Close
Menu

ਮਿਤਾਲੀ ਤੇ ਹਰਮਨਪ੍ਰੀਤ ਦੀ ਬੀਸੀਸੀਆਈ ਦੇ ਅਧਿਕਾਰੀਆਂ ਨਾਲ ਮੁਲਾਕਾਤ

-- 27 November,2018

ਨਵੀਂ ਦਿੱਲੀ, 27 ਨਵੰਬਰ
ਭਾਰਤੀ ਮਹਿਲਾ ਟੀ-20 ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਅਤੇ ਇੱਕ ਰੋਜ਼ਾ ਦੀ ਕਪਤਾਨ ਮਿਤਾਲੀ ਰਾਜ ਨੇ ਅੱਜ ਬੀਸੀਸੀਆਈ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਚੋਣ ਮਾਮਲੇ ਬਾਰੇ ਆਪਣੀ ਰਾਇ ਰੱਖੀ। ਵਿਸ਼ਵ ਟੀ-20 ਸੈਮੀ ਫਾਈਨਲ ਵਿੱਚ ਇੰਗਲੈਂਡ ਹੱਥੋਂ ਹਾਰ ਮਗਰੋਂ ਭਾਰਤੀ ਕ੍ਰਿਕਟ ਟੀਮ ਦੀ ਚੋਣ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ।
ਮਿਤਾਲੀ ਨੂੰ ਫਿੱਟ ਹੋਣ ਦੇ ਬਾਵਜੂਦ ਟੀਮ ਤੋਂ ਬਾਹਰ ਰੱਖਿਆ ਗਿਆ ਸੀ। ਹਰਮਨਪ੍ਰੀਤ ਨੇ ਅੱਠ ਵਿਕਟਾਂ ਨਾਲ ਹਾਰ ਦੇ ਬਾਵਜੂਦ ਇਸ ਫ਼ੈਸਲੇ ਨੂੰ ਸਹੀ ਠਹਿਰਾਇਆ ਸੀ। ਇਨ੍ਹਾਂ ਦੋਵਾਂ ਸੀਨੀਅਰ ਖਿਡਾਰਨਾਂ ਅਤੇ ਮੈਨੇਜਰ ਤ੍ਰਿਪਤੀ ਭੱਟਾਚਾਰੀਆ ਨੇ ਬੀਸੀਸੀਆਈ ਸੀਈਓ ਰਾਹੁਲ ਜੌਹਰੀ ਅਤੇ ਜਨਰਲ ਮੈਨੇਜਰ (ਕ੍ਰਿਕਟ ਸੰਚਾਲਨ) ਸਬਾ ਕਰੀਮ ਨਾਲ ਮੁਲਾਕਾਤ ਕੀਤੀ। ਜੌਹਰੀ ਨੇ ਇਸ ਖ਼ਬਰ ਏਜੰਸੀ ਨੂੰ ਕਿਹਾ, ‘‘ਹਾਂ, ਅਸੀਂ (ਜੌਹਰੀ ਅਤੇ ਕਰੀਮ) ਮਿਤਾਲੀ, ਹਰਮਨ ਅਤੇ ਮੈਨੇਜਰ ਤ੍ਰਿਪਤੀ ਭੱਟਾਚਾਰੀਆ ਨੂੰ ਮਿਲੇ। ਇਨ੍ਹਾਂ ਸਾਰਿਆਂ ਨੇ ਸਾਡੇ ਨਾਲ ਵੱਖ-ਵੱਖ ਮੁਲਾਕਾਤ ਅਤੇ ਆਪਣਾ ਪੱਖ ਰੱਖਿਆ।’’ ਉਨ੍ਹਾਂ ਨੇ ਮੀਟਿੰਗ ਬਾਰੇ ਵਿਸਤਾਰ ’ਚ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।
ਉਮੀਦ ਮੁਤਾਬਕ ਜੌਹਰੀ ਅਤੇ ਕਰੀਮ ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਸਾਹਮਣੇ ਰਿਪੋਰਟ ਰੱਖਣਗੇ, ਜੋ ਇਸ ਦਾ ਮੁਲੰਕਣ ਕਰੇਗੀ ਅਤੇ ਲੋੜ ਪਈ ਤਾਂ ਸਬੰਧਿਤ ਵਿਅਕਤੀਆਂ ਨਾਲ ਗੱਲ ਕਰੇਗੀ। ਕਿਆਸੇ ਲਗਾਏ ਜਾ ਰਹੇ ਹਨ ਕਿ ਸੀਓਏ ਦੇ ਇੱਕ ਮੈਂਬਰ ਨੇ ਮਿਤਾਲੀ ਨਾਲ ਗੱਲ ਕੀਤੀ, ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ।

Facebook Comment
Project by : XtremeStudioz