Close
Menu

ਮੁਰਲੀ ਵਿਜੈ ਦੇ ਸੈਂਕੜੇ ਨਾਲ ਭਾਰਤ ਦੀ ਵਧੀਆ ਸ਼ੁਰੂਆਤ

-- 17 December,2014

ਬ੍ਰਿਜਬਨ, ਸਲਾਮੀ ਬੱਲੇਬਾਜ਼ ਮੁਰਲੀ ਵਿਜੈ ਦੀਆਂ 144 ਦੌੜਾਂ ਦੀ ਮਦਦ ਨਾਲ ਭਾਰਤ ਨੇ ਆਸਟਰੇਲੀਆ ਵਿਰੁੱਧ ਦੂਜੇ ਕ੍ਰਿਕਟ ਟੈਸਟ ਮੈਚ ਦੇ ਪਹਿਲੇ ਦਿਨ ਚਾਰ ਵਿਕਟਾਂ ’ਤੇ 311 ਦੌੜਾਂ ਬਣਾ ਲਈਆਂ।

ਐਡੀਲੇਡ ਵਿੱਚ ਦੂਜੀ ਪਾਰੀ  ਵਿੱਚ ਸੈਂਕੜਾ ਬਣਾਉਣੋਂ ਖੁੰਝੇ ਵਿਜੈ ਨੇ ਆਪਣਾ ਪੰਜਵਾਂ ਟੈਸਟ ਸੈਂਕੜਾ ਬਣਾ ਕੇ ਗਾਬਾ ਦੇ ਬੇਹੱਦ ਗਰਮ ਮੌਸਮ  ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੇ ਪਹਿਲੇ ਦਿਨ ਭਾਰਤ ਨੂੰ ਮਜ਼ਬੂਤ ਸਥਿਤੀ ਵਿੱਚ ਪਹੁੰਚਾ ਦਿੱਤਾ। ਵਿਜੈ ਨੂੰ 36 ਦੌੜਾਂ ਦੇ ਸਕੋਰ ਉੱਤੇ ਮਿਚੇਲ ਜੌਨਸਨ ਦੀ ਗੇਂਦ ਉਤੇ ਸ਼ਾਨ ਮਾਰਸ਼ ਨੇ ਜੀਵਨ ਦਾਨ ਦਿੱਤਾ ਸੀ, ਜਿਸ ਦਾ ਪੂਰਾ ਫਾਇਦਾ ਉਠਾਉਂਦਿਆਂ ਉਸ ਨੇ 213 ਗੇਂਦਾਂ ਉਤੇ 144            ਦੌੜਾਂ ਬਣਾਈਆਂ।
ਵਿਜੈ ਨੂੰ ਅਜਿੰਕਾ ਰਹਾਣੇ ਦਾ ਪੂਰਾ ਸਹਿਯੋਗ ਮਿਲਿਆ ਅਤੇ ਦੋਵਾਂ ਨੇ ਚੌਥੇ ਵਿਕਟ ਲਈ 124 ਦੌੜਾਂ ਦੀ ਭਾਈਵਾਲੀ ਕੀਤੀ। ਆਸਟਰੇਲਿਆਈ ਗੇਂਦਬਾਜ਼ ਗਾਬਾ ਦੀ ਮਦਦਗਾਰ ਪਿੱਚ ’ਤੇ ਲੈਅ ਹਾਸਲ ਕਰਨ ਲਈ ਤਰਸਦੇ ਰਹੇ। ਵਿਜੈ ਨੂੰ 102 ਦੇ ਸਕੋਰ ’ਤੇ ਫਿਰ ਜੀਵਨ ਦਾਨ ਮਿਲਿਆ। ਇਸ ਮੌਕੇ ਵੀ ਜੌਨਸਨ ਦੀ ਹੀ ਗੇਂਦ ਉਤੇ ਸ਼ਾਨ ਨੇ ਉਸ ਦਾ ਕੈਚ ਛੱਡਿਆ। ਇਨ੍ਹਾਂ ਦੋਵਾਂ ਮੌਕਿਆਂ ਤੋਂ ਇਲਾਵਾ ਕੋਈ ਵੀ ਗੇਂਦਬਾਜ਼ ਉਸ ’ਤੇ ਪ੍ਰਭਾਵ ਨਹੀਂ ਛੱਡ ਸਕਿਆ। ਸਪਿੰਨਰ ਨਾਥਨ ਲਿਓਨ ਵੀ ਉਸ ਨੂੰ ਜ਼ਿਆਦਾ ਪ੍ਰੇਸ਼ਾਨ ਨਹੀਂ ਕਰ ਸਕਿਆ।
ਗਾਬਾ ਦੀ ਹਰੀ ਘਾਹ ਵਾਲੀ ਪਿੱਚ ’ਤੇ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਦਲੇਰਾਨਾ ਫੈਸਲਾ ਕੀਤਾ, ਜਿਸ ਨੂੰ ਟੀਮ ਦੇ ਬੱਲੇਬਾਜ਼ਾਂ ਨੇ ਸਹੀ ਸਾਬਤ ਕਰ ਦਿੱਤਾ। ਪਹਿਲੇ ਦਿਨ ਦੀ ਖੇਡ ਖਤਮ ਹੋਣ ਉਤੇ ਰਹਾਣੇ ਨਾਲ ਰੋਹਿਤ ਸ਼ਰਮਾ 26 ਦੌੜਾਂ ਬਣਾ ਕੇ ਖੇਡ ਰਹੇ ਸਨ। ਭਾਰਤੀ ਟੀਮ ਨੇ ਪਹਿਲੇ ਸੈਸ਼ਨ ਵਿੱਚ ਸ਼ਿਖਰ ਧਵਨ ਦਾ ਵਿਕਟ ਗਵਾਇਆ। ਧਵਨ ਨੇ 24 ਦੌੜਾਂ ਬਣਾਈਆਂ, ਜਦੋਂ ਕਿ ਲੰਚ ਤੋਂ ਬਾਅਦ ਚੇਤੇਸ਼ਵਰ ਪੁਜਾਰਾ ਅਤੇ ਵਿਰਾਟ ਕੋਹਲੀ ਦੀਆਂ ਵਿਕਟਾਂ ਡਿੱਗੀਆਂ। ਦੋਵਾਂ ਨੇ ਕ੍ਰਮਵਾਰ 18 ਤੇ 19 ਦੌੜਾਂ ਦਾ ਯੋਗਦਾਨ ਦਿੱਤਾ।
ਅੱਜ ਚੇਤੇਸ਼ਵਰ ਪੁਜਾਰਾ ਬਦਕਿਸਮਤ ਰਿਹਾ। ਉਸ ਨੂੰ ਅੰਬਾਇਰ ਇਆਨ ਗੁੱਡ ਨੇ ਵਿਕਟ ਦੇ ਪਿੱਛੇ ਕੈਚ ਆਊਟ ਦਿੱਤਾ, ਜਦੋਂ ਕਿ ਗੇਂਦ ਉਸ ਦੇ ਹੈਲਮਟ ਨਾਲ ਲੱਗੀ ਸੀ। ਉਸ ਨੂੰ ਆਪਣਾ ਪਹਿਲਾ ਟੈਸਟ ਮੈਚ ਖੇਡ ਰਹੇ ਹੇਜਲਵੁੱਡ ਨੇ ਪਵੀਲੀਅਨ ਭੇਜਿਆ। ਹੇਜਲਵੁੱਡ ਨੇ ਕੋਹਲੀ ਨੂੰ ਵੀ ਵਿਕਟ ਦੇ ਪਿੱਛੇ ਕੈਚ ਆਊੂੂਟ ਕਰਵਾਇਆ। ਚਾਹ ਤੋਂ ਬਾਅਦ ਵਿਜੈ ਤੇ ਰਹਾਣੇ ਨੇ 12 ਓਵਰਾਂ ਵਿੱਚ 72 ਦੌੜਾਂ ਬਣਾਈਆਂ। ਰਹਾਣੇ ਨੇ ਆਪਣਾ ਛੇਵਾਂ ਟੈਸਟ ਅਰਧ-ਸੈਂਕੜਾ 71ਵੇਂ ਓਵਰ ਵਿੱਚ ਪੂਰਾ ਕੀਤਾ। ਹੌਲੀ ਗੇਂਦਬਾਜ਼ੀ ਕਾਰਨ ਪਹਿਲੇ ਦਿਨ ਦੀ ਖੇਡ ਨੂੰ ਸੱਤ ਓਵਰ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ।

Facebook Comment
Project by : XtremeStudioz