Close
Menu

ਮਾਓਵਾਦੀ ਇਲਾਕਿਆਂ ’ਚੋਂ ਸੁਰੱਖਿਆ ਬਲਾਂ ਨੂੰ ਨਹੀਂ ਹਟਾਵਾਂਗੇ: ਬਘੇਲ

-- 24 December,2018

ਰਾਏਪੁਰ, 24 ਦਸੰਬਰ
ਛੱਤੀਸਗੜ੍ਹ ਦੇ ਨਵੇਂ ਮੁੱਖ ਮੰਤਰੀ ਭੁਪੇਸ਼ ਬਘੇਲ (57) ਨੇ ਕਿਹਾ ਕਿ ਮਾਓਵਾਦੀਆਂ ਦੇ ਟਾਕਰੇ ਦਾ ਜਵਾਬ ਗੋਲੀ ਨਹੀਂ ਹੈ। ਉਨ੍ਹਾਂ ਹਿੰਸਾ ਪ੍ਰਭਾਵਤ ਲੋਕਾਂ, ਆਦਿਵਾਸੀਆਂ ਅਤੇ ਹੋਰ ਧਿਰਾਂ ਨਾਲ ਗੱਲਬਾਤ ਦਾ ਪੱਖ ਪੂਰਦਿਆਂ ਕਿਹਾ ਕਿ ਸੂਬੇ ਦੇ ਮਾਓਵਾਦੀ ਪ੍ਰਭਾਵਿਤ ਇਲਾਕਿਆਂ ’ਚੋਂ ਸੁਰੱਖਿਆ ਬਲਾਂ ਦੀ ਵਾਪਸੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਖੇਤੀ ਕਰਜ਼ੇ ਮੁਆਫ਼ ਕਰਨ ਅਤੇ ਸ਼ਰਾਬ ’ਤੇ ਪਾਬੰਦੀ ਸਮੇਤ ਚੋਣਾਂ ਦੌਰਾਨ ਕੀਤੇ ਗਏ ਹੋਰ ਵਾਅਦਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਕਾਂਗਰਸ ਆਗੂ ਨੇ ਹਫ਼ਤਾ ਕੁ ਪਹਿਲਾਂ ਮੁੱਖ ਮੰਤਰੀ ਵਜੋਂ ਅਹੁਦਾ ਸਾਂਭਿਆ ਹੈ। ਖ਼ਬਰ ਏਜੰਸੀ ਨਾਲ ਇੰਟਰਵਿਊ ਦੌਰਾਨ ਸ੍ਰੀ ਬਘੇਲ ਨੇ ਕਿਹਾ,‘‘ਮਾਓਵਾਦ ਦਾ ਮੁੱਦਾ ਬੰਦੂਕਾਂ ਨਾਲ ਹੱਲ ਨਹੀਂ ਕੀਤਾ ਜਾ ਸਕਦਾ ਹੈ। ਪਿਛਲੀ ਭਾਜਪਾ ਸਰਕਾਰ ਵੱਲੋਂ ਸਮੱਸਿਆ ਨੂੰ ਬੰਦੂਕ ਦੀ ਵਰਤੋਂ ਨਾਲ ਹੱਲ ਕਰਨ ਦੀਆਂ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਮਾਓਵਾਦੀਆਂ ਦਾ ਵਿਸਥਾਰ ਤਿੰਨ ਜ਼ਿਲ੍ਹਿਆਂ ਤੋਂ ਵੱਧ ਕੇ 15 ਜ਼ਿਲ੍ਹਿਆਂ ’ਚ ਹੋ ਗਿਆ। ਜੰਮੂ ਕਸ਼ਮੀਰ ਤੋਂ ਬਾਅਦ ਛੱਤੀਸਗੜ੍ਹ ਦੀ ਬਸਤਰ ਡਿਵੀਜ਼ਨ ’ਚ ਨੀਮ ਫ਼ੌਜੀ ਬਲਾਂ ਦੀਆਂ ਸਭ ਤੋਂ ਵੱਧ ਟੁਕੜੀਆਂ ਤਾਇਨਾਤ ਹਨ।’’ ਉਨ੍ਹਾਂ ਕਿਹਾ ਕਿ ਅਗਲੀ ਰਣਨੀਤੀ ਤਿਆਰ ਹੋਣ ਤਕ ਜੋ ਕੁਝ ਚੱਲ ਰਿਹਾ ਹੈ, ਉਸੇ ਤਰ੍ਹਾਂ ਜਾਰੀ ਰਹੇਗਾ। ‘ਜੇਕਰ ਫ਼ੌਰੀ ਤੌਰ ’ਤੇ ਜਵਾਨਾਂ ਨੂੰ ਹਟਾਇਆ ਗਿਆ ਤਾਂ ਇਹ ਆਤਮਘਾਤੀ ਫ਼ੈਸਲਾ ਹੋ ਸਕਦਾ ਹੈ।’

Facebook Comment
Project by : XtremeStudioz