Close
Menu

ਮਿਸ਼ਨ ਦੀ ਥਾਂ ਕਮਿਸ਼ਨ ‘ਤੇ ਕੰਮ ਕਰਨ ਵਾਲਿਆਂ ਦਾ ਭਾਂਡਾ ਫੁੱਟਿਆ-ਭਗਵੰਤ ਮਾਨ

-- 25 April,2019

-ਮਾਨਸ਼ਾਹੀਆਂ ਤੇ ਖਹਿਰਾ ਐਂਡ ਪਾਰਟੀ ਨੇ ‘ਆਪ’ ਦੇ ਹੀ ਨਹੀਂ ਸਮੁੱਚੇ ਪੰਜਾਬੀਆਂ ਦੀ ਪਿੱਠ ‘ਚ ਛੁਰਾ ਮਾਰਿਆ

ਚੰਡੀਗੜ੍ਹ, 25 ਅਪ੍ਰੈਲ 2019

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਾਰਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਵੱਲੋਂ ਕਾਂਗਰਸ ‘ਚ ਸ਼ਾਮਲ ਹੋਣ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਭਗਵੰਤ ਮਾਨ ਨੇ ਕਿਹਾ ਕਿ ਅੱਜ ਪੰਜਾਬ ਸਮੇਤ ਪੂਰੀ ਦੁਨੀਆ ‘ਚ ਵੱਸਦੇ ਪੰਜਾਬੀਆਂ ਸਾਹਮਣੇ ਇਸ ਜੁੰਡਲੀ ਦਾ ਭਾਂਡਾ ਫੁੱਟ ਗਿਆ ਹੈ ਕਿ ਇਹ ਲੋਕ ਆਮ ਆਦਮੀ ਪਾਰਟੀ (ਆਪ) ਦੇ ਸੱਚੇ-ਸੁੱਚੇ ਮਿਸ਼ਨ ‘ਤੇ ਨਹੀਂ, ਸਗੋਂ ਕੈਪਟਨ ਅਤੇ ਬਾਦਲਾਂ ਦੇ ਕਮਿਸ਼ਨ ‘ਤੇ ਕੰਮ ਕਰ ਰਹੇ ਹਨ।

‘ਆਪ’ ਵੱਲੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਇੱਕ ਸਾਫ਼-ਸੁਥਰੀ ਇਮਾਨਦਾਰ ਅਕਸ ਵਾਲੀ ਪਾਰਟੀ ‘ਆਪ’ ਦੇ ਦਮ ‘ਤੇ ਵਿਧਾਇਕ ਬਣਨ ਵਾਲੇ ਇਹਨਾਂ ਮੌਕਾਪ੍ਰਸਤ ਲੋਕਾਂ ਨੇ ਸਿਰਫ਼ ‘ਆਪ’ ਦੀ ਪਿੱਠ ‘ਚ ਹੀ ਛੁਰਾ ਨਹੀਂ ਮਾਰਿਆ ਸਗੋਂ ਆਪਣੇ ਹਲਕੇ ਭਰ ‘ਚ ਵੱਸਦੇ ਪੰਜਾਬੀਆਂ ਦੀ ਪਿੱਠ ‘ਚ ਵੀ ਛੁਰਾ ਮਾਰਿਆ ਹੈ, ਜਿੰਨਾ ਨੇ ਪਹਿਲਾਂ ਇਨ੍ਹਾਂ ਨੂੰ ਜਿਤਾਉਣ ਲਈ ਤਨੋ-ਮਨੋ-ਧਨੋਂ ਅੰਨ੍ਹੀ ਮਦਦ ਕੀਤੀ, ਫਿਰ ਪੰਜਾਬੀਅਤ, ਜ਼ਮੀਰ ਅਤੇ ਖ਼ੁਦਮੁਖ਼ਤਿਆਰੀ ਦੇ ਨਾਂ ‘ਤੇ ਗੁੰਮਰਾਹ ਹੋਏ।

ਭਗਵੰਤ ਮਾਨ ਨੇ ਕਿਹਾ ਕਿ ਇੱਕ ਵੱਡੀ ਸਾਜ਼ਿਸ਼ ਤਹਿਤ ਇਹ ਲੋਕ ਪਹਿਲਾਂ ‘ਆਪ’ ‘ਚ ਘੁੱਸੇ। ਵਿਧਾਇਕ ਬਣ ਕੇ ਪਾਰਟੀ ਨੂੰ ਬਦਨਾਮ ਕਰਨ ਅਤੇ ਤੋੜਨ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਅਤੇ ਹੁਣ ਚੋਣਾਂ ਪਹਿਲਾਂ ‘ਝਟਕਾ’ ਦੇਣ ਦੀ ਰਣਨੀਤੀ ਨਾਲ ਕਾਂਗਰਸ ਦਾ ਹੱਥ ਫੜਿਆ, ਪਰੰਤੂ ਪੰਜਾਬ ਦੇ ਲੋਕ ਪੂਰੀ ਤਰ੍ਹਾਂ ਸੁਚੇਤ ਹਨ ਅਤੇ ਇਸ ‘ਵਿਕਾਊ ਟੋਲੇ’ ਨੂੰ ਮੂੰਹ ਨਹੀਂ ਲਗਾਉਣਗੇ, ਕਿਉਂਕਿ ਇਨ੍ਹਾਂ ਮੌਕਾਪ੍ਰਸਤ ਨੇ ਉਸ ਹਰੇਕ ਪੰਜਾਬੀ ਦੀ ਉਮੀਦ ਨੂੰ ਝਟਕਾ ਦਿੱਤਾ ਹੈ ਜੋ ਦਹਾਕਿਆਂ ਤੋਂ ਕਾਂਗਰਸ ਅਤੇ ਅਕਾਲੀ-ਭਾਜਪਾ ਵਰਗੀਆਂ ਦੋਨੋਂ ਰਿਵਾਇਤੀ ਪਾਰਟੀਆਂ ਹੱਥੋਂ ਠੱਗੇ, ਲੁੱਟੇ ਅਤੇ ਕੁੱਟੇ ਜਾ ਰਹੇ ਹਨ।

ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ-ਭਾਜਪਾ ਪਿਛਲੇ 5-7 ਸਾਲਾਂ ਤੋਂ ਆਮ ਆਦਮੀ ਪਾਰਟੀ ਤੋਂ ਬੇਹੱਦ ਡਰੇ ਹੋਏ ਹਨ ਅਤੇ ਕਿਸੇ ਵੀ ਕੀਮਤ ‘ਤੇ ‘ਆਪ’ ਦਾ ਨਾਮੋ-ਨਿਸ਼ਾਨ ਖ਼ਤਮ ਕਰਨ ਲਈ ਤਰਲੋਮੱਛੀ ਹਨ। ਇਸ ਲਈ ‘ਆਪ’ ਵਿਰੁੱਧ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਹਰ ਸਾਜ਼ਿਸ਼ ਹੋਈ ਪਰੰਤੂ ‘ਆਪ’ ਦੀ ਇਮਾਨਦਾਰ ਅਤੇ ਲੋਕਾਂ ਨੂੰ ਸਮਰਪਿਤ ਪਾਰਟੀ ਵਾਲੀ ਛਵੀ ‘ਤੇ ਦਾਗ਼ ਨਹੀਂ ਲਗਾ ਸਕੇ।

ਭਗਵੰਤ ਮਾਨ ਨੇ ਦੋਸ਼ ਲਗਾਇਆ ਕਿ ‘ਆਪ’ ਵਿਰੁੱਧ ਸਾਜ਼ਿਸ਼ ਕਰਨ ਵਾਲੇ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਲਈ ਸੁਖਪਾਲ ਸਿੰਘ ਖਹਿਰਾ ਐਂਡ ਜੁੰਡਲੀ ਏਜੰਟ ਵਜੋਂ ਕੰਮ ਕਰ ਰਹੀ ਹੈ। ਇਸ ਕਰਕੇ ਅੱਜ ਖਹਿਰਾ ਅਤੇ ਉਸ ਦੀ ਜੁੰਡਲੀ ਖ਼ੁਦ ਜਿੱਤਣ ਦੀ ਥਾਂ ‘ਤੇ ਬਠਿੰਡਾ ਅਤੇ ਫ਼ਿਰੋਜ਼ਪੁਰ ‘ਚ ਬਾਦਲਾਂ ਨੂੰ ਜਿਤਾਉਣ ਅਤੇ ਸੰਗਰੂਰ ‘ਚ ਭਗਵੰਤ ਮਾਨ ਨੂੰ ਹਰਾਉਣ ਲਈ ‘ਕਮਿਸ਼ਨ’ ‘ਤੇ ਕੰਮ ਕਰ ਰਹੀ ਹੈ। ਠੀਕ ਇਹੋ ਏਜੰਡਾ ਕੈਪਟਨ ਅਮਰਿੰਦਰ ਸਿੰਘ ਦਾ ਹੈ। ਭਗਵੰਤ ਮਾਨ ਨੇ ਪੰਜਾਬ ਖ਼ਾਸ ਕਰਕੇ ਭੁਲੱਥ ਅਤੇ ਮਾਨਸਾ ਦੇ ਲੋਕਾਂ ਨੂੰ ਮੁਖ਼ਾਤਬ ਹੁੰਦਿਆਂ ਮਾਫ਼ੀ ਮੰਗੀ ਕਿ ਉਹ ਅਤੇ ‘ਆਪ’ ਲੀਡਰਸ਼ਿਪ ਪਾਰਟੀ ‘ਚ ਘੁੱਸੀਆਂ ‘ਕਾਲੀਆਂ ਭੇਡਾਂ’ ਦੀ ਪਹਿਚਾਣ ਨਹੀਂ ਕਰ ਸਕੀ ਜੋ ਪੰਜਾਬ ਦੀ ਆਧੁਨਿਕ ਕ੍ਰਾਂਤੀ ਦੇ ਅਸਲੀ ਕਾਤਲ ਹਨ ਅਤੇ ਹੁਣ ਸਾਬਤ ਹੋ ਚੁੱਕੇ ਹਨ।

Facebook Comment
Project by : XtremeStudioz