Close
Menu

ਮਿਸ਼ਨ ਮੰਗਲ: ਕਿਉਰੀਔਸਿਟੀ ਆਪਣੇ ਆਪ ਪੰਧ ਤੈਅ ਕਰਨ ਲੱਗਿਆ

-- 02 September,2013

ਵਾਸ਼ਿੰਗਟਨ, 2 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਨਾਸਾ ਵੱਲੋਂ ਮੰਗਲ  ’ਤੇ ਭੇਜੇ ਪੁਲਾੜੀ ਵਾਹਨ ਕਿਊਰੀਔਸਿਟੀ ਨੇ ਪਹਿਲੀ ਵਾਰ ਆਪਣੇ ਤੌਰ ’ਤੇ ਇਸ ਗ੍ਰਹਿ ’ਤੇ ਸਫ਼ਰ ਕੀਤਾ। ਇਸ ਵਾਹਨ ’ਚ ਇਹ ਸਮਰੱਥਾ ਹੈ ਕਿ ਇਸ ਗ੍ਰਹਿ ’ਤੇ ਸਫ਼ਰ ਲਈ ਆਪਣੇ ਸੁਰੱਖਿਅਤ ਪੰਧ ਲਈ ਇਹ ਆਪਣਾ ਰਾਹ ਆਪੇ ਤਲਾਸ਼ ਸਕਦਾ ਹੈ। ਇਸੇ ਦੌਰਾਨ ਮੰਗਲ ਤੋਂ ਨਜ਼ਰ ਆਉਂਦੇ ਸੂਰਜ ਗ੍ਰਹਿਣ ਦੀਆਂ ਸ਼ਾਨਦਾਰ ਤੇ ਬਹੁਤ ਸਪੱਸ਼ਟ ਤਸਵੀਰਾਂ ਵੀ  ਇਸ ਰਾਹੀਂ ਲਈਆਂ ਗਈਆਂ ਹਨ। ਪਹਿਲੀ ਵਾਰ ਤਸਵੀਰਾਂ ਦੇ ਨਤੀਜੇ ਇੰਨੇ ਸ਼ਾਨਦਾਰ ਆਏ ਹਨ।
ਇਸ ਪ੍ਰਣਾਲੀ ਤਹਿਤ ਇਹ ਪੁਲਾੜੀ ਵਾਹਨ ਚੱਲਣ ਦੌਰਾਨ ਤਸਵੀਰਾਂ ਲੈਂਦਾ ਹੈ, ਜਿਨ੍ਹਾਂ ਤੋਂ ਅੱਗੇ ਇਹ ਆਪਣੇ ਸੁਰੱਖਿਅਤ ਪੰਧ ਬਾਰੇ ਵੀ ਗਿਣਮਿੱਥ ਸਕਦਾ ਹੈ। ਇਸ ਤਰ੍ਹਾਂ ਇਹ ਵਾਹਨ ਹੁਣ ਉਸ ਖੇਤਰ ਤੋਂ ਪਾਰ ਵੀ ਸਥਿਤੀ ਦਾ ਜਾਇਜ਼ਾ ਲੈ ਕੇ ਫੈਸਲਾ ਕਰਨ ਦੇ ਸਮਰੱਥ ਹੈ, ਜਿੱਥੋਂ ਤਕ ਧਰਤੀ ’ਤੇ ਮਾਨਵੀ ਰੋਵਰ ਚਾਲਕ ਸਮੇਂ ਤੋਂ ਪਹਿਲਾਂ ਨਿਰਖ-ਪਰਖ ਸਕਦੇ ਹਨ।
27 ਅਗਸਤ ਨੂੰ ਕਿਊਰੀਔਸਿਟੀ ਨੇ ਮੰਗਲ ਗ੍ਰਹਿ ਦੀ ਉਸ ਸਤਹਿ ’ਤੇ ਵੀ ਪੰਧ ਤੈਅ ਕੀਤਾ, ਜਿੱਥੇ ਮੁਹਿੰਮ ਤੋਂ ਪਹਿਲਾਂ ਸੁਰੱਖਿਅਤ ਹੋਣ ਦੀ ਪੁਸ਼ਟੀ ਨਹੀਂ ਹੋਈ ਸੀ। ਇਹ ਇਸ ਦਾ ਪਹਿਲਾ ਅਜਿਹਾ ਪੰਧ ਸੀ।
ਕੈਲੀਫੋਰਨੀਆ ’ਚ ਨਾਸਾ ਦੀ ਜੈੱਟ ਪ੍ਰੋਪਲਸ਼ਨ ਲੈਬਾਰਟਰੀ ਪਾਸਾਡੇਨਾ ਦੇ ਰੋਵਰ ਚਾਲਕ ਤੇ ਰੋਵਰ ਮੋਬਿਲਿਟੀ ਇੰਜਨੀਅਰ ਮਾਰਕ ਮਾਇਮਨ ਨੇ ਦੱਸਿਆ ਕਿ ਕਿਊਰੀਔਸਿਟੀ ਪਹਿਲਾਂ ਕਈ ਚਿੱਤਰ ਲੈਂਦਾ ਹੈ ਤੇ ਫਿਰ ਇਸ ਦਾ ਕੰਪਿਊਟਰ ਕਿਸੇ ਜਿਓਮੈਟ੍ਰਿਕ ਖਤਰੇ ਜਾਂ ਉੱਚੀ-ਨੀਵੀਂ ਸਤਿਹ ਬਾਰੇ ਵਿਸ਼ਲੇਸ਼ਣ ਕਰਦਾ ਹੈ। ਕਿਸੇ ਵੀ ਮੰਜ਼ਿਲ ’ਤੇ ਜਾਂਦੇ ਵੱਖ-ਵੱਖ ਰਾਹਾਂ ਨੂੰ ਵਿਚਾਰ ਕੇ ਇਹ ਬਿਹਤਰ ਰਾਹ ’ਤੇ ਪੰਧ ਤੈਅ ਕਰਨ ਬਾਰੇ ਫੈਸਲਾ ਕਰਨ ਦੇ ਸਮਰੱਥ ਹੈ।
ਇਸ ਪੁਲਾੜੀ ਵਾਹਨ ਨੇ ਮੰਗਲ ਮਿਸ਼ਨ ਦੇ 376ਵੇਂ ਦਿਨ ਉਸ ਨਿਵਾਣ ਵਿੱਚੋਂ ਦੀ ਪੰਧ ਤੈਅ ਕੀਤਾ ਹੈ ਜਿਸ ਦੀ ਦਸ਼ਾ ਬਾਰੇ ਇਸ ਦੀ ਪਹਿਲੀ ਯਾਤਰਾ ਦੇ ਅਖੀਰਲੇ ਪੜਾਅ ’ਤੇ ਕੋਈ ਸੰਕੇਤ ਨਹੀਂ ਮਿਲੇ ਸਨ।
ਇਸੇ ਦੌਰਾਨ ਇਸ ਵਾਹਨ ਨੇ ਮੰਗਲ ਤੋਂ ਨਜ਼ਰ ਆਉਂਦੇ ਸੂਰਜ ਗ੍ਰਹਿਣ ਦੇ ਬੜੇ ਸਾਫ ਤੇ ਸਪੱਸ਼ਟ ਚਿੱਤਰ ਲਏ ਹਨ।
ਕਿਊਰੀਔਸਿਟੀ ’ਤੇ ਲਾਏ ਇਕ ਟੈਲੀ-ਫੋਟੋ ਲੈਨਜ਼ ਕੈਮਰਾ ਰਾਹੀਂ ਮੰਗਲ ਦੇ ਦੋ ਚੰਦਾਂ (ਫੋਬੋਸ) ਦੇ ਕਈ ਚਿੱਤਰ ਲਏ ਹਨ। ਇਸ ਚਿੱਤਰ ਸੂਰਜ ਦੇ ਐਨ ਸਾਹਮਣੇ ਦੀ ਸਥਿਤੀ ’ਚੋਂ ਲਏ ਗਏ ਹਨ। ਮੰਗਲ ਤੋਂ ਹੁਣ ਤਕ ਲਏ ਗਏ ਸੂਰਜ ਗ੍ਰਹਿਣ ਦੇ ਚਿੱਤਰਾਂ ’ਚੋਂ ਇਹ ਸਭ ਤੋਂ ਸਪੱਸ਼ਟ ਹਨ। ਇਹ ਫੋਬੋਸ ਸੂਰਜ ਨੂੰ ਪੂਰੀ ਤਰ੍ਹਾਂ ਢਕਦੇ ਨਹੀਂ ਹਨ। ਮੰਗਲ ਦੀ ਸਤਹਿ ਤੋਂ ਇਹੋ ਨਜ਼ਰ ਆਉਂਦਾ ਹੈ, ਇਸੇ ਕਰਕੇ ਇਹ ਸੂਰਜ ਗ੍ਰਹਿਣ ਚੱਕਰਦਾਰ ਜਾਂ ਛੱਲੇਦਾਰ ਜਿਹਾ ਹੁੰਦਾ ਹੈ।

Facebook Comment
Project by : XtremeStudioz