Close
Menu

ਮਾਇਆਵਤੀ ਵੱਲੋਂ ਮੱਧ ਪ੍ਰਦੇਸ਼ ਦੀ ਕਾਂਗਰਸ ਸਰਕਾਰ ਦੀ ਆਲੋਚਨਾ

-- 15 February,2019

ਲਖਨਊ, 15 ਫਰਵਰੀ
ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਧਾਨ ਮਾਇਆਵਤੀ ਨੇ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਵੱਲੋਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ 14 ਵਿਦਿਆਰਥੀਆਂ ਖ਼ਿਲਾਫ਼ ਦੇਸ਼ ਧਰੋਹ ਦਾ ਕੇਸ ਦਰਜ ਕੀਤੇ ਜਾਣ ਦੀ ਆਲੋਚਨਾ ਕਰਦਿਆਂ ਇਸ ਨੂੰ ਸਰਕਾਰੀ ਅਤਿਵਾਦ ਦੀ ਮਿਸਾਲ ਕਰਾਰ ਦਿੱਤਾ। ਮਾਇਆਵਤੀ ਨੇ ਮੱਧ ਪ੍ਰਦੇਸ਼ ਦੀ ਕਾਂਗਰਸ ਸਰਕਾਰ ਵੱਲੋਂ ਗਊ ਹੱਤਿਆ ਦੇ ਸ਼ੱਕ ਹੇਠ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ’ਤੇ ਕੀਤੀ ਗਈ ਕਾਰਵਾਈ ਨੂੰ ਜ਼ਾਲਮਾਨਾ ਕਰਾਰ ਦਿੰਦਿਆਂ ਇਸ ’ਤੇ ਵੀ ਨਾਰਾਜ਼ਗੀ ਜ਼ਾਹਰ ਕੀਤੀ ਹੈ।
ਮਾਇਆਵਤੀ ਨੇ ਕਿਹਾ ਕਿ ਵਿਦਿਆਰਥੀਆਂ ’ਤੇ ਦੇਸ਼ ਧਰੋਹ ਦਾ ਕੇਸ ਦਰਜ ਕੀਤਾ ਜਾਣਾ ਸਰਕਾਰੀ ਅਤਿਵਾਦ ਦੀ ਮਿਸਾਲ ਹੈ। ਸਰਕਾਰਾਂ ਨੂੰ ਵਿਦਿਆਰਥੀ ਦੇ ਜੀਵਨ ਨੂੰ ਤਬਾਹ ਕਰ ਦੇਣ ਵਾਲੀਆਂ ਅਜਿਹੀਆਂ ਗ਼ੈਰ-ਜ਼ਰੂਰੀ ਕਾਰਵਾਈਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਜਿੱਥੇ ਭਾਜਪਾ ਸਰਕਾਰ ਨੇ ਬੋਲਣ ਦੀ ਆਜ਼ਾਦੀ ਖ਼ਤਮ ਕਰਨ ਲਈ ਦੇਸ਼ ਧਰੋਹ ਵਰਗੇ ਗੰਭੀਰ ਤੇ ਸਖਤ ਕਾਨੂੰਨ ਨੂੰ ਮਜ਼ਾਕ ਬਣਾ ਦਿੱਤਾ ਹੈ, ਉੱਥੇ ਹੀ ਮੱਧ ਪ੍ਰਦੇਸ਼ ’ਚ ਕਾਂਗਰਸ ਪਾਰਟੀ ਦੀ ਨਵੀਂ ਸਰਕਾਰ ਵੀ ਪੂਰੀ ਤਰ੍ਹਾਂ ਭਾਜਪਾ ਦੇ ਨਕਸ਼ੇ ਕਦਮ ’ਤੇ ਚੱਲ ਰਹੀ ਹੈ ਤੇ ਗਊ ਹੱਤਿਆ ਦੇ ਸ਼ੱਕ ਹੇਠ ਕਈ ਮੁਸਲਮਾਨਾਂ ਖ਼ਿਲਾਫ਼ ਕੌਮੀ ਸੁਰੱਖਿਆ ਕਾਨੂੰਨ (ਰਾਸਕਾ) ਤਹਿਤ ਜ਼ਾਲਮਾਨਾ ਕਾਰਵਾਈ ਕਰ ਰਹੀ ਹੈ। ਬਸਪਾ ਮੁਖੀ ਨੇ ਕਿਹਾ ਕਿ ਕਾਂਗਰਸ ਤੇ ਭਾਜਪਾ ਦੋਵੇਂ ਹੀ ਸਰਕਾਰਾਂ ਜਾਤ ਆਧਾਰਤ ਹੋਣ ਦੇ ਨਾਲ ਨਾਲ ਫਿਰਕੂ ਭਾਵਨਾ ਤਹਿਤ ਕੰਮ ਕਰਦੀਆਂ ਨਜ਼ਰ ਆਉਂਦੀਆਂ ਹਨ। ਹੁਣ ਆਮ ਲੋਕਾਂ ਨੂੰ ਇਹ ਸੋਚਣਾ ਪਵੇਗਾ ਕਿ ਭਾਜਪਾ ਜਾਂ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਦੇ ਕੰਮ ਤੇ ਸੋਚ ’ਚ ਕੀ ਫਰਕ ਰਹਿ ਗਿਆ ਹੈ।

Facebook Comment
Project by : XtremeStudioz