Close
Menu

ਮਿਤਾਲੀ ਦੇ ਸੈਂਕੜੇ ਦੇ ਬਾਵਜੂਦ ਭਾਰਤੀ ਮਹਿਲਾ ਟੀਮ ਹਾਰੀ

-- 17 September,2018

ਕਟੁਨਾਇਕੇ, ਕਪਤਾਨ ਮਿਤਾਲੀ ਰਾਜ ਦੇ ਸ਼ਾਨਦਾਰ ਸੈਂਕੜੇ ਦੇ ਬਾਵਜੂਦ ਭਾਰਤੀ ਮਹਿਲਾ ਟੀਮ ਨੂੰ ਸ੍ਰੀਲੰਕਾ ਹੱਥੋਂ ਤੀਜੇ ਅਤੇ ਆਖ਼ਰੀ ਇੱਕ ਰੋਜ਼ਾ ਮੈਚ ਵਿੱਚ ਅੱਜ ਤਿੰਨ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਭਾਰਤੀ ਟੀਮ ਨੇ ਇਹ ਲੜੀ 2-1 ਨਾਲ ਜਿੱਤ ਲਈ ਹੈ। ਮਿਤਾਲੀ ਦੀਆਂ 125 ਦੌੜਾਂ ਦੀ ਬਦੌਲਤ ਭਾਰਤੀ ਟੀਮ ਨੇ 50 ਓਵਰਾਂ ਵਿੱਚ ਪੰਜ ਵਿਕਟਾਂ ਪਿੱਛੇ 253 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ, ਪਰ ਸ੍ਰੀਲੰਕਾ ਨੇ 49.5 ਓਵਰਾਂ ਵਿੱਚ ਸੱਤ ਵਿਕਟਾਂ ’ਤੇ 257 ਦੌੜਾਂ ਬਣਾ ਕੇ ਮੈਚ ਜਿੱਤ ਲਿਆ।
ਦੋਵੇਂ ਟੀਮਾਂ ਇੱਕ ਰੋਜ਼ਾ ਲੜੀ ਮਗਰੋਂ ਹੁਣ ਪੰਜ ਮੈਚਾਂ ਦੀ ਟੀ-20 ਲੜੀ ਖੇਡਣਗੀਆਂ। ਮਿਤਾਲੀ ਰਾਜ ਨੇ ਆਪਣੇ ਕਰੀਅਰ ਦਾ ਸਤਵਾਂ ਇੱਕ ਰੋਜ਼ਾ ਸੈਂਕੜਾ ਅਤੇ ਸਰਵੋਤਮ ਸਕੋਰ ਬਣਾਇਆ। ਉਸ ਨੇ 143 ਗੇਂਦਾਂ ਦੀ ਆਪਣੀ ਪਾਰੀ ਦੌਰਾਨ 14 ਚੌਕੇ ਅਤੇ ਇੱਕ ਛੱਕਾ ਮਾਰਿਆ। ਮਿਤਾਲੀ ਨੇ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ (51) ਨਾਲ ਦੂਜੀ ਵਿਕਟ ਲਈ 102 ਦੌੜਾਂ, ਹਰਮਨਪ੍ਰੀਤ ਕੌਰ (17) ਨਾਲ ਤੀਜੀ ਵਿਕਟ ਲਈ 45 ਦੌੜਾਂ ਅਤੇ ਦੀਪਤੀ ਸ਼ਰਮਾ (38) ਨਾਲ ਪੰਜਵੀਂ ਵਿਕਟ ਲਈ 92 ਦੌੜਾਂ ਦੀ ਸਾਂਝੇਦਾਰੀ ਕੀਤੀ। ਮੰਧਾਨਾ ਨੇ 62 ਗੇਂਦਾਂ ਦੀ ਆਪਣੀ ਪਾਰੀ ਵਿੱਚ ਛੇ ਚੌਕੇ ਅਤੇ ਦੀਪਤੀ ਨੇ 44 ਗੇਂਦਾਂ ਵਿੱਚ ਚਾਰ ਚੌਕੇ ਮਾਰੇ।
ਭਾਰਤੀ ਕਪਤਾਨ ਦੇ ਸ਼ਾਨਦਾਰ ਸੈਂਕੜੇ ’ਤੇ ਸ੍ਰੀਲੰਕਾਈ ਕਪਤਾਨ ਚਾਮਰੀ ਅੱਟਾਪੱਟੂ ਦੇ ਸੈਂਕੜੇ ਨੇ ਪਾਣੀ ਫੇਰ ਦਿੱਤਾ। ਅੱਟਾਪੱਟੂ ਨੇ 133 ਗੇਂਦਾਂ ਵਿੱਚ 13 ਚੌਕੇ ਅਤੇ ਚਾਰ ਛੱਕੇ ਮਾਰਦਿਆਂ 115 ਦੌੜਾਂ ਬਣਾਈਆਂ ਅਤੇ ਆਪਣੀ ਟੀਮ ਦੀ ਜਿੱਤ ਨਾਲ ਇੱਜ਼ਤ ਰੱਖੀ। ਭਾਰਤ ਵੱਲੋਂ ਝੂਲਣ ਗੋਸਵਾਮੀ ਨੇ 39 ਦੌੜਾਂ ’ਤੇ ਦੋ ਵਿਕਟਾਂ ਅਤੇ ਮਾਨਸੀ ਜੋਸ਼ੀ ਨੇ 43 ਦੌੜਾਂ ’ਤੇ ਦੋ ਵਿਕਟਾਂ ਲਈਆਂ।

Facebook Comment
Project by : XtremeStudioz