Close
Menu

ਮਿਆਂਮਾਰ ਵਿੱਚ ਵਿਦਿਆਰਥੀਆਂ ’ਤੇ ਵਰ੍ਹੀਆਂ ਪੁਲੀਸ ਦੀਆਂ ਡਾਂਗਾਂ

-- 10 March,2015

ਲੇਤਪਾਦਾਂ (ਮਿਆਂਮਾਰ), ਮਿਆਂਮਾਰ ਪੁਲੀਸ ਨੇ ਅੱਜ ਇਥੇ ਸਿੱਖਿਆ ਸੁਧਾਰਾਂ ਲਈ ਮੁਜ਼ਾਹਰਾ ਕਰ ਰਹੇ ਵਿਦਿਆਰਥੀ ਕਾਰਕੁਨਾਂ ’ਤੇ ਭਾਰੀ ਲਾਠੀਚਾਰਜ ਕੀਤਾ।
ਨੌਜਵਾਨ ਕਾਰਕੁਨਾਂ ਤੇ ਭਿਖਸ਼ੂਆਂ ਸਮੇਤ ਮੁਜ਼ਾਹਰਾਕਾਰੀਆਂ ਨੂੰ ਪੁਲੀਸ ਨੇ ਲੇਤਪਾਦਾਂ ਸ਼ਹਿਰ ਦੀਆਂ ਸੜਕਾਂ ’ਤੇ ਦੁੜਾਇਆ ਅਤੇ ਕੁੱਟਮਾਰ ਕੀਤੀ। ਇਸ ਤੋਂ ਪਹਿਲਾਂ ਦੇਸ਼ ਦੇ ਮੁੱਖ ਸ਼ਹਿਰ ਯਾਂਗੋਨ ਵਿੱਚ ਅਧਿਕਾਰੀਆਂ ਨੇ ਵਿਦਿਆਰਥੀਆਂ ਦੀ ਰੈਲੀ ਨਾ ਹੋਣ ਦਿੱਤੀ। ਵਿਦਿਆਰਥੀ ਕਾਰਕੁਨਾਂ ਵੱਲੋਂ ਪਿਛਲੇ ਕੁਝ ਮਹੀਨਿਆਂ ਤੋਂ ਸਿੱਖਿਆ ਸੁਧਾਰਾਂ ਲਈ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਸਨ। ਲੇਤਪਾਦਾਂ ਵਿੱਚ ਵਿਦਿਆਰਥੀਆਂ ਨੇ ਯਾਂਗੋਨ ਸ਼ਹਿਰ ਵੱਲ ਮਾਰਚ ਕਰਨ ਦਾ ਯਤਨ ਕੀਤਾ ਪਰ ਪੁਲੀਸ ਨੇ ਉਨ੍ਹਾਂ ਨੂੰ ਇਕ ਬੋਧੀ ਮੱਠ ਲਾਗੇ ਰੋਕ ਲਿਆ। ਇਕ ਮੁਜ਼ਾਹਰਾਕਾਰੀ ਨੇ ‘ਏ.ਐਫ.ਪੀ.’ ਨੂੰ ਦੱਸਿਆ ਕਿ ਉਸ ਨੇ 70 ਦੇ ਕਰੀਬ ਹੋਰਨਾਂ ਮੁਜ਼ਾਹਰਾਕਾਰੀਆਂ ਨਾਲ ਮੱਠ ਵਿੱਚ ਸ਼ਰਨ ਲਈ ਸੀ ਪਰ ਪੁਲੀਸ ਨੇ ਇਮਾਰਤ ਘੇਰ ਲਈ। ਉਸ ਨੇ ਦੱਸਿਆ, ‘‘ਪੁਲੀਸ ਨੇ ਸਾਨੂੰ ਕੁੱਟਿਆ ਹੈ। ਅਸੀਂ ਇਸ ਕਿਸਮ ਦੀ ਕਾਰਵਾਈ ਬਰਦਾਸ਼ਤ ਨਹੀਂ ਕਰਾਂਗੇ।’’
ਏਜੰਸੀ ਦੇ ਇਕ ਪੱਤਰਕਾਰ ਮੁਤਾਬਕ ਇਸ ਤੋਂ ਥੋੜ੍ਹੀ ਦੇਰ ਬਾਅਦ ਪੁਲੀਸ ਮੱਠ ਵਿੱਚ ਦਾਖਲ ਹੋ ਗਈ। ਮੁਜ਼ਾਹਰਾਕਾਰੀਆਂ ਦੀ ਇਸ ਤੋਂ ਪਹਿਲਾਂ ਵੀ ਪੁਲੀਸ ਨਾਲ ਝੜਪ ਹੋਈ ਸੀ ਜਦੋਂ ਉਨ੍ਹਾਂ ਪੁਲੀਸ ਵੱਲੋਂ ਲਾਈਆਂ ਰੋਕਾਂ ਹਟਾਉਣ ਦੀ ਕੋਸ਼ਿਸ਼ ਕੀਤੀ। ਇਕ ਕਾਰਕੁਨ ਨੇ ਦੱਸਿਆ ਕਿ ਉਨ੍ਹਾਂ ਦਾ ਮੁਜ਼ਾਹਰਾ ਸ਼ਾਂਤਮਈ ਸੀ ਅਤੇ ਅਧਿਕਾਰੀਆਂ ਨੂੰ ਕਾਫੀ ਦੇਰ ਪਹਿਲਾਂ ਸੂਚਿਤ ਕਰ ਦਿੱਤਾ ਗਿਆ ਸੀ।
ਸਰਕਾਰ ਨੇ ਸ਼ੁੱਕਰਵਾਰ ਨੂੰ ਪੁਲੀਸ ਵੱਲੋਂ ਕੀਤੀ ਕਾਰਵਾਈ ਨੂੰ ਸਹੀ ਠਹਿਰਾਇਆ ਕਿ ਯਾਂਗੋਨ ਵਿੱਚ ਕੀਤੀ ਜਾ ਰਹੀ ਇਹ ਰੈਲੀ ਅਣ-ਅਧਿਕਾਰਤ ਸੀ। ਮੁਜ਼ਾਹਰਾਕਾਰੀਆਂ ਨੇ ਇਹ ਵੀ ਦੋਸ਼ ਲਾਇਆ ਸੀ ਕਿ ਚਿੱਟ-ਕੱਪੜੀਏ ਪੁਲੀਸ ਕਰਮੀਆਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ। ਪੁਲੀਸ ਨੇ ਅੱਠ ਕਾਰਕੁਨਾਂ ਨੂੰ ਹਿਰਾਸਤ ਵਿੱਚ ਲਿਆ ਜਿਸ ਤੋਂ ਕਾਫੀ ਰੋਸ ਫੈਲ ਗਿਆ। ਮਿਆਂਮਾਰ ਵਿੱਚ ਵਿਦਿਆਰਥੀ ਕਾਰਕੁਨ ਦੇਸ਼ ਦੀ ਜ਼ਬਰਦਸਤ   ਸਿਆਸੀ ਸ਼ਕਤੀ ਮੰਨੇ ਜਾਂਦੇ ਹਨ। ਮਿਆਂਮਾਰ ਵਿੱਚ ਚੱਲੇ ਕਈ ਵੱਡੇ ਅੰਦੋਲਨਾਂ ’ਚ ਨੌਜਵਾਨ ਕਾਰਕੁਨਾਂ ਨੇ ਅਹਿਮ ਭੂਮਿਕਾ ਨਿਭਾਈ ਸੀ।

Facebook Comment
Project by : XtremeStudioz