Close
Menu

ਮਲੋਟ ਵਿਖੇ 9 ਅਗਸਤ ਨੂੰ ਸ: ਸੁਖਬੀਰ ਸਿੰਘ ਬਾਦਲ ਪੰਚਾਂ‑ਸਰਪੰਚਾਂ ਨੂੰ ਚੁਕਾਉਣਗੇ ਸਹੁੰ

-- 06 August,2013

5-MKT-01

ਮਲੋਟ/ਸ੍ਰੀ ਮੁਕਤਸਰ ਸਾਹਿਬ, 6 ਅਗਸਤ (ਦੇਸ ਪ੍ਰਦੇਸ ਟਾਈਮਜ਼)- ਲੋਕਤੰਤਰ ਦੀ ਸਭ ਤੋਂ ਹੇਠਲੀ ਪਰ ਅਹਿਮ ਇਕਾਈ ਪੰਚਾਇਤਾਂ ਦੇ ਨਵੇਂ ਚੁਣੇ ਗਏ ਪੰਚਾਂ‑ਸਰਪੰਚਾਂ ਨੂੰ ਅਹੁਦੇ ਦੀ ਸਹੁੰ ਚੁਕਾਉਣ ਲਈ ਜ਼ਿਲ੍ਹਾ ਪੱਧਰੀ ਸਮਾਗਮ ਹੁਣ 9 ਅਗਸਤ 2013 ਨੂੰ ਸਵੇਰੇ ਸਾਢੇ 10 ਵਜੇ ਨਵੀਂ ਅਨਾਜ ਮੰਡੀ ਮਲੋਟ ਵਿਖੇ ਹੋਵੇਗਾ। ਪਹਿਲਾਂ ਇਹ ਸਮਾਗਮ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਣਾ ਸੀ ਪਰ ਸਾਰੇ ਬਲਾਕਾਂ ਨੂੰ ਮਲੋਟ ਪਹੁੰਚਣ ਵਿਚ ਸੌਖ ਹੋਣ ਦੇ ਮੱਦੇਨਜ਼ਰ ਸਮਾਗਮ ਦੀ ਥਾਂ ਹੁਣ ਮਲੋਟ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਅੱਜ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਆਈ.ਏ.ਐਸ. ਨੇ ਦਿੱਤੀ।

ਇਸ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਮੌਕੇ ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਮੂਹ ਪੰਚਾਂ ਅਤੇ ਸਰਪੰਚਾਂ ਨੂੰ ਸਹੁੰ ਚੁਕਾਉਣਗੇ। ਇਸ ਸਮਾਗਮ ਵਿਚ ਪੰਚਾਇਤ ਮੰਤਰੀ ਸ: ਸੁਰਜੀਤ ਸਿੰਘ ਰੱਖੜਾ ਵੀ ਸ਼ਿਰਕਤ ਕਰਣਗੇ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਵੱਖ ਵੱਖ ਵਿਭਾਗਾਂ ਦੀਆਂ ਸਮਾਗਮ ਵਾਲੀ ਥਾਂ ਤੇ ਤਿਆਰੀਆਂ ਕਰਨ ਲਈ ਡਿਊਟੀਆਂ ਨਿਰਧਾਰਿਤ ਕੀਤੀਆਂ ਅਤੇ ਨਿਰਦੇਸ਼ ਦਿੱਤੇ ਕਿ ਸਮਾਗਮ ਨੂੰ ਸਫਲਤਾ ਪੂਰਵਕ ਕਰਵਾਉਣ ਲਈ ਕੋਈ ਕੁਤਾਹੀ ਬਰਦਾਸਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਮਾਗਮ ਵਿਚ ਜ਼ਿਲ੍ਹੇ ਦੇ 2298 ਪੰਚਾਂ ਸਰਪੰਚਾਂ ਨੂੰ ਸਹੁੰ ਚੁਕਾਈ ਜਾਵੇਗੀ। ਉਨ੍ਹਾਂ ਹਦਾਇਤ ਕੀਤੀ ਕਿ ਸਮਾਗਮ ਵਾਲੀ ਥਾਂ ਸੁਰੱਖਿਆ, ਪਾਰਕਿੰਗ, ਪੀਣ ਵਾਲੇ ਪਾਣੀ ਆਦਿ ਸਮੇਤ ਸਾਰੇ ਪ੍ਰਬੰਧ ਸਮੇਂ ਸਿਰ ਕਰ ਲਏ ਜਾਣ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਅਤੇ ਪੰਚਾਇਤ ਅਫ਼ਸਰ ਸ੍ਰੀ ਨਵਲ ਕੁਮਾਰ, ਸਿਵਲ ਸਰਜਨ ਡਾ: ਗੁਲਸ਼ਨ ਰਾਏ, ਡੀ.ਐਫ.ਐਸ.ਸੀ. ਸ੍ਰੀ ਕੌਸ਼ਲ ਰਾਏ ਸਿੰਗਲਾ, ਨਾਇਬ ਤਹਸੀਲਦਾਰ ਮੈਡਮ ਸੁਖਪਿੰਦਰ ਕੌਰ, ਕਾਰਜਕਾਰੀ ਇੰਜਨੀਅਰ ਪਾਵਰਕਾਮ ਸ: ਐਸ.ਐਸ. ਸੋਢੀ, ਸਕੱਤਰ ਰੈਡ ਕ੍ਰਾਸ ਮੈਡਮ ਹਰਦੇਵ ਕੌਰ ਗਿੱਲ,  ਬੀ.ਡੀ.ਪੀ.ਓ. ਮਲੋਟ ਮੈਡਮ ਬਲਜੀਤ ਕੌਰ, ਈ.ਓ. ਮਲੋਟ ਸ: ਜਗਸੀਰ ਸਿੰਘ ਧਾਲੀਵਾਲ ਸਮੇਤ ਵੱਖ ਵੱਖ ਵਿਭਾਗਾਂ ਦੇ ਮੁੱਖੀ ਹਾਜਰ ਸਨ।

Facebook Comment
Project by : XtremeStudioz