Close
Menu

ਮਿਉਂਸਿਪਲ ਚੋਣਾਂ: ਮੇਅਰ ਦੀ ਕੁਰਸੀ ਹਾਸਲ ਨਹੀਂ ਕਰ ਸਕੇ ਪੰਜਾਬੀ ਉਮੀਦਵਾਰ

-- 23 October,2018

ਵੈਨਕੂਵਰ, 23 ਅਕਤੂਬਰ
ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀਆਂ 162 ਮਿਉਂਸਿਪਲ ਕਮੇਟੀਆਂ ਲਈ ਅੱਜ ਹੋਈਆਂ ਚੋਣਾਂ ਵਿਚ ਕੋਈ ਪੰਜਾਬੀ ਮੇਅਰ ਨਹੀਂ ਬਣ ਸਕਿਆ। ਮੇਅਰ ਲਈ ਸਰੀ ਤੋਂ ਜੇਤੂ ਰਹੇ ਡੱਗ ਮੁਕਲਮ ਦੀ ਸਲੇਟ (ਗਰੁੱਪ) ਦੇ ਮਨਦੀਪ ਨਾਗਰਾ ਤੇ ਜੈਕ ਹੁੰਦਲ ਦੇ ਕੌਂਸਲਰ ਬਣਨ ਕਰਕੇ ਪੰਜਾਬੀਆਂ ਨੂੰ ਕੁਝ ਰਾਹਤ ਮਹਿਸੂਸ ਹੋਈ ਹੈ।
ਚੋਣ ਜਿੱਤਣ ਲਈ ਗ਼ਲਤ ਹਥਕੰਡੇ ਅਪਣਾਉਣ ਦੀ ਮੀਡੀਆ ਚਰਚਾ ਹੀ ਸ਼ਾਇਦ ਤਿੰਨ ਵਾਰ ਕੌਂਸਲਰ ਰਹੇ ਤੇਜਿੰਦਰਪਾਲ ਸਿੰਘ ਉਰਫ ਟੌਮ ਗਿੱਲ ਨੂੰ ਮੇਅਰ ਕੁਰਸੀ ਤੋਂ ਦੂਰ ਲੈ ਗਈ। ਇਕ ਐਮਪੀ ਤੇ ਇਕ ਵਿਧਾਇਕ ਦੇ ਵੈਨਕੂਵਰ ਤੇ ਨਨੈਮੋ ਦੇ ਮੇਅਰ ਚੁਣੇ ਜਾਣ ਕਾਰਨ ਅਗਲੇ ਮਹੀਨੇ ਦੋ ਉਪ ਚੋਣਾਂ ਲਈ ਰਾਹ ਪੱਧਰਾ ਹੋ ਗਿਆ। ਐਬਟਸਫੋਰਡ ਵਿਚ ਵੀ ਹੈਨਰੀ ਬਰੌਨ, ਮੋਅ ਗਿੱਲ ਨੂੰ ਹਰਾ ਕੇ ਮੇਅਰ ਬਣ ਗਏ ਹਨ। ਇਸ ਵਾਰ ਦੀਆਂ ਮਿਉਂਸਿਪਲ ਚੋਣਾਂ ਦੀ ਖ਼ਾਸ ਗੱਲ ਇਹ ਰਹੀ ਕਿ ਵੋਟ ਫ਼ੀਸਦੀ ਪਿਛਲੀਆਂ ਚੋਣਾਂ ਤੋਂ ਕੁਝ ਵੱਧ ਰਹੀ। ਸਰੀ ਵਿਚ ਹੋਈ ਅਗਾਊਂ ਪੋਲਿੰਗ ਵਿਚ ਲੋਕਾਂ ਨੇ ਕਾਫ਼ੀ ਉਤਸ਼ਾਹ ਵਿਖਾਇਆ। ਸਰੀ ਦੀ ਹੋਰ ਸ਼ਹਿਰਾਂ ਤੋਂ ਵੱਖਰੀ ਗੱਲ ਇਹ ਰਹੀ ਕਿ ਸਰੀ ਸੇਫ ਦੀ ਸਾਰੀ ਸਲੇਟ ਹੀ ਸਮੁੱਚੀ ਕੌਂਸਲ ’ਤੇ ਕਾਬਜ਼ ਹੋਈ ਹੈ। ਦੂਜੀਆਂ ਸਲੇਟਾਂ ਦੇ ਮੇਅਰਾਂ ਦੇ ਨਾਲ ਨਾਲ ਕੌਂਸਲਰਾਂ ਨੂੰ ਵੀ ਵੋਟਰਾਂ ਨੇ ਨਕਾਰਿਆ, ਜਦੋਂਕਿ ਹੋਰ ਸ਼ਹਿਰਾਂ ਵਿਚ ਅਜਿਹਾ ਪ੍ਰਭਾਵ ਬਹੁਤ ਘੱਟ ਰਿਹਾ।
ਰਾਤ ਅੱਠ ਵਜੇ ਵੋਟਾਂ ਪੈਣ ਦਾ ਸਮਾਂ ਖਤਮ ਹੋਣ ਦੇ ਨਾਲ ਹੀ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਸੀ। ਕੈਨੇਡੀ ਸਟੀਵਰਟ ਜਿਸ ਨੇ ਐਮਪੀ ਵਜੋਂ ਅਸਤੀਫ਼ਾ ਦੇ ਕੇ ਵੈਨਕੂਵਰ ਦੇ ਮੇਅਰ ਦੀ ਚੋਣ ਲੜੀ, ਨੇ ਜਿੱਤ ਹਾਸਲ ਕੀਤੀ। ਇੰਜ ਸੂਬੇ ਦੀ ਸੱਤਾਧਾਰੀ ਪਾਰਟੀ ਦੇ ਇਕ ਵਿਧਾਇਕ ਨੇ ਨਨੈਮੋ ਦੇ ਮੇਅਰ ਦੀ ਚੋਣ ਜਿੱਤ ਕੇ ਸੱਤਾਧਾਰੀਆਂ ਨੂੰ ਫਿਰ ਤੋਂ ਬਹੁਮਤ ਦੇ ਇਮਤਿਹਾਨ ਵਿਚ ਪਾ ਦਿੱਤਾ ਹੈ। ਜੇ ਉਹ ਵਿਧਾਇਕ ਵਜੋਂ ਅਸਤੀਫ਼ਾ ਦੇਵੇਗਾ ਤਾਂ ਗੱਠਜੋੜ ਸਰਕਾਰ ਬਹੁਮਤ ਗਵਾ ਲਵੇਗੀ।
ਹੋਰ ਸ਼ਹਿਰਾਂ ਦੇ ਜੇਤੂ ਮੇਅਰਾਂ ਵਿਚ ਐਬਟਸਫੋਰਡ ਤੋਂ ਹੈਨਰੀ ਬਰਾਊਨ, ਲੈਗਲੀ ਤੋਂ ਜੈਕ ਫਰੋਜ਼ੀ, ਨਿਊ ਵੈਸਟ ਤੋਂ ਜੋਨਾਥਨ ਕੋਟ, ਕੋਕੁਇਟਲਮ ਤੋਂ ਰਿਚਰਡ ਸਟੀਵਰਟ, ਪਿਟ ਮੀਡੋ ਤੋਂ ਬਿੱਲ ਡਿੰਗਵਾਲ, ਮਿਸ਼ਨ ਤੋਂ ਪਾਮ ਅਲੈਕਸਿਸ, ਬਰਨਬੀ ਤੋਂ ਮਾਈਕ ਹਾਰਲੇ, ਡੈਲਟਾ ਤੋਂ ਜਾਰਜ ਹਾਰਵੀ, ਵਾਈਟ ਰੌਕ ਤੋਂ ਡੈਰੀ ਵਾਕਰ, ਮੈਪਲ ਰਿੱਜ ਤੋਂ ਮਾਈਕ ਮਾਰਡਨ ਦੇ ਨਾਂ ਸ਼ਾਮਲ ਹਨ।

Facebook Comment
Project by : XtremeStudioz