Close
Menu

ਮਹਿਲਾ ਹਾਕੀ: ਸਪੇਨ ਹੱਥੋਂ ਭਾਰਤ ਨੂੰ ਪਹਿਲੀ ਹਾਰ

-- 14 June,2018

ਮਡਰਿਡ, ਭਾਰਤੀ ਮਹਿਲਾ ਟੀਮ ਦੀ ਲੜੀ ਦੀ ਸ਼ੁਰੂਆਤ ਨਮੋਸ਼ੀਜਨਕ ਰਹੀ। ਉਸ ਨੂੰ ਸਪੇਨ ਖ਼ਿਲਾਫ਼ ਪੰਜ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿੱਚ 0-3 ਗੋਲਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਦੋਵੇਂ ਟੀਮਾਂ ਵਿਚਾਲੇ ਇਹ ਬਰਾਬਰੀ ਦਾ ਮੁਕਾਬਲਾ ਸੀ, ਪਰ ਸਪੇਨ ਨੇ ਗੋਲ ਕਰਨ ਦੇ ਮੌਕਿਆਂ ਦਾ ਪੂਰਾ ਫ਼ਾਇਦਾ ਉਠਾਇਆ। ਉਸ ਵੱਲੋਂ ਲੋਕਾ ਰੀਅਰਾ (48ਵੇਂ ਅਤੇ 52ਵੇਂ ਮਿੰਟ) ਅਤੇ ਬਰਟਾ ਬੋਰਨਾਸਤਰੇ (ਛੇਵੇਂ ਮਿੰਟ) ਨੇ ਗੋਲ ਕੀਤੇ। ਸਪੇਨ ਨੇ ਪਹਿਲੇ ਕੁਆਰਟਰ ਵਿੱਚ ਦਬਦਬਾ ਬਣਾਇਆ ਅਤੇ 26 ਸਾਲਾ ਬੋਨਾਸਤਰੇ ਨੇ ਛੇਵੇਂ ਮਿੰਟ ਵਿੱਚ ਹੀ ਗੋਲ ਕਰਕੇ ਆਪਣੀ ਟੀਮ ਨੂੰ ਲੀਡ ਦਿਵਾਈ। ਸਪੇਨ ਨੇ ਇਸ ਮਗਰੋਂ ਦੂਜਾ ਗੋਲ ਕਰਨ ਲਈ ਵੀ ਚੰਗਾ ਯਤਨ ਕੀਤਾ, ਪਰ ਭਾਰਤੀ ਡਿਫੈਂਡਰ ਨੇ ਉਸ ਨੂੰ ਅਸਫਲ ਕਰ ਦਿੱਤਾ। ਭਾਰਤ ਨੂੰ ਗੋਲ ਕਰਨ ਦੇ ਮੌਕੇ ਮਿਲੇ, ਪਰ ਉਹ ਇਸ ਦਾ ਫ਼ਾਇਦਾ ਨਹੀਂ ਉਠਾ ਸਕਿਆ। ਕਪਤਾਨ ਰਾਣੀ ਰਾਮਪਾਲ ਕੋਲ 14ਵੇਂ ਮਿੰਟ ਵਿੱਚ ਬਹੁਤ ਚੰਗਾ ਮੌਕਾ ਸੀ, ਪਰ ਉਸ ਦਾ ਸ਼ਾਟ ਬਾਹਰ ਚਲਾ ਗਿਆ। ਅਨੂਪਾ ਬਾਰਲਾ ਦੇ 19ਵੇਂ ਮਿੰਟ ਵਿੱਚ ਮਾਰੇ ਸ਼ਾਟ ਨੂੰ ਗੋਲਕੀਪਰ ਮਾਰੀਆ ਰੂਈਜ਼ ਨੇ ਰੋਕ ਲਿਆ। ਅਗਲੇ ਮਿੰਟ ਵਿੱਚ ਰਾਣੀ ਫਿਰ ਗੋਲ ਕਰਨ ਤੋਂ ਖੁੰਝ ਗਈ। ਭਾਰਤ ਨੂੰ 24ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਮਿਲਆ, ਪਰ ਸ਼ਾਟ ਬਾਹਰ ਚਲਾ ਗਿਆ। ਆਖ਼ਰੀ ਕੁਆਰਟਰ ਵਿੱਚ ਭਾਰਤੀ ਟੀਮ ਗੋਲ ਕਰਨ ਨੂੰ ਤਰਸਦੀ ਰਹੀ। ਸਪੇਨ ਨੂੰ ਪੈਨਲਟੀ ਕਾਰਨ ਮਿਲਿਆ, ਜਿਸ ਨੂੰ ਰੀਅਰਾ ਨੇ 48ਵੇਂ ਮਿੰਟ ਵਿੱਚ ਇਸ ਨੂੰ ਗੋਲ ਵਿੱਚ ਬਦਲ ਦਿੱਤਾ। ਇਸ ਤੋਂ ਚਾਰ ਮਿੰਟ ਮਗਰੋਂ ਰੀਅਰਾ ਨੇ ਪੈਨਲਟੀ ਕਾਰਨਰ ’ਤੇ ਗੋਲ ਕੀਤਾ। ਇਸ ਮਗਰੋਂ ਸਪੈਨਿਸ਼ ਟੀਮ ਨੇ ਸਾਰੀ ਤਾਕਤ ਗੋਲ ਬਚਾਉਣ ਵਿੱਚ ਲਗਾਈ ਅਤੇ ਚੰਗੇ ਫ਼ਰਕ ਨਾਲ ਜਿੱਤ ਦਰਜ ਕੀਤੀ।

Facebook Comment
Project by : XtremeStudioz