Close
Menu

ਮਹਾਰਾਣਾ ਪ੍ਰਤਾਪ ਕੇਵਲ ਰਾਜਪੂਤ ਬਰਾਦਰੀ ਦੇ ਹੀ ਨਹੀਂ ਬਲਕਿ ਸਾਰੇ ਦੇਸ਼ ਦੇ ਹੀਰੋ ਹਨ : ਬਾਦਲ

-- 22 May,2015

ਦੀਨਾਨਗਰ-ਮਹਾਰਾਣਾ ਪ੍ਰਤਾਪ ਕੇਵਲ ਰਾਜਪੂਤ ਬਰਾਦਰੀ ਦੇ ਹੀ ਨਹੀਂ ਬਲਕਿ ਸਮੂਹ ਦੇਸ਼ ਦੇ ਲੋਕਾਂ ਲਈ ਆਦਰਸ਼ ਹਨ ਅਤੇ ਪੂਰੇ ਦੇਸ਼ ਨੂੰ ਉਨ੍ਹਾਂ ਦੀ ਬਹਾਦਰੀ ‘ਤੇ ਮਾਣ ਹੈ। ਮਹਾਰਾਣਾ ਪ੍ਰਤਾਪ ਦਾ ਜੀਵਨ ਭਰ ਜਿਸ ਤਰ੍ਹਾਂ ਨਾਲ ਮੁਗਲਾਂ ਨਾਲ ਲਗਾਤਾਰ 22 ਸਾਲ ਆਪਣੀ ਅਣਖ ਲਈ ਸੰਘਰਸ਼ ਜਾਰੀ ਰਿਹਾ, ਉਹ ਇਕ ਉਦਾਹਰਣ ਹੈ। ਇਹ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਮਹਾਰਾਣਾ ਪ੍ਰਤਾਪ ਦੀ 475ਵੀਂ ਜਯੰਤੀ ਮੌਕੇ ਰਾਜ ਪੱਧਰੀ ਪ੍ਰੋਗਰਾਮ ਜੋ ਦੀਨਾਨਗਰ ਵਿਚ ਆਯੋਜਿਤ ਕੀਤਾ ਗਿਆ, ਦੌਰਾਨ ਅਕਾਲੀ ਦਲ ਦੇ ਵਰਕਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਸ. ਬਾਦਲ ਨੇ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਰਾਜ ਹੈ, ਜਿਸ ਵਿਚ ਅਸੀਂ ਸਾਰੇ ਮਹਾਪੁਰਸ਼ਾਂ, ਪੀਰ ਪੈਗੰਬਰਾਂ ਆਦਿ ਦੇ ਸਮਾਗਮ ਰਾਜ ਪੱਧਰ ਉਪਰ ਸਰਕਾਰੀ ਤੌਰ ‘ਤੇ ਮਨਾਉਂਦੇ ਹਾਂ।
ਜੰਮੂ-ਕਸ਼ਮੀਰ ਦੇ ਸਿਹਤ ਮੰਤਰੀ ਚੌਧਰੀ ਲਾਲ ਸਿੰਘ ਵਲੋਂ ਪੰਜਾਬ ਵਿਚ ਨਸ਼ੇ ਦੇ ਵਧਦੇ ਰੁਝਾਨ ਸਬੰਧੀ ਉਠਾਏ ਗਏ ਮੁੱਦੇ ‘ਤੇ ਸ. ਬਾਦਲ ਨੇ ਕਿਹਾ ਕਿ ਪੰਜਾਬ ਵਿਚ ਕਿਤੇ ਵੀ ਨਸ਼ਾ ਦੇਣ ਵਾਲੀ ਖੇਤੀ ਨਹੀਂ ਹੁੰਦੀ ਅਤੇ ਨਾ ਹੀ ਨਸ਼ਾ ਦੇਣ ਵਾਲੇ ਹੋਰ ਕੋਈ ਪਦਾਰਥ ਤਿਆਰ ਹੁੰਦੇ ਹਨ। ਰਾਜਸਥਾਨ ਸਮੇਤ ਹੋਰ ਰਾਜਾਂ ਵਿਚ ਅਫੀਮ, ਭੁੱਕੀ ਅਤੇ ਚਰਸ ਆਦਿ ਦੀ ਖੇਤੀ ਹੁੰਦੀ ਹੈ ਅਤੇ ਉਥੋਂ ਪੰਜਾਬ ਵਿਚ ਇਹ ਨਸ਼ੇ ਆਉਂਦੇ ਹਨ ਜਦਕਿ ਹੈਰੋਇਨ ਵਰਗਾ ਖਤਰਨਾਕ ਨਸ਼ਾ ਸਰਹੱਦ ਪਾਰੋਂ ਆਉਂਦਾ ਹੈ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਦੇਸ਼ ਦੇ ਜਿਨ੍ਹਾਂ ਰਾਜਾਂ ਵਿਚ ਨਸ਼ੇ ਦੀ ਖੇਤੀ ਹੁੰਦੀ ਹੈ, ਉਸ ‘ਤੇ ਰੋਕ ਲਗਾਏ ਅਤੇ ਸਰਹੱਦ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰੇ। ਬਾਦਲ ਨੇ ਰਾਜਪੂਤ ਮਹਾਸਭਾ ਪੰਜਾਬ ਦੀ ਮੰਗ ‘ਤੇ ਪੰਜਾਬ ਵਿਚ ਰਾਜਪੂਤ ਭਵਨ ਬਣਾਉਣ, ਪਠਾਨਕੋਟ ਵਿਚ ਮਹਾਰਾਣਾ ਪ੍ਰਤਾਪ ਦਾ ਜਲਦੀ ਬੁੱਤ ਬੱਸ ਸਟੈਂਡ ‘ਤੇ ਲਗਾਉਣ ਦੀ ਮੰਗ ਨੂੰ ਸਵੀਕਾਰ ਕਰ ਲਿਆ ਹੈ। ਇਸੇ ਤਰ੍ਹਾਂ ਦੀਨਾਨਗਰ ਵਿਚ ਬਣਨ ਵਾਲੇ ਕਮਿਊਨਿਟੀ ਸੈਂਟਰ ਦਾ ਨਾਮ ਮਹਾਰਾਣਾ ਪ੍ਰਤਾਪ ਦੇ ਨਾਮ ‘ਤੇ ਰੱਖਣ ਦਾ ਐਲਾਨ ਕੀਤਾ ਹੈ।ਬੋਰਡ ਦੇ ਚੇਅਰਮੈਨ ਪਠਾਨੀਆ ਨੇ ਬਾਦਲ ਤੋਂ ਮੌਜੂਦਾ ਬੋਰਡ ਨੂੰ ਕਮਿਸ਼ਨ ਦਾ ਨਾਮ ਦੇਣ ਦੀ ਮੰਗ ਕੀਤੀ। ਸਭਾ ਵਲੋਂ ਮੁੱਖ ਮੰਤਰੀ ਬਾਦਲ ਨੂੰ ਮਹਾਰਾਣਾ ਪ੍ਰਤਾਪ ਰਾਸ਼ਟਰੀ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਜਦਕਿ ਇਸ ਸਮਾਗਮ ਵਿਚ ਭਾਜਪਾ ਦੇ ਦੀਨਾਨਗਰ ਹਲਕੇ ਦੇ ਇੰਚਾਰਜ ਬੀ. ਡੀ. ਧੁੱਪੜ, ਨਗਰ ਕੌਂਸਲ ਦੀਨਾਨਗਰ ਦੇ ਪ੍ਰਧਾਨ ਰਾਕੇਸ਼ ਮਹਾਜਨ, ਅਕਾਲੀ ਨੇਤਾ ਜਗਰੂਪ ਸਿੰਘ ਸੇਖਵਾਂ, ਡਿਪਟੀ ਕਮਿਸ਼ਨਰ ਡਾ. ਅਭਿਨਵ ਤ੍ਰਿਖਾ, ਜ਼ਿਲਾ ਪੁਲਸ ਮੁਖੀ ਗੁਰਪ੍ਰੀਤ ਸਿੰਘ ਤੂਰ ਸਮੇਤ ਕਈ ਪ੍ਰਮੁੱਖ ਨੇਤਾ ਹਾਜ਼ਰ ਸੀ।

Facebook Comment
Project by : XtremeStudioz