Close
Menu

ਮੁਆਫ਼ੀ ਕਾਂਡ: ਪੰਜਾਬ ਬੰਦ ਨੂੰ ਮੱਠਾ ਹੁੰਗਾਰਾ

-- 01 October,2015

ਚੰਡੀਗੜ੍ਹ, ਡੇਰਾ ਸਿਰਸਾ ਦੇ ਮੁਖੀ ਨੂੰ ਸ੍ਰੀ ਅਕਾਲ ਤਖ਼ਤ ਤੋਂ ਪੰਜ ਜਥੇਦਾਰਾਂ ਵੱਲੋਂ ਮੁਆਫ਼ੀ ਦੇਣ ਦੇ ਫੈਸਲੇ ਦਾ ਵਿਰੋਧ ਕਰ ਰਹੀਆਂ ਸਿੱਖ ਜਥੇਬੰਦੀਆਂ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਮੱਠਾ ਹੁੰਗਾਰਾ ਮਿਲਿਆ। ਮੋਗਾ ਵਿੱਚ ਬੰਦ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਕਾਰਕੁਨਾਂ ਉੱਤੇ ਪੁਲੀਸ ਨੇ ਲਾਠੀਚਾਰਜ ਕੀਤਾ, ਜਿਸ ਕਾਰਨ 8 ਜਣੇ ਫੱਟਡ਼ ਹੋ ਗਏ। ਕਈ ਥਾੲੀਂ ਪ੍ਰਮੁੱਖ ਆਗੂਆਂ ਨੂੰ ਪੁਲੀਸ ਨੇ ਸਵੇਰੇ ਹੀ ਗ੍ਰਿਫ਼ਤਾਰ ਕਰ ਲਿਆ ਸੀ। ਪ੍ਰਬੰਧਕਾਂ ਅਨੁਸਾਰ ਪੁਲੀਸ ਨੇ ਵੱਖ ਵੱਖ ਥਾਵਾਂ ਤੋਂ 25 ਸੌ ਦੇ ਕਰੀਬ ਕਾਰਕੁਨ ਗ੍ਰਿਫ਼ਤਾਰ ਕਰ ਕੇ ਸ਼ਾਮ ਨੂੰ ਰਿਹਾਅ ਕਰ ਦਿੱਤੇ।

ਵੱਖ ਵੱਖ ਸ਼ਹਿਰਾਂ ਵਿੱਚ ਦੁਕਾਨਦਾਰਾਂ ਨੇ ਸਵੇਰੇ ਦੁਕਾਨਾਂ ਖੋਲ੍ਹਣ ਤੋਂ ਗੁਰੇਜ਼ ਕੀਤਾ ਪਰ ਪੁਲੀਸ ਦੀ ਹੱਲਾਸ਼ੇਰੀ ਨਾਲ ਬਾਜ਼ਾਰ ਖੁੱਲ੍ਹਦੇ ਗਏ। ਮੋਗਾ ਵਿੱਚ ਦੁਕਾਨਾਂ ਬੰਦ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਅਕਾਲੀ ਦਲ (ਅ) ਅਤੇ ਹੋਰ ਜਥੇਬੰਦੀਆਂ ਦੇ ਕਾਰਕੁਨਾਂ ਉੱਤੇ ਲਾਠੀਚਾਰਜ ਕਰ ਕੇ ਉਨ੍ਹਾਂ ਨੂੰ ਖਦੇੜ ਦਿੱਤਾ। ਬੰਦ ਦੇ ਸਮਰਥਕ ਫ਼ਿਰੋਜ਼ਪੁਰ-ਫਾਜ਼ਿਲਕਾ ਸੜਕ ਉਤੇ ਜਾਮ ਲਾਉਣ ਵਿੱਚ ਕਾਮਯਾਬ ਰਹੇ। ਅੰਮ੍ਰਿਤਸਰ ਵਿੱਚ ਬੰਦ ਨੂੰ ਮਾਮੂਲੀ ਹੁੰਗਾਰਾ ਮਿਲਿਆ। ਦਰਬਾਰ ਸਾਹਿਬ ਨਜ਼ਦੀਕ ਦੁਕਾਨਾਂ ਖੁੱਲ੍ਹੀਆਂ ਰਹੀਆਂ। ਪੁਲੀਸ ਨੇ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਉਨ੍ਹਾਂ ਦੇ ਘਰ ਤਲਾਣੀਆਂ ਅਤੇ ਯੂਨਾਈਟਿਡ ਅਕਾਲੀ ਦਲ ਦੇ ਮੁਖੀ ਮੋਹਕਮ ਸਿੰਘ ਨੂੰ ਉਨ੍ਹਾਂ ਦੇ ਘਰਾਂ ਵਿੱਚ ਹੀ ਸਵੇਰ ਤੋਂ ਸ਼ਾਮ ਤੱਕ ਨਜ਼ਰਬੰਦ ਰੱਖਿਆ। ਬੰਦੀ ਸਿੱਖ ਸੰਘਰਸ਼ ਕਮੇਟੀ ਦੇ ਕਨਵੀਨਰ ਗੁਰਦੀਪ ਸਿੰਘ ਬਰਾੜ ਸਮੇਤ ਦੋ ਦਰਜਨ ਪੰਥਕ ਆਗੂਆਂ ਨੂੰ ਬਠਿੰਡਾ   ਸਥਿਤ ਗੁਰਦੁਆਰਾ ਸਿੰਘ ਸਭਾ ਤੋਂ ਬਾਹਰ ਨਿਕਲਦਿਆਂ ਹੀ ਗ੍ਰਿਫ਼ਤਾਰ ਕਰ ਲਿਆ। ਆਨੰਦਪੁਰ ਸਾਹਿਬ ਵਿੱਚ ਸਾਬਕਾ ਵਿਧਾਇਕ ਸੰਤ ਅਜੀਤ ਸਿੰਘ ਅਤੇ ਐਸਜੀਪੀਸੀ ਮੈੈਂਬਰ ਸੁਰਿੰਦਰ ਸਿੰਘ ਨੂੰ ਘਰਾਂ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ। ਗੁਰਦੀਪ ਸਿੰਘ ਬਠਿੰਡਾ ਨੇ ਦੋਸ਼ ਲਾਇਆ ਕਿ ਸਰਕਾਰ ਨੇ ਅੱਧੇ ਦਿਨ ਦੇ ਪੰਜਾਬ ਬੰਦ ਨੂੰ ਅਸਫ਼ਲ ਬਣਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਅਤੇ ਕਈ ਸ਼ਹਿਰਾਂ ਵਿੱਚ ਧੱਕੇ ਨਾਲ ਵੀ ਦੁਕਾਨਾਂ ਆਦਿ ਖੁਲ੍ਹਵਾਈਆਂ। ਉਨ੍ਹਾਂ ਆਖਿਆ ਕਿ ਸਰਕਾਰ ਦੀ ਇਸ ਧੱਕੇਸ਼ਾਹੀ ਕਾਰਨ ਪੰਜਾਬ ਬੰਦ ਨੂੰ ਭਾਵੇਂ ਮੱਠਾ ਹੁੰਗਾਰਾ ਮਿਲਿਆ ਪਰ ਉਹ ਆਪਣਾ ਸੁਨੇਹਾ ਛੱਡਣ ਵਿੱਚ ਸਫ਼ਲ ਰਹੇ ਹਨ। ਇਸ ਦੌਰਾਨ ਪੁਲੀਸ ਨੇ ਸੂਬੇ ਵਿੱਚੋਂ ਵੱਖ ਵੱਖ ਥਾਵਾਂ ਤੋਂ ਲਗਪਗ 2500 ਕਾਰਕੁਨਾਂ ਤੇ ਆਗੂਆਂ ਨੂੰ  ਹਿਰਾਸਤ ਵਿੱਚ ਲਿਆ ਹੈ, ਜਿਨ੍ਹਾਂ ਨੂੰ ਸ਼ਾਮ ਸਮੇਂ ਰਿਹਾਅ ਕੀਤਾ ਗਿਆ। ਹਿਰਾਸਤ ਵਿੱਚ ਲਏ ਆਗੂਆਂ ਦੇ ਵੇਰਵੇ ਦਿੰਦਿਆਂ ਗੁਰਦੀਪ ਸਿੰਘ ਨੇ ਦੱਸਿਆ ਕਿ ਬਠਿੰਡਾ ਵਿੱਚੋਂ ਲਗਪਗ ਸਵਾ ਸੌ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਗੋਨਿਆਣਾ ਤੋਂ 35, ਰਾਮਪੁਰਾ ਫੂਲ ਤੋਂ 50, ਮੌੜ ਮੰਡੀ ਤੋਂ ਵੀ ਲਗਪਗ 50 ਵਿਅਕਤੀ ਹਿਰਾਸਤ ਵਿੱਚ ਲਏ ਗਏ। ਇਸ ਤਰ੍ਹਾਂ ਹਰੇਕ ਜ਼ਿਲ੍ਹੇ ਵਿੱਚੋਂ ਸੌ ਤੋਂ ਸਵਾ ਸੌ ਵਿਅਕਤੀ ਹਿਰਾਸਤ ਵਿੱਚ ਲਏ ਗਏ ਹਨ। ਬੰਦ ਨੂੰ ਮੱਠੇ ਹੁੰਗਾਰੇ ਦਾ ਵੱਡਾ ਕਾਰਨ ਸਿੱਖ ਜਥੇਬੰਦੀਆਂ ਵਿੱਚ ਇਸ ਮੁੱਦੇ ’ਤੇ ਆਪਸੀ ਏਕਤਾ ਤੇ ਤਾਲਮੇਲ ਦੀ ਘਾਟ ਵੱਡਾ ਕਾਰਨ ਰਹੀ। ਪੰਜਾਬ ਵਿੱਚ ਅੱਧੇ ਦਿਨ ਦਾ ਬੰਦ ਅਤੇ ਸਰਬੱਤ ਖਾਲਸਾ ਸੱਦਣ ਦਾ ਫੈਸਲਾ ਯੂਨਾਈਟਿਡ ਅਕਾਲੀ ਦਲ ਅਤੇ ਅਕਾਲੀ ਦਲ (ਅ) ਵੱਲੋਂ ਕੀਤਾ ਗਿਆ ਸੀ। ਦਲ ਖਾਲਸਾ, ਪੰਚ ਪ੍ਰਧਾਨੀ ਤੇ ਹੋਰ ਜਥੇਬੰਦੀਆਂ ਬੰਦ ਤੋਂ ਦੂਰ ਰਹੀਆਂ

Facebook Comment
Project by : XtremeStudioz