Close
Menu

ਮਾਪਿਆਂ ਨੂੰ ਗਵਾਚੇ ਪੁੱਤਾਂ ਦੀ ਤਲਾਸ਼ ਤੇ ਸੁਖਬੀਰ ਨੂੰ ਪੰਥਕ ਏਜੰਡੇ ਦੀ

-- 11 December,2014

ਚੰਡੀਗੜ੍ਹ, ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ਵਿਚ ਅਗਲੀਆਂ ਚੋਣਾਂ ਸ਼੍ਰੋਮਣੀ ਅਕਾਲੀ ਦਲ ਨਾਲੋਂ ਵੱਖ ਹੋ ਕੇ ਲੜ ਦੀਆਂ ਆ ਰਹੀਆਂ ਕਨਸੋਆਂ ਤੋਂ ਚਿੰਤਤ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਸ ਦੇ ਪੁੱਤਰ ਤੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇਹਨਾਂ ਚੋਣਾਂ ਵਿਚ ਵੋਟਾਂ ਬਟੋਰਨ ਲਈ ਅੱਜ ਜਦੋਂ ਸਿੱਖ ਮੁੱਦਿਆਂ ਦੀ ਤਲਾਸ਼ ਹੈ ਤਾਂ ਉਸੇ ਸਮੇਂ ਕਈ ਸਿਰ ਚੁੱਕੀ ਖੜੇ ਕਈ ਸਿੱਖ ਮਸਲਿਆਂ ਵੱਲ ਧਿਆਨ ਹੀ ਨਹੀਂ ਜਾ ਰਿਹਾ ਤੇ ਜਾਂ ਫਿਟ ਇਹਨਾਂ ਨੂੰ ਗਿਣ ਮਿੱਥ ਕੇ ਨਜ਼ਰਅੰਦਾਜ ਕੀਤਾ ਜਾ ਰਿਹਾ ਹੈ ਕਿਉਂਕਿ ਅਕਾਲੀ ਦਲ ਨੂੰ ਸਿਆਸੀ ਤੌਤ ਉੱਤੇ ਮੁਆਫਕ ਨਹੀਂ ਬੈਠਦੇ।ਅਕਾਲੀ ਦਲ ਲਈ ਸਿੱਖ ਮਾਮਲਿਆਂ ਦੀ ਚੋਣ ਕਰਨੀ ਸੌਖੀ ਨਹੀਂ ਹੈ।
ਗੁਰਬਖਸ਼ ਸਿੰਘ ਖਾਲਸਾ ਅਜਿਹੇ ਹੀ ਇੱਕ ਮਮਲੇ ਨੂੰ ਲੈ ਕੇ ਮਰਨ ਵਰਤ ਸ਼ੁਰੂ ਕਰੀ ਬੈਠਾ ਹੈ ਅਤੇ ਇਹ ਮਾਮਲਾ ਪੰਥਕ ਹੋਣ ਦੇ ਨਾਲ ਨਾਲ ਮਨੁੱਖੀ ਅਧਿਕਾਰਾਂ ਦਾ ਵੀ ਹੈ।ਇਹ ਮਸਲਾ ਉਹਨਾਂ ਸਿੱਖ ਕੈਦੀਆਂ ਦਾ ਹੈ ਜਿਹੜੇ ਲੰਬੇ ਸਮੇਂ ਤੋਂ ਜੇਲ੍ਹਾਂ ਵਿਚ ਸੜ ਰਹੇ ਹਨ ਜਦੋਂ ਕਿ ਉਹਨਾਂ ਜਿਨ੍ਹੀਂ ਹੀ ਸਜ਼ਾਯਾਫਤਾ ਕੈਦੀ ਰਿਹਾਅ ਹੋ ਚੁੱਕੇ ਹਨ।ਜੇਲ੍ਹਾਂ ਵਿਚ ਬੰਦ ਇਹਨਾਂ ਸਿੱਖ ਕੈਦੀਆਂ ਦਾ ਸਬੰਧ ਖਾੜਕੂ ਸੰਘਰਸ਼ ਨਾਲ ਹੈ।ਇਹਨਾਂ ਵਿਚੋਂ ਕਈਆਂ ਨੂੰ ਤਾਂ ਬਹੁਤ ਵੱਡੀ ਉਮਰ ਹੋ ਜਾਣ ਕਾਰਨ ਰਿਹਾਅ ਕੀਤਾ ਜਾ ਸਕਦਾ ਹੈ ਤੇ ਕੀਤਾ ਜਾਣਾ ਚਾਹੀਦਾ ਹੈ।ਜਦੋਂ ਬਿਨਾਂ ਕਿਸੇ ਭੜਕਾਹਟ ਤੋਂ ਲੁਧਿਆਣੇ ਵਿਚ ਇੱਕ ਸਿੱਖ ਨੌਜਵਾਨ ਦੇ ਕਤਲ ਕਰਨ ਦੇ ਜੁਰਮ ਵਿਚ ਉਮਰ ਕੈਦ ਭੁਗਤ ਰਹੇ ਖਾੜਕੂ ਤੋਂ ਪੁਲੀਸ ਕੈਟ ਤੇ ਪੁਲੀਸ ਕੈਟ ਤੋਂ ਪੁਲੀਸ ਅਫਸਰ ਬਣਿਆ ਇੱਕ ਵਿਅਕਤੀ ਕੁਝ ਸਾਲਾਂ ਬਾਅਦ ਰਿਹਾਅ ਹੋ ਸਕਦਾ ਹੈ ਤਾਂ ਫਿਰ ਹੋਰ ਕੈਦੀ ਜੇਲ੍ਹਾਂ ਵਿਚ ਕਿਉਂ ਸੜ ਰਹੇ ਹਨ।ਇਥੋਂ ਤੱਕ ਕਿ ਦੂਜੇ ਸੂਬਿਆਂ ਦੀਆਂ ਜੇਲ੍ਹਾਂ ਵਿਚ ਬੰਦ ਸਿੱਖ ਕੈਦੀਆਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿਚ ਤਬਦੀਲ ਕਰਨ ਦੀ ਮੰਗ ਵੀ ਠੁਕਰਾ ਦਿੱਤੀ ਗਈ ਹੈ।
ਸੁਖਬੀਰ ਸਿੰਘ ਬਾਦਲ ਨੇ ਸੂਬੇ ਦੇ ਗ੍ਰਹਿ ਮੰਤਰੀ ਵਜੋਂ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜ ਨਾਥ ਸਿੰਘ ਨੂੰ ਅਜਿਹੇ ਕੇਸਾਂ ਵਿਚ ਦਖਲਅੰਦਜ਼ੀ ਕਰਨ ਲਈ ਇੱਕ ਚਿੱਠੀ ਲਿਖੀ ਹੈ।ਪਰ ਇਸ ਮਸਲੇ ਉੱਤੇ ਸਿਰਫ ਇੱਕ ਚਿੱਠੀ ਹੀ ਲਿਖੀ ਜਾਣੀ ਕਾਫੀ ਨਹੀਂ ਹੈ ਅਤੇ ਇਥੇ ਵੀ ਇਸ ਗੰਭੀਰ ਮੁੱਦੇ ਉੱਤੇ ਸਿਆਸਤ ਕੀਤੀ ਜਾ ਰਹੀ ਹੈ।ਇਹ ਦੂਜੀ ਵਾਰੀ ਹੈ ਜਦੋਂ ਗੁਰਬਖਸ਼ ਸਿੰਘ ਖਾਲਸਾ ਨੂੰ ਇੱਕੋ ਮੁੱਦੇ ਉੱਤੇ ਦੂਜੀ ਵਾਰੀ ਵਰਤ ਰੱਖਣਾ ਪਿਆ ਹੈ।ਉਸ ਨੇ ਪਹਿਲਾ ਵਰਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਆਦੇਸ਼ ਉੱਤੇ ਛੱਡਿਆ ਸੀ।ਮੁੱਖ ਮੰਤਰੀ ਨੇ ਇਸ ਵਿਅਕਤੀ ਦੀ ਰਿਹਾਈ ਦੀ ਵਾਜਬੀਅਤ ਜੇਲ੍ਹ ਵਿਚ ਉਸ ਦੇ ਨੇਕ ਚਲਣ ਦਾ ਹਵਾਲਾ ਦੇ ਕੇ ਕੀਤੀ ਹੈ।ਪਹਿਲੇ ਵਰਤ ਦਾ ਸਥਾਨ ਚੰਡੀਗੜ੍ਹ ਨੇੜੇ ਮੋਹਾਲੀ ਵਿਚ ਸਥਿਤ ਗੁਰਦੁਆਰਾ ਅੰਬ ਸਾਹਿਬ ਸੀ ਅਤੇ ਇਸ ਵਾਰੀ ਸ਼੍ਰੋਮਣੀ ਅਕਾਲੀ ਦਲ ਦੇ ਕੰਟਰੋਲ ਹੇਠਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਥੇ ਵਰਤ ਰੱਖਣ ਦੀ ਇਜ਼ਾਜ਼ਤ ਨਾ ਦੇਣ ਕਾਰਨ ਉਹਨਾਂ ਨੂੰ ਆਪਣਾ ਵਰਤ ਹਰਿਆਣੇ ਦੇ ਇੱਕ ਗੁਰਦੁਆਰੇ ਵਿਚ ਰੱਖਣਾ ਪਿਆ ਹੈ।ਇਸ ਵਰਤਾਰੇ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਦੋਹਰਾ ਕਿਰਦਾਰ ਅਤੇ ਇਸ ਪੰਥਕ ਮਾਮਲੇ ਵੱਚਨਬੱਧਤਾ ਦੀ ਘਾਟ ਜਰੂਰ ਪ੍ਰਗਟ ਹੋ ਗਈ ਹੈ।ਹਾਂ, ਭਾਰਤੀ ਜਨਤਾ ਪਾਰਟੀ ਜਰੂਰ ਇਸ ਮਾਮਲੇ ਵਿਚ ਦਿਲਚਸਪੀ ਜਰੂਰ ਲੈ ਰਹੀ ਹੈ ਕਿਉਂਕਿ ਪੰਜਾਬ ਵਿਚ ਅਗਲੀਆਂ ਚੋਣਾਂ ਆਪਣੇ ਬਲਬੂਤੇ ਲੜਣ ਦਾ ਮਨ ਬਣਾਈ ਬੈਠੀ ਇਹ ਪਰਟੀ ਦੀ ਅੱਖ ਹੁਣ ਸਿੱਖ ਮੁੱਦਿਆਂ ਉੱਤੇ ਹੈ।ਆਰ.ਐਸ.ਐਸ. ਨੇ ਪਹਿਲਾਂ ਹੀ ਪੰਜਾਬ ਦੇ ਪਿੰਡਾਂ ਵਿਚ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ।
ਜੇ ਸ਼੍ਰੋਮਣੀ ਅਕਾਲੀ ਦਲ ਸੱਚੀ ਮੁੱਚੀ ਸਿੱਖ ਕੈਦੀਆਂ ਨੂੰ ਰਿਹਾਅ ਕਰਾਉਣ ਲਈ ਸੁਹਿਰਦ ਤੇ ਵੱਚਨਬੱਧ ਹੈ ਤਾਂ ਫਿਰ ਗੁਰਬਖਸ਼ ਸਿੰਘ ਖਾਲਸਾ ਨੂੰ ਪੰਜਾਬ ਦੇ ਕਿਸੇ ਗੁਰਦੁਆਰੇ ਵਿਚ ਆ ਜਾਣ ਦੀ ਇਜ਼ਾਜ਼ਤ ਦੇ ਦੇਣੀ ਚਾਹੀਦੀ ਹੈ।
ਦਲ ਖਾਲਸਾ ਵਲੋਂ ਕੌਮਾਂਤਰੀ ਮਨੁੱਖੀ ਦਿਹਾੜੇ ਮੌਕੇ ਅੰਮ੍ਰਿਤਸਰ ਵਿਚ ਵਿਖੇ ਖਾੜਕੂਵਾਦ ਦੇ ਦੌਰ ਵਿਚ ਲਾਪਤਾ ਕੀਤੇ ਗਏ ਵਿਅਕਤੀਆਂ ਦਾ ਗੰਭੀਰ ਮਾਮਲਾ ਵੀ ਉਭਾਰਿਆ ਗਿਆ ਹੈ।ਇਸ ਦੌਰ ਦੌਰਾਨ ਘਰੋਂ ਲਾਪਤਾ ਹੋਏ ਅਤੇ ਪੁਲੀਸ ਵਲੋਂ ਚੁੱਕੇ ਗਏ ਸੈਂਕੜੇ ਨੌਜਵਨਾਂ ਦੀ ਅਜੇ ਤੱਕ ਵੀ ਕੋਈ ਉੱਘ ਸੁੱਘ ਨਹੀਂ ਮਿਲੀ।ਅਜਿਹੇ ਕੇਸ ਸੁਰੱਖਿਆ ਏਜੰਸੀਆਂ ਵਲੋਂ ਰੀਕਾਰਡ ਉੱਤੇ ਨਹੀਂ ਲਿਆਂਦੇ ਜਾਂਦੇ।ਇਹਨਾਂ ਦਾ ਰਿਕਾਰਡ ਅੰਮ੍ਰਿਤਸਰ, ਤਰਨਤਾਰਨ ਅਤੇ ਪੱਟੀ ਦੇ ਸਮਸ਼ਾਨਘਾਟਾਂ ਵਿਚ “ਅਣਪਛਾਤੀਆਂ ਲਾਸ਼ਾਂ” ਵਜੋਂ ਮੌਜੂਦ ਹੈ।ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਜਸਵੰਤ ਸਿੰਘ ਖਾਲੜਾ ਨੇ ਅਣਪਛਾਤੀਆਂ ਲਾਸ਼ਾਂ ਦਾ ਇਹ ਡਰਾਮਾ ਜਦੋਂ ਨੰਗਾ ਕੀਤਾ ਉਸ ਤੋਂ ਕੁਝ ਦਿਨਾਂ ਬਾਅਦ ਹੀ ਉਸ ਨੂੰ ਆਪਣੇ ਘਰੋਂ ਪੁਲੀਸ ਵਲੋਂ ਚੁੱਕ ਲਿਆ ਗਿਆ ਅਤੇ ਉਸ ਦਾ ਅੱਜ ਤੱਕ ਕੋਈ ਥਹੁ ਪਤਾ ਨਹੀਂ ਲੱਗਾ।ਸੁਪਰੀਮ ਕੋਰਟ ਨੇ ਆਖਰ ਇਹਨਾਂ ਅਣਪਛਾਤੀਆਂ ਲਾਸ਼ਾਂ ਕਹਿ ਕੇ ਸਾੜੇ ਗਏ ੩੦੦੦ ਵਿਅਕਤੀਆਂ ਦੀ ਪੁਸ਼ਟੀ ਕੀਤੀ ਸੀ ਅਤੇ ਇਹਨਾਂ ਦੇ ਵਾਰਸਾਂ ਨੂੰ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਸੀ।ਇਹ ਸਭ ਕੁਝ ਸੀ.ਬੀ.ਆਈ. ਦੀ ਜਾਂਚ ਤੋਂ ਬਾਅਦ ਸੰਭਵ ਹੋਇਆ ਸੀ।ਪਰ ਰੋਪੜ ਦੇ ਵਕੀਲ਼ ਕੁਲਵੰਤ ਸਿੰਘ, ਉਸ ਦੀ ਪਤਨੀ ਤੇ ਮਸੂਮ ਬੱਚੇ ਅਤੇ ਇਹੋ ਜਿਹੇ ਸੈਂਕੜੇ ਹੋਰ ਕੇਸਾਂ ਦਾ ਕੁਝ ਨਹੀਂ  ਬਣਿਆ।ਅਜਿਹੇ ਮੰਦਭਾਗੇ ਪਰਿਵਾਰਾਂ ਨੇ ਕੱਲ ਅੰਮ੍ਰਿਤਸਰ ਦੀਆਂ ਗਲੀਆਂ ਵਿਚ ਮੋਮਬੱਤੀ ਮਾਰਚ ਕੱਢਿਆ।
ਸਿੱਖ ਕੈਦੀਆਂ ਦੀ ਰਿਹਾਈ ਦਾ ਮਾਮਲਾ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ ਵਿਚ ਆਉਂਦਾ ਹੋਣ ਕਰਕੇ ਸੁਖਬੀਰ ਸਿੰਗ ਬਾਦਲ ਵਲੋਂ ਕੇਂਦਰ ਸਰਕਾਰ ਨੂੰ ਦਖਲਅੰਦਾਜ਼ੀ ਕਰਨ ਲਈ ਲਿਖਣ ਦੀ ਕੋਈ ਤੁਕ ਨਹੀਂ ਬਣਦੀ।ਪੰਜਾਬ ਸਰਕਾਰ ਅਜਿਹੇ ਲਾਪਤਾ ਵਿਅਕਤੀਆਂ ਦੇ ਕੇਸਾਂ ਦੀ ਜਾਂਚ ਲਈ ਅਦਾਲਤੀ ਜਾਂਚ ਦੇ ਹੁਕਮ ਦੇਵੇ ਅਤੇ ਜਾਂ ਇਹ ਕੇਸ ਜਾਂਚ ਲਈ ਸੀ.ਬੀ.ਆਈ. ਨੂੰ ਸੌਂਪ ਦੇਵੇ।ਕੀ ਸ਼੍ਰੋਮਣੀ ਅਕਾਲੀ ਦਲ ਕਹਿ ਸਕਦਾ ਹੈ ਕਿ ਇਹ ਪੰਥਕ ਮੁੱਦੇ ਨਹੀਂ ਹਨ?
ਇਥੇ ਇਹ ਵੀ ਵਰਨਣਯੋਗ ਹੈ ਕਿ ਜੇ ਇਤਿਹਾਸਕ ਤੱਥਾਂ ਵੱਲ ਵੇਖੀਏ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਖਾੜਕੂ ਲਹਿਰ ਨੂੰ ਲੋਂੜੀਦੀ ਹਿਮਾਇਤ ਅਤੇ ਸਪੇਸ ਸ਼੍ਰੋਮਣੀ ਅਕਾਲੀ ਦਲ ਨੇ ਹੀ ਮੁਹੱਈਆ ਕੀਤੀ ਹੈ।ਇਸ ਲਈ ਖਾੜਕੂ ਲਹਿਰ ਨੂੰ ਸਿੱਖਾਂ ਦੀਆਂ ਧਾਰਮਿਕ-ਰਾਜਸੀ ਗਤੀਵਿਧੀਆਂ ਨਾਲੋਂ ਤੋੜਿਆ ਨਹੀਂ ਜਾ ਸਕਦਾ ਅਤੇ ਇਹਨਾਂ ਸਰਗਰਮੀਆਂ ਨੂੰ ਚਲਾਉਣ ਵਾਲਾ ਸ਼੍ਰੋਮਣੀ ਅਕਾਲੀ ਦਲ ਹੀ ਰਿਹਾ ਹੈ।
ਹੁਣ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੀ ਸਿੱਖ ਮੁੱਦਿਆਂ ਉੱਤੇ ਕੁਝ ਜ਼ਿਅਦਾ ਹੀ ਸਰਗਰਮ ਵਿਖਾਈ ਦਿੰਦੇ ਹਨ। ਪਰ, ਇੱਕ ਵਰੀ ਫਿਰ ਪੰਥਕ ਏਜੰਡੇ ਵੱਲ ਮੁੜਣ ਦੀ ਕੋਸ਼ਿਸ਼ ਕਰਨ ਵਾਲੇ ਆਗੂਆਂ ਨੂੰ ਨਿਰਾਪੁਰਾ ਆਪਣੇ ਨਿਰੋਲ ਸਿਆਸੀ ਹਿੱਤਾਂ ਨੂੰ ਹੀ ਅੱਗੇ ਨਹੀਂ ਰੱਖਣਾ ਚਹੀਦਾ ਕਿਉਂਕਿ ਇਹ ਸਿਰੇ ਦੀ ਮੌਕਾਪ੍ਰਤੀ ਹੋਵੇਗੀ, ਪਰ ਸੱਚ ਇਹ ਵੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੀ ਸਾਰੀ ਸਿਆਸਤ ਹੀ ਮੌਕਾਪ੍ਰਸਤੀ ਵਾਲੀ ਰਹੀ ਹੈ।
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚਾਹੀਦਾ ਹੈ ਕਿ ਉਹ ੧੯੯੭ ਦੀਆਂ ਚੋਣਾਂ ਸਮੇਂ ਕੀਤਾ ਆਪਣਾ ਵਾਅਦਾ ਨਿਭਾਉਂਦਿਆਂ ਪੰਜਾਬ ਵਿਚ ਪੈਦਾ ਹੋਏ ਖਾੜਕੂਵਾਦ ਦੀ ਅਦਾਲਤੀ ਜਾਂਚ ਕਰਾਉਣ ਦਾ ਹੁਕਮ ਦੇਣ ਅਤੇ ਲਾਪਤਾ ਨੌਜਵਾਨਾਂ ਦੇ ਕੇਸ ਵੀ ਇਸ ਜਾਂਚ ਦਾ ਹਿੱਸਾ ਹੋਣ।ਇਹ ਜਾਂਚ ਸਮਾਂਬੱਧ ਹੋਣੀ ਚਾਹੀਦੀ ਹੈ।ਇਸ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸਿੱਖ ਮੁੱਦਿਆਂ ਪ੍ਰਤੀ ਵਚਨਬੱਧਤਾ ਵੀ ਜੱਗ ਜ਼ਾਹਰ ਹੋ ਜਾਵੇਗੀ।

Facebook Comment
Project by : XtremeStudioz