀਡ ਹਾਸਲ ਕਰਨੀ ਸ਼ੁਰੂ ਕੀਤੀ ਅਤੇ ਫਿਰ ਪਹਿਲੀ ਗੇਮ ਵਿੱਚ ਲਗਾਤਾਰ ਆਪਣੀ ਸਥਿਤੀ ਮਜ਼ਬੂਤ ਕਰਦੀ ਗਈ। ਗੋਡੇ ਦੀ ਸੱਟ ਕਾਰਨ ਸਿਊਰੂਈ ਦੀ ਮੂਵਮੈਂਟ ਥੋਡ਼੍ਹੀ ਮੱਠੀ ਸੀ, ਜਿਸ ਕਾਰਨ ਸਾਇਨਾ ਨੂੰ ਪਹਿਲੀ ਗੇਮ ਜਿੱਤਣ ਵਿੱਚ ਕੋਈ ਪ੍ਰੇਸ਼ਾਨੀ ਨਹੀਂ ਹੋਈ। ਦੂਜੀ ਗੇਮ ਕਾਫੀ ਕਰੀਬੀ ਰਹੀ ਅਤੇ ਇਸ ਵਿੱਚ ਕਾਫੀ ਉਤਰਾਅ-ਚਡ਼੍ਹਾਅ ਦੇਖਣ ਨੂੰ ਮਿਲੇ। ਸਾਇਨਾ ਨੇ ਸ਼ੁਰੂਆਤ ਵਿੱਚ 3-1 ਦੀ ਲੀਡ ਬਣਾਈ ਪਰ ਸਿਊਰੂਈ ਨੇ 10-10 ਦੇ ਸਕੋਰ ’ਤੇ ਬਰਾਬਰੀ ਹਾਸਲ ਕੀਤੀ। ਚੀਨੀ ਖਿਡਾਰਨ ਨੇ ਇਸ ਬਾਅਦ 18-17 ਨਾਲ ਲੀਡ ਲਈ ਅਤੇ ਫਿਰ ਲਗਾਤਾਰ ਤਿੰਨ ਅੰਕ ਹਾਸਲ ਕਰਕੇ ਮੁਕਾਬਲਾ 1-1 ਨਾਲ ਬਰਾਬਰ ਕਰ ਦਿੱਤਾ। ਨਿਰਣਾਇਕ ਗੇਮ ਵਿੱਚ ਸਾਇਨਾ ਨੇ ਸ਼ਾਨਦਾਰ ਸ਼ੁਰੂਆਤ ਕਰਦਿਆਂ 12-7 ਦੀ ਲੀਡ ਲਈ ਪਰ ਸਿਊਰੂਈ ਨੇ ਲਗਾਤਾਰ ਪੰਜ ਅੰਕ ਹਾਸਲ ਕਰਕੇ 12-12 ਬਰਾਬਰੀ ਹਾਸਲ ਕੀਤੀ। ਸਾਇਨਾ ਨੇ 19-18 ਦੇ ਸਕੋਰ ’ਤੇ ਮੁਡ਼ ਲੀਡ ਹਾਸਲ ਕੀਤੀ ਪਰ ਚੀਨੀ ਖਿਡਾਰਨ ਨੇ ਅਹਿਮ ਮੌਕਿਆਂ ’ਤੇ ਠਰ੍ਹੰਮੇ ਨਾਲ ਖੇਡਦਿਆਂ ਗੇਮ ਅਤੇ ਮੈਚ ਆਪਣੇ ਨਾਂ ਕਰ ਲਿਆ।

Facebook Comment
Project by : XtremeStudioz