Close
Menu

ਮਿਤਾਲੀ ਦੇ ਸੈਂਕੜੇ ਦੀ ਬਦੌਲਤ ਭਾਰਤ ਨੇ ਆਸਟਰੇਲੀਆ-ਏ ਨੂੰ ਹਰਾਇਆ

-- 24 October,2018

ਮੁੰਬਈ : ਮਿਤਾਲੀ ਰਾਜ ਦੇ ਰਿਕਾਰਡ ਅਜੇਤੂ ਸੈਂਕੜੇ ਦੀ ਬਦੌਲਤ ਭਾਰਤ-ਏ ਨੇ ਬੁੱਧਵਾਰ ਨੂੰ ਆਸਟਰੇਲੀਆ-ਏ ਨੂੰ 28 ਦੌੜਾਂ ਨਾਲ ਹਰਾ ਕੇ 3 ਟੀ-20 ਮੈਚਾਂ ਦੀ ਸੀਰੀਜ਼ ਵਿਚ 2-0 ਦੀ ਬੜ੍ਹਤ ਹਾਸਲ ਕਰ ਲਈ ਹੈ। ਮਿਤਾਲੀ ਨੇ ਸਮ੍ਰਿਤੀ ਮੰਧਾਨਾ ਦੇ ਨਾਲ ਪਾਰੀ ਦੀ ਸ਼ੁਰੂਆਤ ਕੀਤੀ ਅਤੇ ਆਸਟਰੇਲੀਆ ਗੇਂਦਬਾਜ਼ਾਂ ਨੂੰ ਸਖਤ ਸਬਕ ਸਿਖਾਉਂਦਿਆਂ 61 ਗੇਂਦਾਂ ‘ਤੇ ਅਜੇਤੂ 105 ਦੌੜਾਂ ਬਣਾਈਆਂ। ਇਹ ਕਿਸੇ ਭਾਰਤੀ ਮਹਿਲਾ ਬੱਲੇਬਾਜ਼ ਦਾ ਟੀ-20 ਵਿਚ ਸਰਵਉੱਚ ਸਕੋਰ ਹੈ। ਇਸ ਤੋਂ ਪਹਿਲਾਂ ਦਾ ਰਿਕਾਰਡ ਸਮ੍ਰਿਤੀ (102) ਦੇ ਨਾਂ ‘ਤੇ ਸੀ। ਮਿਤਾਲੀ ਨੇ ਸਿਰਫ 31 ਗੇਂਦਾਂ ‘ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਸੀ ਜਦਕਿ ਸੈਂਕੜੇ ਲਈ ਉਸ ਨੇ 59 ਗੇਂਦਾਂ ਦਾ ਸਾਹਮਣਾ ਕੀਤਾ। ਉਸ ਦੀ ਇਸ ਸ਼ਾਨਦਾਰ ਪਾਰੀ ਦੀ ਬਦੌਲਤ ਭਾਰਤ ਨੇ 5 ਵਿਕਟਾਂ ‘ਤੇ 184 ਦੌੜਾਂ ਬਣਾਈਆਂ।
ਆਸਟਰੇਲੀਆ ਇਸ ਦੇ ਜਵਾਬ ‘ਚ 9 ਵਿਕਟਾਂ ‘ਤੇ 156 ਦੌੜਾਂ ਹੀ ਬਣਾ ਸਕੀ। ਸਮ੍ਰਿਤੀ, ਜੇਮਿਮਾ ਰੋਡ੍ਰਿਗਜ਼, ਡੀ ਹੇਮਲਤਾ ਅਤੇ ਅਨੁਜਾ ਪਾਟਿਲ (ਜੀਰੋ) ਜਲਦੀ ਪਵੇਲੀਅਨ ਪਰਤ ਗਈ ਪਰ ਮਿਤਾਲੀ ਕ੍ਰੀਜ਼ ‘ਤੇ ਖੜ੍ਹੀ ਰਹੀ। ਉਸ ਨੇ ਆਪਣੀ ਪਾਰੀ ਵਿਚ 18 ਚੌਕੇ ਅਤੇ 1 ਛੱਕਾ ਵੀ ਲਗਾਇਆ। ਕਪਤਾਨ ਹਰਮਨਪ੍ਰੀਤ ਕੌਰ (57), ਨੇ ਉਸ ਦਾ ਚੰਗਾ ਸਾਥ ਦਿੱਤਾ। ਇਨ੍ਹਾਂ ਦੋਵਾਂ ਨੇ 85 ਦੌੜਾਂ ਦੀ ਸਾਂਝੇਦਾਰੀ ਕੀਤੀ। ਹਰਮਨਪ੍ਰੀਤ ਦੀ ਪਾਰੀ ਵਿਚ 6 ਚੌਕੇ ਅਤੇ 3 ਛੱਕੇ ਸ਼ਾਮਲ ਹਨ। ਆਸਟਰੇਲੀਆ ਵਲੋਂ ਸਲਾਮੀ ਬੱਲੇਬਾਜ਼ ਤਾਹਿਲਾ ਮੈਕਗ੍ਰਾ ਨੇ ਸਭ ਤੋਂ ਵੱਧ 47 ਦੌੜਾਂ ਬਣਾਈਆਂ। ਭਾਰਤ ਦੇ ਵਲੋਂ ਦੀਪਤੀ ਸ਼ਰਮਾ, ਪੂਨਮ ਯਾਦਵ ਅਤੇ ਅਨੁਜਾ ਪਾਟਿਲ ਨੇ 2-2 ਵਿਕਟਾਂ ਹਾਸਲ ਕੀਤੀਆਂ।

Facebook Comment
Project by : XtremeStudioz