Close
Menu

ਮੁਲਕ ਸਦਮੇ ’ਚ ਸੀ ਤੇ ਮੋਦੀ ਸ਼ੂਟਿੰਗ ’ਚ ਰੁੱਝੇ ਸਨ: ਕਾਂਗਰਸ

-- 22 February,2019

ਨਵੀਂ ਦਿੱਲੀ, 22 ਫਰਵਰੀ
ਕਾਂਗਰਸ ਨੇ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਅੱਜ ਦਾਅਵਾ ਕੀਤਾ ਹੈ ਕਿ 14 ਫਰਵਰੀ ਨੂੰ ਜਿਸ ਵੇਲੇ ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐਫ਼ ਦੇ ਕਾਫ਼ਲੇ ’ਤੇ ਫਿਦਾਇਨ ਹਮਲਾ ਹੋਇਆ, ਉਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੌਰਬੈੱਟ ਨੈਸ਼ਨਲ ਪਾਰਕ ਵਿੱਚ ਫ਼ਿਲਮ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਸਨ। ਹਮਲੇ ਦੀ ਖ਼ਬਰ ਹੋਣ ਦੇ ਬਾਵਜੂਦ ਪ੍ਰਧਾਨ ਮੰਤਰੀ ਉਸ ਦਿਨ ਸ਼ਾਮ ਤਕ ਉਥੇ ਰੁਕੇ ਤੇ ਕਿਸ਼ਤੀ ਦੇ ਝੂਟਿਆਂ ਨਾਲ ਚਾਹ ਨਾਸ਼ਤੇ ਦਾ ਆਨੰਦ ਲਿਆ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਸ ਮੌਕੇ ਭਾਜਪਾ ਪ੍ਰਧਾਨ ਅਮਿਤ ਸ਼ਾਹ ’ਤੇ ਵੀ ਨਿਸ਼ਾਨਾ ਸਾਧਿਆ। ਸੁਰਜੇਵਾਲਾ ਨੇ ਭਾਜਪਾ ਪ੍ਰਧਾਨ ’ਤੇ ‘ਦਹਿਸ਼ਤਵਾਦ ਦਾ ਸਿਆਸੀਕਰਨ’ ਕੀਤੇ ਜਾਣ ਦਾ ਦੋਸ਼ ਲਾਇਆ।
ਪੁਲਵਾਮਾ ਦਹਿਸ਼ਤੀ ਹਮਲੇ ਨੂੰ ਲੈ ਕੇ ਸਰਕਾਰ ਤੇ ਪ੍ਰਧਾਨ ਮੰਤਰੀ ’ਤੇ ਤਿੱਖੇ ਹਮਲੇ ਕਰਦਿਆਂ ਸੁਰਜੇਵਾਲਾ ਨੇ ਕਿਹਾ, ‘ਸੱਤਾ ਦੀ ਆਪਣੀ ਭੁੱਖ ਦੇ ਚਲਦਿਆਂ ਪ੍ਰਧਾਨ ਮੰਤਰੀ ਆਪਣੇ ‘ਰਾਜ ਧਰਮ’ ਨੂੰ ਭੁੱਲ ਗਏ।’ ਕੁਝ ਹਿੰਦੀ ਅਖ਼ਬਾਰਾਂ ਵਿੱਚ ਛਪੀਆਂ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਸੁਰਜੇਵਾਲਾ ਨੇ ਕਿਹਾ ਪੁਲਵਾਮਾ ਦਹਿਸ਼ਤੀ ਹਮਲਾ 14 ਫਰਵਰੀ ਦੀ ਸ਼ਾਮ ਨੂੰ 3:10 ਵਜੇ ਦੇ ਕਰੀਬ ਹੋਇਆ ਜਦੋਂ ਕਿ ਕਾਂਗਰਸ ਨੇ ਸਵਾ ਪੰਜ ਵਜੇ ਇਸ ਬਾਰੇ ਆਪਣਾ ਪ੍ਰਤੀਕਰਮ ਜਾਰੀ ਕਰ ਦਿੱਤਾ। ਉਨ੍ਹਾਂ ਕਿਹਾ, ‘ਪ੍ਰਧਾਨ ਮੰਤਰੀ ਨੂੰ ਵੀ ਇਸ ਬਾਰੇ (ਪੁਲਵਾਮਾ ਹਮਲੇ) ਪਤਾ ਸੀ। ਪਰ ਇਸ ਦੇ ਬਾਵਜੂਦ ਪ੍ਰਧਾਨ ਮੰਤਰੀ, ਜੋ ਖ਼ੁਦ ਨੂੰ ਰਾਸ਼ਟਰਵਾਦੀ ਅਖਵਾਉਂਦੇ ਹਨ, ਰਾਮਨਗਰ ਦੇ ਕੌਰਬੈੱਟ ਨੈਸ਼ਨਲ ਪਾਰਕ ਵਿੱਚ ਡਿਸਕਵਰੀ ਚੈਨਲ ਲਈ ਇਕ ਫ਼ਿਲਮ ਦੀ ਸ਼ੂਟ ਵਿੱਚ ਰੁੱਝੇ ਰਹੇ।’ ਕਾਂਗਰਸ ਤਰਜਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਕੈਮਰਾ ਟੀਮ ਨਾਲ ਕਥਿਤ ‘ਕਿਸ਼ਤੀ ਦੇ ਝੂਟਿਆਂ ਦਾ ਆਨੰਦ’ ਲੈਂਦੇ ਰਹੇ। ਸ਼ੂਟਿੰਗ ਸ਼ਾਮ ਸਾਢੇ ਛੇ ਵਜੇ ਤਕ ਚੱਲੀ ਤੇ ਪ੍ਰਧਾਨ ਮੰਤਰੀ ਨੇ ਸੱਤ ਵਜੇ ਪੀਡਬਲਿਊਡੀ ਦੇ ਗੈਸਟਹਾਊਸ ਵਿੱਚ ਸਰਕਾਰੀ ਖਰਚੇ ਉੱਤੇ ਚਾਹ ਨਾਸ਼ਤਾ ਕੀਤਾ ਜਦੋਂ ਕਿ ਦੂਜੇ ਪਾਸੇ ਸੀਆਰਪੀਐਫ ਜਵਾਨਾਂ ਦੀ ਸ਼ਹਾਦਤ ’ਤੇ ਮੁਲਕ ਵਿੱਚ ਲੋਕਾਂ ਦੇ ਘਰਾਂ ਵਿੱਚ ਚੁੱਲ੍ਹੇ ਨਹੀਂ ਬਲੇ।
ਸੁਰਜੇਵਾਲਾ ਨੇ ਦੋਸ਼ ਲਾਇਆ ਕਿ ਇਹ ਹੋਰ ਵੀ ਦੁਖਦਾਈ ਹੈ ਕਿ ਖ਼ੌਫਨਾਕ ਪੁਲਵਾਮਾ ਦਹਿਸ਼ਤੀ ਹਮਲੇ ਦੇ ਬਾਵਜੂਦ ਪ੍ਰਧਾਨ ਮੰਤਰੀ ਨੇ ‘ਕੌਮੀ ਸ਼ੋਕ’ ਦਾ ਐਲਾਨ ਮਹਿਜ਼ ਇਸ ਲਈ ਨਹੀਂ ਕੀਤਾ ਕਿ ਕਿਤੇ ਸਰਕਾਰੀ ਖਰਚ ’ਤੇ ਹੋਣ ਵਾਲੀਆਂ ਪ੍ਰਧਾਨ ਮੰਤਰੀ ਦੀਆਂ ਸਿਆਸੀ ਰੈਲੀਆਂ ਤੇ ਉਦਘਾਟਨੀ ਸਮਾਗਮ ਰੱਦ ਨਾ ਹੋ ਜਾਣ। ਇੰਨਾ ਹੀ ਨਹੀਂ 16 ਫਰਵਰੀ ਨੂੰ ਪ੍ਰਧਾਨ ਮੰਤਰੀ ਦਿੱਲੀ ਹਵਾਈ ਅੱਡੇ ’ਤੇ ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਇਕ ਘੰਟਾ ਦੇਰੀ ਨਾਲ ਪੁੱਜੇ, ਕਿਉਂਕਿ ਉਹ ਝਾਂਸੀ ਵਿੱਚ ਸਿਆਸਤ ਕਰਨ ਵਿੱਚ ਰੁੱਝੇ ਸਨ।
ਕਾਂਗਰਸ ਤਰਜਮਾਨ ਨੇ ਪ੍ਰਧਾਨ ਮੰਤਰੀ ਵੱਲੋਂ ਖੁ਼ਦ ਹਵਾਈ ਅੱਡੇ ’ਤੇ ਜਾ ਕੇ ਸਾਊਦੀ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਦੇ ਕੀਤੇ ਸਵਾਗਤ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਕੀ ਪਾਕਿਸਤਾਨ ਦੀਆਂ ਦਹਿਸ਼ਤਗਰਦੀ ਵਿਰੋਧੀ ਕੋਸ਼ਿਸ਼ਾਂ ਦੀ ਤਾਰੀਫ਼ ਕਰਨ ਵਾਲੇ ਸ਼ਖ਼ਸ ਨੂੰ ਇੰਨਾ ਮਾਣ ਤਾਣ ਦੇਣਾ, ਮੋਦੀ ਦੇ ਪੁਲਵਾਮਾ ਹਮਲੇ ਦੇ ਪੀੜਤਾਂ ਨੂੰ ਯਾਦ ਕਰਨ ਦਾ ਤਰੀਕਾ ਹੈ।

Facebook Comment
Project by : XtremeStudioz