Close
Menu

ਮਾਰਟਿਨ ਗੁਪਟਿਲ ਅੱਗੇ ਕ੍ਰਿਸ ਗੇਲ ਹੋਇਆ ਫੇਲ, ਨਿਊਜ਼ੀਲੈਂਡ ਸੈਮੀਫਾਈਨਲ ‘ਚ

-- 21 March,2015

ਵੇਲਿੰਗਟਨ- ਮਾਰਟਿਨ ਗੁਪਟਿਲ (237*) ਦੇ ਰਿਕਾਰਡ ਦੋਹਰੇ ਸੈਂਕੜੇ ਅਤੇ ਫਿਰ ਟ੍ਰੇਂਟ ਬੋਲਟ (44 ਰਨ ‘ਤੇ 4 ਵਿਕਟ) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਨਿਊਜ਼ੀਲੈਂਡ ਨੇ ਸ਼ਨੀਵਾਰ ਨੂੰ ਚੌਥੇ ਤੇ ਆਖ਼ਰੀ ਕੁਆਰਟਰ ਫਾਈਨਲ ‘ਚ ਵੈਸਟਇੰਡੀਜ਼ ਵਿਰੁੱਧ 143 ਦੌੜਾਂ ਦੇ ਵੱਡੇ ਫ਼ਰਕ ਨਾਲ ਜਿੱਤ ਦਰਜ ਕਰਕੇ ਸੈਮੀਫਾਈਨਲ ‘ਚ ਥਾਂ ਬਣਾ ਲਈ, ਜਿੱਥੇ ਉਸ ਦਾ ਮੁਕਾਬਲਾ ਦੱਖਣੀ ਅਫਰੀਕਾ ਨਾਲ ਹੋਵੇਗਾ।
ਨਿਊਜ਼ੀਲੈਂਡ ਤੇ ਵੈਸਟਇੰਡੀਜ਼ ਵਿਚਾਲੇ ਮੁਕਾਬਲੇ ‘ਚ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੌੜਾਂ ਦੀ ਮੀਂਹ ਵਰ੍ਹਦਾ ਰਿਹਾ ਅਤੇ ਮੈਚ ਦੇਖ ਰਹੇ ਪ੍ਰਸ਼ੰਸਕਾਂ ਨੂੰ ਇਕ ਰੋਮਾਂਚਕ ਮੁਕਾਬਲਾ ਜ਼ਰੂਰ ਦੇਖਣ ਨੂੰ ਮਿਲਿਆ।
ਵੈਸਟਇੰਡੀਜ਼ ਨੇ ਭਾਵੇਂ ਹੀ ਮੈਚ ਨੂੰ ਗਵਾਇਆ ਪਰ ਉਸ ਦੇ ਬੱਲੇਬਾਜ਼ਾਂ ਨੇ ਵੱਡੇ ਸਕੋਰ ਨਾਲ ਲੜਨ ਦਾ ਸੰਘਰਸ਼ ਕੀਤਾ ਅਤੇ ਕੀਵੀ ਗੇਂਦਬਾਜ਼ਾਂ ਦੀ ਅਖ਼ੀਰ ਤੱਕ ਧੁਲਾਈ ਕਰਦੇ ਹੋਏ ਅੰਤ ਤੱਕ ਸ਼ਾਨਦਾਰ ਸ਼ਾਟਸ ਲਗਾਉਂਦੇ ਹੋਏ ਕੁੱਲ 16 ਛੱਕੇ ਤੇ 23 ਚੌਕੇ ਜੜ੍ਹ ਕੇ ਸ਼ਾਨ ਨਾਲ ਟੂਰਨਾਮੈਂਟ ਤੋਂ ਵਿਦਾਈ ਲਈ।
ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ‘ਚ 6 ਵਿਕਟਾਂ ‘ਤੇ 393 ਦੌੜਾਂ ਦਾ ਜਬਰਦਸਤ ਸਕੋਰ ਖੜ੍ਹਾ ਕਰ ਦਿੱਤਾ, ਜਿਸ ਦੇ ਜਵਾਬ ‘ਚ ਵੈਸਟਇੰਡੀਜ਼ ਨੇ 30.3 ਓਵਰਾਂ ‘ਚ ਸਾਰੀਆਂ ਵਿਕਟਾਂ ਗਵਾ ਕੇ 250 ਰਨ ਬਣਾਏ।
ਟੀਚੇ ਦਾ ਪਿੱਛਾ ਕਰਨ ਉਤਰੀ ਵੈਸਟਇੰਡੀਜ਼ ਟੀਮ ਵਲੋਂ ਕ੍ਰਿਸ ਗੇਲ ਨੇ 33 ਗੇਂਦਾਂ ‘ਚ 2 ਚੌਕੇ ਤੇ 8 ਛੱਕਿਆਂ ਨਾਲ 61 ਦੌੜਾਂ ਬਣਾਈਆਂ। ਕਪਤਾਨ ਜੇਸਨ ਹੋਲਡਰ ਨੇ ਵੀ 26 ਗੇਂਦਾਂ ‘ਚ 42 ਦੌੜਾਂ ਦੀ ਤੇਜ਼-ਤਰਾਰ ਪਾਰੀ ਖੇਡੀ, ਪਰ ਜਿੱਤ ਲਈ ਇਹ ਕਾਫ਼ੀ ਨਹੀਂ ਸੀ। ਬਾਕੀ ਬੱਲੇਬਾਜ਼ਾਂ ‘ਚੋਂ ਜਾਨਸਨ ਚਾਰਲਸ ਨੇ 3, ਲੇਂਡਲ ਸਿਮੰਸ ਨੇ 12, ਮਾਰਲਨ ਸੈਮੂਅਲਸ ਨੇ 27, ਦਿਨੇਸ਼ ਰਾਮਦੀਨ ਨੇ ਜ਼ੀਰੋ, ਜੋਨਾਥਨ ਕਾਰਟਰ ਨੇ 32, ਡੈਰੇਨ ਸੈਮੀ ਨੇ 27, ਆਂਦ੍ਰੇ ਰਸੇਲ ਨੇ 20 ਤੇ ਜੇਮਸ ਟੇਲਰ ਨੇ 11 ਦੌੜਾਂ ਬਣਾਈਆਂ।
ਨਿਊਜ਼ੀਲੈਂਡ ਵਲੋਂ ਟ੍ਰੇਂਟ ਬੌਲਟ ਨੇ 4, ਜਦਕਿ ਵਿਟੋਰੀ ਤੇ ਐਡਮ ਮਿਲਨੇ ਨੇ 2-2 ਵਿਕਟਾਂ ਝਟਕਾਈਆਂ।
ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਗੁਪਟਿਲ ਨੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਖੇਡਦਿਆਂ ਆਪਣੀ ਟੀਮ ਨੂੰ ਮਜਬੂਤ ਸਕੋਰ ਤੱਕ ਪਹੁੰਚਾਇਆ।
ਕਪਤਾਨ ਬ੍ਰੈਂਡਨ ਮੈਕੂਲਮ ਨੇ 12, ਕੇਨ ਵਿਲੀਅਮਸ ਨੇ 33, ਰਾਸ ਟੇਲਰ ਨੇ 42, ਕੋਰੀ ਐਂਡਰਸਨ ਨੇ 15, ਗ੍ਰਾਂਟ ਇਲੀਅਟ ਨੇ 27 ਅਤੇ ਲਿਊਕ ਰੋਂਚੀ ਨੇ 9 ਦੌੜਾਂ ਬਣਾਈਆਂ। ਗੁਪਟਿਲ ਨੂੰ ਮੈਨ ਆਫ ਦੀ ਮੈਚ ਐਲਾਨਿਆ ਗਿਆ।

Facebook Comment
Project by : XtremeStudioz