Close
Menu

ਮਾਇਆਵਤੀ ਵੱਲੋਂ ਕਾਂਗਰਸ ਨੂੰ ਸਾਰੀਆਂ ਸੀਟਾਂ ਤੋਂ ਚੋਣ ਲੜਨ ਦੀ ਚੁਣੌਤੀ

-- 19 March,2019

ਲਖਨਊ, ਕਾਂਗਰਸ ਵੱਲੋਂ ਸੱਤ ਲੋਕ ਸਭਾ ਸੀਟਾਂ ਸਮਾਜਵਾਦੀ ਪਾਰਟੀ-ਬਹੁਜਨ ਸਮਾਜ ਪਾਰਟੀ-ਰਾਸ਼ਟਰੀ ਲੋਕ ਦਲ ਗੱਠਜੋੜ ਲਈ ਛੱਡੇ ਜਾਣ ਦੇ ਐਲਾਨ ਤੋਂ ਬਾਅਦ ਅੱਜ ਬਸਪਾ ਸੁਪਰੀਮੋ ਮਾਇਆਵਤੀ ਨੇ ਕਿਹਾ ਕਿ ਕੌਮੀ ਪਾਰਟੀ ‘ਉਲਝਣ ਨਾ ਪੈਦਾ ਕਰੇ’। ਉਨ੍ਹਾਂ ਕਿਹਾ ਕਿ ਗੱਠਜੋੜ ਆਪਣੇ ਦਮ ’ਤੇ ਭਾਜਪਾ ਨੂੰ ਹਰਾਉਣ ਦੀ ਸਮਰੱਥਾ ਰੱਖਦਾ ਹੈ। ਇਸ ਦੇ ਨਾਲ ਹੀ ਮਾਇਆਵਤੀ ਨੇ ਕਾਂਗਰਸ ਨੂੰ ਚੁਣੌਤੀ ਦਿੱਤੀ ਕਿ ਪਾਰਟੀ ਸਾਰੀਆਂ 80 ਸੀਟਾਂ ਤੋਂ ਉਮੀਦਵਾਰ ਉਤਾਰੇ। ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਵਿਚ ਲੋਕ ਸਭਾ ਚੋਣਾਂ ਸੱਤ ਗੇੜਾਂ ਵਿਚ ਹੋਣਗੀਆਂ। ਬਸਪਾ ਦੀ ਟਿੱਪਣੀ ਤੋਂ ਕੁਝ ਘੰਟਿਆਂ ਬਾਅਦ ਹੀ ਸਪਾ ਨੇ ਵੀ ਕਾਂਗਰਸ ਨੂੰ ਅਜਿਹੀ ਹੀ ਚਿਤਾਵਨੀ ਦਿੱਤੀ। ਬਸਪਾ ਸੁਪਰੀਮੋ ਮਾਇਆਵਤੀ ਨੇ ਟਵੀਟ ਕਰਦਿਆਂ ਲਿਖਿਆ ਕਿ ਪਾਰਟੀ ਇਕ ਵਾਰ ਫੇਰ ਸਪੱਸ਼ਟ ਕਰਨਾ ਚਾਹੁੰਦੀ ਹੈ ਕਿ ਕਾਂਗਰਸ ਨਾਲ ਉੱਤਰ ਪ੍ਰਦੇਸ਼ ਜਾਂ ਪੂਰੇ ਮੁਲਕ ਵਿਚ ਕੋਈ ਗੱਠਜੋੜ ਜਾਂ ਸਮਝੌਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰ ਕਾਂਗਰਸ ਵੱਲੋਂ ਨਿੱਤ ਦਿਨ ਦਿੱਤੇ ਜਾ ਰਹੇ ਬਿਆਨਾਂ ਉੱਤੇ ਧਿਆਨ ਨਾ ਦੇਣ। ਕਾਂਗਰਸ ਨੇ ਐਤਵਾਰ ਨੂੰ ਕਿਹਾ ਸੀ ਕਿ ਇਹ ਯੂਪੀ ਵਿਚ ਕਰੀਬ 12 ਲੋਕ ਸਭਾ ਸੀਟਾਂ ਹੋਰਨਾਂ ਪਾਰਟੀਆਂ ਲਈ ਛੱਡੇਗੀ। ਇਨ੍ਹਾਂ ਵਿਚ ਸੱਤ ਸੀਟਾਂ ਬਸਪਾ-ਸਪਾ ਤੇ ਆਰਐਲਡੀ ਗੱਠਜੋੜ ਲਈ ਹੋਣਗੀਆਂ। ਇਸ ਤੋਂ ਇਲਾਵਾ ਕਾਂਗਰਸ ਨੇ ਦੋ ਸੀਟਾਂ ਅਪਨਾ ਦਲ ਲਈ ਵੀ ਛੱਡਣ ਦਾ ਐਲਾਨ ਕੀਤਾ ਸੀ ਤੇ ਇਕ ਹੋਰ ਧਿਰ ਜਨ ਅਧਿਕਾਰ ਪਾਰਟੀ ਨਾਲ ਚੋਣ ਸਮਝੌਤੇ ਦਾ ਵੀ ਫ਼ੈਸਲਾ ਕੀਤਾ ਸੀ। ਜ਼ਿਕਰਯੋਗ ਹੈ ਕਿ ਯੂਪੀ ਦੇ ਖੇਤਰੀ ਗੱਠਜੋੜ ਨੇ ਵੀ ਸੋਨੀਆ ਗਾਂਧੀ (ਰਾਇ ਬਰੇਲੀ) ਤੇ ਰਾਹੁਲ ਗਾਂਧੀ (ਅਮੇਠੀ) ਲਈ ਸੀਟਾਂ ਛੱਡੀਆਂ ਹਨ। ਕਾਂਗਰਸ ਦੇ ਸੂਬਾਈ ਪ੍ਰਧਾਨ ਰਾਜ ਬੱਬਰ ਨੇ ਕਿਹਾ ਸੀ ਕਿ ਪਾਰਟੀ ਗੱਠਜੋੜ ਵੱਲੋਂ ਦਿੱਤੇ ਮਾਣ ਦਾ ਹੀ ਮੁੱਲ ਮੋੜ ਰਹੀ ਹੈ।

Facebook Comment
Project by : XtremeStudioz