Close
Menu

ਮੁਬਾਈਲ ਦਾ ਪਾਸਵਰਡ ਨਾ ਦੱਸਣ ਵਾਲੇ ਨੂੰ ਕੈਨੇਡਾ ਦੇ ਬਾਰਡਰ ਈਜੰਟਾਂ ਨੇ ਕੀਤਾ ਗ੍ਰਿਫ਼ਤਾਰ

-- 13 March,2015

ਕੈਨੇਡਾ : ਇਥੇ ਸਰਹੱਦੀ ਏਜੰਟਾਂ ਨੂੰ ਅਪਣੇ ਮੋਬਾਈਲ ਦਾ ਪਾਸਵਰਡ ਨਾ ਦੱਸਣ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਤਕਨੀਕੀ ਤੌਰ ‘ਤੇ ਗ਼ਲਤ ਇਕ ਕਿਊਬੈਕ ਵਾਸੀ ਅਪਣੇ ਮੋਬਾਈਲ ਨੂੰ ਬਿਲਕੁਲ ਨਿੱਜੀ ਸਮੱਗਰੀ ਸਮਝ ਬੈਠਿਆ ਤੇ ਜਦੋਂ ਕੈਨੇਡੀਅਨ ਸਰਹੱਦੀ ਏਜੰਟਾਂ ਨੇ ਉਸ ਤੋਂ ਉਸ ਦੇ ਮੋਬਾਈਲ ਦਾ ਪਾਸਵਰਡ ਮੰਗਿਆ ਤਾਂ ਉਸ ਨੇ ਦੇਣ ਤੋਂ ਇਨਕਾਰ ਕਰ ਦਿਤਾ। ਅਲਾਇਨ ਫ਼ਿਲਿਪੋਨ ਜਦੋਂ ਹਾਲੀਫ਼ਾਕਸ ਸਟੇਨਫ਼ੀਲਡ ਕੌਮਾਂਤਰੀ ਹਵਾਈ ਅੱਡੇ ‘ਤੇ ਪੁਜਿਆ ਤਾਂ ਸਰਹੱਦੀ ਏਜੰਟਾਂ ਨੇ ਉਸ ਨੂੰ ਰੋਕ ਲਿਆ। ਅਧਿਕਾਰੀਆਂ ਨੇ ਉਸ ਦੀਆਂ ਸਾਰੀਆਂ ਵਸਤੂਆਂ ਦੀ ਜਾਂਚ ਕੀਤੀ ਪਰ ਉਸ ਤੋਂ ਜਦੋਂ ਮੋਬਾਈਲ ਦਾ ਪਾਸਵਰਡ ਪੁਛਿਆ ਗਿਆ ਤਾਂ ਉਸ ਨੇ ਦੇਣ ਤੋਂ ਇਨਕਾਰ ਕਰ ਦਿਤਾ। ਅਧਿਕਾਰੀਆਂ ਨੇ ਤੁਰੰਤ ਉਸ ਨੂੰ ਹਿਰਾਸਤ ਵਿਚ ਲੈ ਲਿਆ। ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਦੇ ਬੁਲਾਰੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਸ ਵਿਅਕਤੀ ਨੂੰ ਕਸਟਮ ਐਕਟ ਦੀ ਧਾਰਾ 153.1 ਅਧੀਨ ਗ੍ਰਿਫ਼ਤਾਰ ਕੀਤਾ ਗਿਆ ਹੈ। ਇਕ ਸਵਾਲ ਦੇ ਜਵਾਬ ਵਿਚ ਬੁਲਾਰੇ ਨੇ ਦਸਿਆ ਕਿ ਕਸਟਮ ਐਕਟ (99) ਅਧਿਕਾਰੀਆਂ ਨੂੰ ਇਹ ਹੱਕ ਦਿੰਦਾ ਹੈ ਕਿ ਉਹ ਲੋਕਾਂ ਦੀਆਂ ਸਾਰੀਆਂ ਵਸਤੂਆਂ ਦੀ ਜਾਂਚ ਪੜਤਾਲ ਕਰ ਸਕਦੇ ਹਨ। ਇਨ•ਾਂ ਵਸਤੂਆਂ ਵਿਚ ਇਲੈਕਰੌਨਿਕ ਸਮੱਗਰੀ ਵੀ ਸ਼ਾਮਿਲ ਹੈ। ਸੈਲਫ਼ੋਨ ਅਤੇ ਲੈਪਟੌਪ ਆਦਿ ਦੀ ਨਿਯਮਾਂ ਮੁਤਾਬਕ ਜਾਂਚ ਕੀਤੀ ਜਾ ਸਕਦੀ ਹੈ। ਅਧਿਕਾਰੀਆਂ ਨੇ ਦਸਿਆ ਕਿ ਫ਼ਿਲਿਪੌਨ ਨੂੰ ਘੱਟ ਤੋਂ ਘੱਟ ਇਕ ਹਜ਼ਾਰ ਅਤੇ ਵੱਧ ਤੋਂ ਵੱਧ 25 ਹਜ਼ਾਰ ਡਾਲਰ ਦਾ ਜੁਰਮਾਨਾ ਲੱਗ ਸਕਦਾ ਹੈ। ਕੁੱਝ ਸਮੇਂ ਲਈ ਉਸ ਨੂੰ ਜੇਲ ਵਿਚ ਰੱਖਣ ਦੀ ਸਜ਼ਾ ਵੀ ਸੁਣਾਈ ਜਾ ਸਕਦੀ ਹੈ। ਇਸ ਮਾਮਲੇ ਕਾਰਨ ਇਥੇ ਇਸ ਗੱਲ ਦੀ ਕਾਫ਼ੀ ਚਰਚਾ ਹੋ ਰਹੀ ਹੈ ਕਿ ਕੀ ਕਸਟਮ ਅਧਿਕਾਰੀ ਮੋਬਾਈਲ ਆਦਿ ਦਾ ਪਾਸਵਰਡ ਮੰਗ ਸਕਦਾ ਹੈ ਕਿਉਂਕਿ ਮੋਬਾਈਲ ਅੰਦਰ ਵਿਅਕਤੀ ਦੀ ਨਿੱਜੀ ਜਾਣਕਾਰੀ ਹੁੰਦੀ ਹੈ, ਇਸ ਲਈ ਇਸ ਨੂੰ ਨਿੱਜੀ ਆਜ਼ਾਦੀ ਦੀ ਉਲੰਘਣਾ ਮੰਨਿਆ ਜਾ ਰਿਹਾ ਹੈ। ਇਹ ਦਿਲਚਪਸ ਰਹੇਗਾ ਕਿ ਅਦਾਲਤ ਫ਼ਿਲਿਪੌਨ ਬਾਰੇ ਕੀ ਫ਼ੈਸਲਾ ਕਰਦੀ ਹੈ।

Facebook Comment
Project by : XtremeStudioz