Close
Menu

ਮੁਸਲਿਮ ਪਰਸਨਲ ਲਾਅ ਬੋਰਡ ਨੇ ਤਿੰਨ ਤਲਾਕ ਆਰਡੀਨੈਂਸ ਨੂੰ ਚੋਰ ਦਰਵਾਜ਼ਾ ਦੱਸਿਆ

-- 28 September,2018

ਹੈਦਰਾਬਾਦ, ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਨੇ ਅੱਜ ਦੋਸ਼ ਲਾਇਆ ਕਿ ਤਿੰਨ ਤਲਾਕ ਨੂੰ ਗ਼ੁਨਾਹ ਬਣਾਉਣ ਵਾਲਾ ਆਰਡੀਨੈਂਸ ਜਾਰੀ ਕਰ ਕੇ ਸਰਕਾਰ ਨੇ ਲੋਕਰਾਜ ਦਾ ਕਤਲ ਕੀਤਾ ਹੈ ਤੇ ਇਸ ਨੂੰ ਕਾਨੂੰਨੀ ਚੁਣੌਤੀ ਦਿੱਤੀ ਜਾਵੇਗੀ।
ਬੋਰਡ ਦੇ ਸਕੱਤਰ ਜਨਰਲ ਮੌਲਾਨਾ ਖ਼ਾਲਿਦ ਸੈਫ਼ਉੱਲ੍ਹਾ ਰਹਿਮਾਨੀ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ‘‘ ਇਹ ਆਰਡੀਨੈਂਸ ਇਕ ਚੋਰ ਦਰਵਾਜ਼ਾ ਹੈ। ਇਹ ਲੋਕਤੰਤਰ ਦਾ ਕਤਲ ਹੈ ਤੇ ਪਾਰਲੀਮੈਂਟ ਦਾ ਅਪਮਾਨ ਹੈ। ਪਾਰਲੀਮੈਂਟ ਸੈਸ਼ਨ ਸ਼ੁਰੂ ਹੋਣ ਵਾਲਾ ਹੈ ਤੇ ਸਰਕਾਰ ਨੇ ਇਸ ’ਤੇ ਚਰਚਾ ਕਰਾਉਣ ਦੀ ਵੀ ਖੇਚਲ ਨਹੀਂ ਕੀਤੀ। ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਮੁਸਲਿਮ ਔਰਤਾਂ ਲਈ ਨੁਕਸਾਨਦੇਹ ਹੋਵੇਗਾ।’’
ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਮੁਸਲਿਮ ਤਬਕਿਆਂ ਨਾਲ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ ਤੇ ਸਰਕਾਰ ਨੇ ਆਪਣੇ ਤੌਰ ’ਤੇ ਹੀ ਫ਼ੈਸਲਾ ਕਰ ਲਿਆ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਬੋਰਡ ਦੀ ਕਾਨੂੰਨੀ ਕਮੇਟੀ ਇਸ ਬਾਰੇ ਸੋਚ ਵਿਚਾਰ ਕਰੇਗੀ। ਇਸ ਦੌਰਾਨ ਆਲ ਇੰਡੀਆ ਮਜਲਿਸ-ਏ-ਮੁਸਲਮੀਨ ਦੇ ਮੁਖੀ ਤੇ ਹੈਦਰਾਬਾਦ ਦੇ ਐਮਪੀ ਅਸਦੂਦੀਨ ਓਵੈਸੀ ਨੇ ਤਿੰਨ ਤਲਾਕ ਆਰਡੀਨੈਂਸ ਨੂੰ ਫਰਾਡ ਕਰਾਰ ਦਿੰਦਿਆਂ ਕਿਹਾ ਕਿ ਇਸ ਨੂੰ ਅਦਾਲਤ ’ਚ ਚੁਣੌਤੀ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਆਰਡੀਨੈਂਸ ਭਾਜਪਾ ਦੀ ਲੋਕਾਂ ਦਾ ਧਿਆਨ ਰਾਫ਼ਾਲ, ਨੀਰਵ ਮੋਦੀ, ਮੇਹੁਲ ਚੋਕਸੀ ਤੇ ਤੇਲ ਕੀਮਤਾਂ ਦੇ ਮੁੱਦਿਆਂ ਤੋਂ ਹਟਾਉਣ ਦੀ ਤਕਨੀਕ ਹੈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਪਿਛਲੇ ਬੁੱਧਵਾਰ ਆਰਡੀਨੈਂਸ ’ਤੇ ਸਹੀ ਪਾਈ ਸੀ। ਇਸ ਤਹਿਤ ਗੁਨਾਹਗਾਰ ਪਤੀ ਨੂੰ ਤਿੰਨ ਸਾਲ ਦੀ ਸਜ਼ਾ ਹੋ ਸਕਦੀ ਹੈ।

Facebook Comment
Project by : XtremeStudioz