Close
Menu

ਮਹਿਲਾ ਟੀ-20: ਇੰਗਲੈਂਡ ਮੈਚ ਜਿੱਤਿਆ ਤੇ ਭਾਰਤ ਲੜੀ

-- 01 March,2019

ਮੁੰਬਈ- ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਨੇ ਅੱਜ ਮੁਸ਼ਕਿਲ ਸਥਿਤੀ ਤੋਂ ਉੱਭਰਦਿਆਂ ਲੜੀ ਦੇ ਤੀਜੇ ਤੇ ਆਖਰੀ ਇੱਕ ਰੋਜ਼ਾ ਕ੍ਰਿਕਟ ਮੈਚ ’ਚ ਦੋ ਵਿਕਟਾਂ ਨਾਲ ਜਿੱਤ ਦਰਜ ਕਰਕੇ ਮੇਜ਼ਬਾਨ ਭਾਰਤ ਨੂੰ ਲੜੀ ’ਚ ਕਲੀਨ ਸਵੀਪ ਕਰਨ ਤੋਂ ਰੋਕ ਦਿੱਤਾ। ਭਾਰਤ ਵੱਲੋਂ ਅੱਠ ਵਿਕਟਾਂ ’ਤੇ ਬਣਾਈਆਂ 205 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਦੀ ਟੀ 49 ਦੌੜਾਂ ’ਤੇ ਪੰਜ ਵਿਕਟਾਂ ਗੁਆ ਕੇ ਜੂਝ ਰਹੀ ਸੀ। ਇਸ ਮਗਰੋਂ ਉਸ ਦੀ ਆਲ ਰਾਊਂਡਰ ਡਾਨੀ ਵਾਟ (82 ਗੇਂਦਾਂ ’ਚ 56 ਦੌੜਾਂ) ਨੇ ਕਪਤਾਨ ਹੀਥਰ ਨਾਈਟ (63 ਗੇਂਦਾਂ ’ਚ 47 ਦੌੜਾਂ) ਅਤੇ ਜਾਰਜੀਆ ਐਲਵਿਸ (53 ਗੇਂਦਾਂ ’ਚ ਨਾਬਾਦ 33 ਦੌੜਾਂ) ਨਾਲ ਦੋ ਅਹਿਮ ਭਾਈਵਾਲੀਆਂ ਕਰਕੇ ਟੀਮ ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾਈ। ਇੰਗਲੈਂਡ ਨੇ 48.5 ਓਵਰ ’ਚ ਅੱਠ ਵਿਕਟਾਂ ’ਤੇ 208 ਦੌੜਾਂ ਬਣਾ ਦੇ ਅਹਿਮ ਦੋ ਅੰਕ ਹਾਸਲ ਕੀਤੇ ਹਨ ਕਿਉਂਕਿ ਤਿੰਨ ਮੈਚਾਂ ਦੀ ਲੜੀ ਆਈਸੀਸੀ ਮਹਿਲਾ ਚੈਂਪੀਅਨਸ਼ਿਪ ਦਾ ਹਿੱਸਾ ਹੈ। ਵਿਸ਼ਵ ਚੈਂਪੀਅਨ ਟੀਮ 7ਵੇਂ ਸਥਾਨ ’ਤੇ ਕਾਬਜ਼ ਹੈ ਅਤੇ ਉਸ ਨੂੰ 2021 ’ਚ ਹੋਣ ਵਾਲੇ ਵਿਸ਼ਵ ਕੱਪ ’ਚ ਸਿੱਧੇ ਕੁਆਲੀਫਾਈ ਕਰਨ ਲਈ ਸਿਖਰਲੇ ਚਾਰ ’ਚ ਬਣੇ ਰਹਿਣ ਦੀ ਲੋੜ ਹੈ। ਭਾਰਤੀ ਟੀਮ ਪਹਿਲਾਂ ਹੀ ਦੋ ਮੈਚ ਜਿੱਤ ਕੇ ਲੜੀ ਆਪਣੇ ਨਾਂ ਕਰ ਚੁੱਕੀ ਹੈ। ਭਾਰਤ ਵੱਲੋਂ ਝੂਲਨ ਗੋਸਵਾਮੀ ਨੇ 41 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ।
ਇਸ ਤੋਂ ਪਹਿਲਾਂ ਇੰਗਲੈਂਡ ਦੀ ਕੈਥਰੀਨ ਬ੍ਰੰਟ ਵੱਲੋਂ ਹਾਸਲ ਕੀਤੀਆਂ ਪੰਜ ਵਿਕਟਾਂ ਕਾਰਨ ਭਾਰਤੀ ਮਹਿਲਾ ਕ੍ਰਿਕਟ ਟੀਮ ਉੱਪ ਕਪਤਾਨ ਸਮ੍ਰਿਤੀ ਮੰਧਾਨਾ ਤੇ ਪੂਨਮ ਰਾਉਤ ਵੱਲੋਂ ਕੀਤੀ ਚੰਗੀ ਸ਼ੁਰੂਆਤ ਦਾ ਫਾਇਦਾ ਨਾ ਚੁੱਕ ਸਕੀ ਤੇ ਅੱਜ ਤੀਜੇ ਤੇ ਆਖਰੀ ਇੱਕ ਰੋਜ਼ਾ ਕ੍ਰਿਕਟ ਮੈਚ ’ਚ ਅੱਠ ਵਿਕਟਾਂ ’ਤੇ 205 ਦੌੜਾਂ ਹੀ ਬਣਾ ਸਕੀ। ਬ੍ਰੰਟ ਨੇ 28 ਵਿਕਟਾਂ ਦੇ ਕੇ ਪੰਜ ਵਿਕਟਾਂ ਹਾਸਲ ਕੀਤੀਆਂ।
ਇਸ ਨਾਲ ਮੇਜ਼ਬਾਨ ਟੀਮ ਦਾ ਸਕੋਰ 1 ਵਿਕਟ ’ਤੇ 129 ਦੌੜਾਂ ਤੋਂ ਸੱਤ ਵਿਕਟਾਂ ’ਤੇ 150 ਦੌੜਾਂ ਹੋ ਗਿਆ। ਇਸ ਮਗਰੋਂ ਭਾਰਤੀ ਟੀਮ ਉੱਭਰ ਨਾ ਸਕੀ। ਭਾਰਤ ਵੱਲੋਂ ਦੀਪਤੀ ਸ਼ਰਮਾ (ਨਾਬਾਦ 27) ਅਤੇ ਸ਼ਿਖਾ ਪਾਂਡੇ (26) ਨੇ 47 ਦੌੜਾਂ ਦੀ ਭਾਈਵਾਲੀ ਕਰਕੇ ਟੀਮ ਦਾ ਸਕੋਰ 200 ਤੋਂ ਪਾਰ ਕੀਤਾ।
ਭਾਰਤ ਵੱਲੋਂ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕਰਨ ਮਗਰੋਂ ਮੇਜ਼ਬਾਨ ਟੀਮ ਨੇ ਜੈਮਿਮਾ ਰੌਡ੍ਰਿਗਜ਼ (0) ਦੀ ਵਿਕਟ ਗੁਆ ਦਿੱਤੀ, ਪਰ ਮੰਧਾਨਾ (74 ਗੇਂਦਾਂ ’ਚ 66 ਦੌੜਾਂ) ਅਤੇ ਪੂਨਮ (97 ਗੇਂਦਾਂ ’ਚ 56 ਦੌੜਾਂ) ਨੇ ਦੂਜੀ ਵਿਕਟ ਲਈ 129 ਦੌੜਾਂ ਦੀ ਭਾਈਵਾਲੀ ਕੀਤੀ। ਬ੍ਰੰਟ ਨੇ ਇਨ੍ਹਾਂ ਦੋਵਾਂ ਖਿਡਾਰਨਾਂ ਨੂੰ ਆਊਟ ਕਰਕੇ ਮੈਚ ’ਚ ਇੰਗਲੈਂਡ ਦੀ ਵਾਪਸੀ ਕਰਵਾਈ। ਇਸ ਤੋਂ ਬਾਅਦ ਮੋਨਾ ਮੇਸ਼ਰਾਮ (0), ਮਿਤਾਲੀ ਰਾਜ (7), ਤਾਨੀਆ ਭਾਟੀਆ (0) ਅਤੇ ਝੂਲਨ ਗੋਸਵਾਮੀ (1) ਆਊਟ ਹੋ ਗਈਆਂ। ਦੋਵੇਂ ਟੀਮਾਂ ਹੁਣ ਤਿੰਨ ਮੈਚਾਂ ਦੀ ਟੀ-20 ਕੌਮਾਂਤਰੀ ਲੜੀ ਖੇਡਣ ਲਈ ਗੁਹਾਟੀ ਰਵਾਨਾ ਹੋਣਗੀਆਂ।

Facebook Comment
Project by : XtremeStudioz