Close
Menu

ਮਲੇਸ਼ੀਆ ਵਿਚ ਵਿਸ਼ਵ ਪੰਜਾਬੀ ਕਾਨਫਰੰਸ ਦਾ ਆਗਾਜ਼

-- 24 November,2018

ਕੁਆਲਾਲੰਪੁਰ, 24 ਨਵੰਬਰ
ਦੁਨੀਆਂ ਭਰ ਵਿਚ ਫੈਲੇ ਪੰਜਾਬੀਆਂ ਦੇ ਅਤੀਤ, ਵਰਤਮਾਨ ਤੇ ਭਵਿੱਖ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਨਿਬੇੜੇ ਬਾਰੇ ਵਿਚਾਰ-ਵਟਾਂਦਰੇ ਲਈ ਦੋ ਰੋਜ਼ਾ ਵਿਸ਼ਵ ਪੰਜਾਬੀ ਕਾਨਫਰੰਸ ਦਾ ਆਗਾਜ਼ ਹੋ ਗਿਆ ਹੈ।
ਵਿਸ਼ਵ ਪੰਜਾਬੀ ਭਾਈਚਾਰਾ ਵੱਲੋਂ ਸੰਦੀਪ ਵਰਮਾ (ਚੇਅਰਮੈਨ), ਮਨਦੀਪ ਸਿੰਘ (ਪ੍ਰਧਾਨ, ਆਜ਼ਾਦ ਪੰਜਾਬੀ ਮੰਚ ਮਲੇਸ਼ੀਆ) ਮਨਦੀਪ ਸਿੰਘ ਮਲੇਸ਼ੀਆ, ਹਰਮੀਤ ਸਿੰਘ ਕਾਲੜਾ (ਐਡੀਟਰ ਰਾਜਾ ਫਿਲਮਜ਼) ਤੇ ਮਲੇਸ਼ੀਆ ਦੇ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਡਾ. ਕੰਵਰ ਜਸਮਿੰਦਰ ਪਾਲ ਸਿੰਘ ਤੇ ਡਾ. ਦੀਪਕ ਮਨਮੋਹਨ ਸਿੰਘ ਦੀ ਅਗਵਾਈ ਹੇਠ ਨੇਤਾਜੀ ਸੁਭਾਸ਼ ਚੰਦਰ ਬੋਸ ਇੰਡੀਅਨ ਕਲਚਰ ਸੈਂਟਰ ਬ੍ਰਿਕਫੀਲਡਜ਼, ਕੁਆਲਾਲੰਪੁਰ (ਮਲੇਸ਼ੀਆ) ਵਿਚ ਕਰਵਾਈ ਜਾ ਰਹੀ ਇਸ ਕਾਨਫਰੰਸ ਦੇ ਪਹਿਲੇ ਦਿਨ ਬੋਲਦਿਆਂ ਡਾ. ਰਵੀ ਰਵਿੰਦਰ (ਦਿੱਲੀ) ਨੇ ਕਿਹਾ ਕਿ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਦੀਆਂ ਅਗਲੀਆਂ ਪੀੜ੍ਹੀਆਂ ਵਿਚ ਮਾਂ ਬੋਲੀ ਪੰਜਾਬੀ ਤੇ ਸੱਭਿਆਚਾਰ ਦਾ ਮੋਹ ਦਾ ਘਟਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਵਿਚ ਸਿਧਾਂਤਕ ਤੇ ਵਿਵਹਾਰਕ ਪਾੜਾ ਵਧ ਗਿਆ ਹੈ। ਇਸ ਮੌਕੇ ਡਾ. ਅਮਰਪਾਲ ਸਿੰਘ ਰੰਧਾਵਾ (ਐਡਵੋਕੇਟ) ਨੇ ਪੰਜਾਬੀ ਅੱਖਰਾਂ ਦਾ ਆਰਕੀਟੈਕਟ ਸਮਝਾਇਆ। ਡਾ. ਦੀਪਕ ਮਨਮੋਹਨ ਸਿੰਘ ਨੇ ਵਿਸ਼ਵ ਪੰਜਾਬੀ ਭਾਈਚਾਰਾ ਸੰਸਥਾ ਦੇ ਮਾਣਮੱਤੇ ਇਤਿਹਾਸ ਸਬੰਧੀ ਜਾਣੂ ਕਰਵਾਉਂਦਿਆਂ ਵਿਦੇਸ਼ੀ ਅਤੇ ਪੰਜਾਬ ਵੱਸਦੇ ਪੰਜਾਬੀਆਂ ਨੂੰ ਮਿਲ-ਬੈਠ ਕੇ ਸੰਵਾਦ ਰਚਾਉਣ ’ਤੇ ਜ਼ੋਰ ਦਿੱਤਾ। ਮੀਡੀਆ ਨਾਲ ਗੱਲ ਕਰਦਿਆਂ ਗੀਤਕਾਰ ਸਤਨਾਮ ਸਿੰਘ ਮੱਟੂ ਨੇ ਦੱਸਿਆ ਕਿ ਕਾਨਫਰੰਸ ਵਿੱਚ ਬੋਲਦਿਆਂ ਡਾ. ਅਸ਼ੋਕ ਗੁਪਤਾ ਨੇ ਪੰਜਾਬੀਆਂ ਨੂੰ ਭਾਸ਼ਾ, ਸੱਭਿਆਚਾਰ, ਸਮਾਜਿਕ, ਪਰਿਵਾਰਕ ਤੇ ਨੈਤਿਕ ਕਦਰਾਂ ਕੀਮਤਾਂ ਦੇ ਧਾਰਨੀ ਹੋਣ ਦਾ ਹੋਕਾ ਦਿੱਤਾ। ਪਹਿਲੇ ਅਕਾਦਮਿਕ ਸ਼ੈਸਨ ਵਿਚ ਸ਼ਿੰਦਰਪਾਲ ਸਿੰਘ ਦੀ ਅਗਵਾਈ ਵਿਚ ਪ੍ਰਿੰਸੀਪਲ ਐੱਸ.ਐੱਸ.ਸੰਘਾ, ਡਾ. ਬਲਵੰਤ ਸਿੰਘ ਸੰਧੂ, ਸਤਨਾਮ ਸਿੰਘ ਜੱਸਲ ਤੇ ਸਾਹਿਤਕਾਰ ਬੀਬਾ ਬਲਵੰਤ ਨੇ ਪੰਜਾਬੀ ਭਾਈਚਾਰੇ ਦੇ ਮੁੱੱਦਿਆਂ ਨੂੰ ਉਜਾਗਰ ਕੀਤਾ। ਮੰਚ ਸੰਚਾਲਣ ਪ੍ਰੋ. ਨਵਰੀਤ ਕੌਰ ਨੇ ਕੀਤਾ। ਮੈਡਮ ਮਨਜੀਤ ਇੰਦਰਾ ਤੇ ਤੇ ਕਵੀ ਦਰਸ਼ਨ ਬੁੱਟਰ ਨੇ ਵੀ ਰਚਨਾਵਾਂ ਨਾਲ ਰੰਗ ਬੰਨ੍ਹਿਆ। ਡਾ. ਸਵੈਰਾਜ ਸਿੰਘ ਸੰਧੂ ਦੀ ਅਗਵਾਈ ਹੇਠ ਡਾ. ਪ੍ਰਿਥਵੀ ਰਾਜ ਠਾਕੁਰ ਦਿੱਲੀ, ਡਾ. ਨਿਰਮਲ ਸਿੰਘ ਬਾਸੀ, ਸ਼ਵੇਤਾ ਮਹਿੰਦਰਾ ਤੇ ਡਾ. ਇਕਬਾਲ ਸਿੰਘ ਸੰਧੂ ਨੇ ਕਿਹਾ ਕਿ ਭਾਸ਼ਾ ਕਿਸੇ ਧਰਮ, ਜਾਤ ਤੇ ਕੌਮ ਦੀ ਮੁਥਾਜ ਨਹੀਂ ਹੁੰਦੀ। ਕਾਨਫਰੰਸ ਵਿਚ ਪ੍ਰਭਾਤਕ ਕੁਮਾਰ (ਚੇਅਰਮੈਨ ਮਲੇਸ਼ੀਆ), ਪ੍ਰਿੰਸੀਪਲ ਅਵਤਾਰ ਸਿੰਘ ਮਲੇਸ਼ੀਆ, ਪ੍ਰੀਤਮ ਸਿੰਘ ਮਲੇਸ਼ੀਆ, ਗੁਰਚਰਨ ਸਿੰਘ ਚੰਨੀ ਮਲੇਸ਼ੀਆ ਤੇ ਜਸਪਾਲ ਸਿੰਘ ਸੰਧੂ ਨੇ ਸ਼ਿਰਕਤ ਕੀਤੀ।

Facebook Comment
Project by : XtremeStudioz