Close
Menu

ਮੁਸ਼ੱਰਫ਼ ਖ਼ਿਲਾਫ਼ ਹੱਤਿਆ ਦਾ ਹੋਰ ਕੇਸ ਦਰਜ

-- 03 September,2013

ਇਸਲਾਮਾਬਾਦ, 3 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਪਾਕਿਸਤਾਨ ਦੇ ਸਾਬਕਾ ਫੌਜੀ ਸ਼ਾਸਕ ਪਰਵੇਜ਼ ਮੁਸ਼ੱਰਫ ਖ਼ਿਲਾਫ਼ ਹੱਤਿਆ ਦਾ ਹੋਰ ਕੇਸ ਦਰਜ ਹੋ ਗਿਆ ਹੈ। ਸਾਲ 2007 ਦੌਰਾਨ ਲਾਲ ਮਸਜਿਦ ਉਪਰੋਂ ਕੱਟੜਪੰਥੀਆਂ ਦਾ ਕਬਜ਼ਾ ਹਟਾਉਣ ਲਈ  ਕੀਤੀ ਗਈ ਫੌਜੀ ਕਾਰਵਾਈ ਦੌਰਾਨ ਮੁਲਾਣਾ ਅਬਦੁਲ ਰਸ਼ੀਦ ਗਾਜ਼ੀ ਤੇ ਉਨ੍ਹਾਂ ਦੀ ਮਾਤਾ ਦੀ ਮੌਤ ਹੋ ਗਈ ਸੀ। ਇਹ ਕੇਸ ਇਸਲਾਮਾਬਾਦ ਹਾਈ ਕੋਰਟ ਦੇ ਜਸਟਿਸ ਨੂਰੁੱਲ ਹੱਕ ਕੁਰੈਸ਼ੀ ਦੀ ਹਦਾਇਤ ਉਪਰ ਦਰਜ ਹੋਇਆ ਹੈ। ਉਨ੍ਹਾਂ ਨੇ ਪਹਿਲਾਂ ਵੀ ਇਹ ਕੇਸ ਦਰਜ ਕਰਨ ਦਾ ਹੁਕਮ ਦਿੱਤਾ ਹੋਇਆ ਸੀ ਪ੍ਰੰਤੂ ਸਬੰਧਤ ਥਾਣੇ ਨੇ ਪ੍ਰਵਾਹ ਨਹੀਂ ਕੀਤੀ ਸੀ। ਥਾਣੇਦਾਰ ਨੂੰ ਅੱਜ ਤਲਬ ਕੀਤਾ ਗਿਆ ਸੀ। ਮ੍ਰਿਤਕ ਮੁਲਾਣੇ ਦੇ ਬੇਟੇ ਹਾਰੂਨ ਰਸ਼ੀਦ ਵੱਲੋਂ ਦਾਖਲ ਪਟੀਸ਼ਨ ਉਪਰ ਮੁਸ਼ੱਰਫ ਖ਼ਿਲਾਫ਼ ਅੱਜ ਸੁਣਵਾਈ ਕਰਦਿਆਂ ਜਸਟਿਸ ਕੁਰੈਸ਼ੀ ਨੇ ਕਿਹਾ ਕਿ ਉਨ੍ਹਾਂ ਦੇ ਹੁਕਮ ’ਤੇ ਅਮਲ ਨਾ ਕਰਨਾ ਮਾਣਹਾਨੀ ਕੇਸ ਬਣਦਾ ਹੈ ਫਿਰ ਵੀ ਆਬਪਾਰਾ ਦੇ ਥਾਣੇਦਾਰ ਕਾਸਿਮ ਨਿਆਜ਼ੀ ਨੇ ਕੇਸ ਦਰਜ ਨਹੀਂ ਕੀਤਾ। ਜੱਜ ਨੇ ਥਾਣੇਦਾਰ ਨੂੰ ਹੁਕਮ ਦਿੱਤਾ ਕਿ ਜਦ ਤਕ ਕੇਸ ਦਰਜ ਨਹੀਂ ਹੁੰਦਾ, ਉਹ ਅਦਾਲਤ ਵਿੱਚ ਬੈਠੇ ਰਹਿਣ। ਆਲ ਪਾਕਿਸਤਾਨ ਮੁਸਲਿਮ ਲੀਗ ਪਾਰਟੀ ਦੇ ਬੁਲਾਰੇ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਮੁਸ਼ੱਰਫ ਆਪਣੇ-ਆਪ ਨੂੰ ਬੇਕਸੂਰ ਸਾਬਤ ਕਰਨ ਲਈ ਪੂਰੀ ਵਾਹ ਲਾਉਣਗੇ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹਾ ਕੇਸ ਦਾਖਲ ਹੋਣ ਦੀ ਪਹਿਲਾਂ ਹੀ ਆਸ ਕੀਤੀ ਜਾ ਰਹੀ ਸੀ।

Facebook Comment
Project by : XtremeStudioz