Close
Menu

ਮੁਸਾਫ਼ਰਾਂ ਨੂੰ ਜੈੱਟ ਦੀਆਂ ਉਡਾਣਾਂ ਦੀ ਕਮੀ ਮਹਿਸੂਸ ਹੋਵੇਗੀ

-- 19 April,2019

ਮੁੰਬਈ, 19 ਅਪਰੈਲ
ਜੈੱਟ ਏਅਰਵੇਜ਼ ਦੀ ਆਖਰੀ ਉਡਾਣ ਬੋਇੰਗ 737 ਵੀਰਵਾਰ ਅੱਧੀ ਰਾਤ ਤੋਂ ਬਾਅਦ ਅੰਮ੍ਰਿਤਸਰ ਤੋਂ ਮੁੰਬਈ ਹਵਾਈ ਅੱਡੇ ’ਤੇ ਪਹੁੰਚੀ। ਕਰੀਬ 26 ਸਾਲ ਪਹਿਲਾਂ ਜੈੱਟ ਦੀ ਪਹਿਲੀ ਉਡਾਣ ਇਥੋਂ ਅਹਿਮਦਾਬਾਦ ਲਈ ਰਵਾਨਾ ਹੋਈ ਸੀ। ਜੈੱਟ ਦਾ ਜਹਾਜ਼ ਵੀਟੀ-ਐਸਜੇਆਈ (ਉਡਾਣ ਨੰਬਰ ਐਸ2 3502) ਵੈਸੇ ਸਹਾਰਾ ਏਅਰਲਾਈਨਜ਼ ਦਾ ਹੈ। ਜੈੱਟ ਏਅਰਵੇਜ਼ ਨੇ ਸਹਾਰਾ ਏਅਰਲਾਈਨਜ਼ ਨੂੰ 2007 ’ਚ ਖ਼ਰੀਦ ਲਿਆ ਸੀ। ਲੁਧਿਆਣਾ ਵਾਸੀ ਮੁਸਾਫ਼ਰ ਅਮਰਜੀਤ ਸਿੰਘ ਨੇ ਕਿਹਾ,‘‘ਮੈਂ ਜ਼ਿਆਦਾਤਰ ਜੈੱਟ ਦਾ ਜਹਾਜ਼ ਹੀ ਫੜਦਾ ਹਾਂ। ਕੱਲ ਰਾਤ ਜਦੋਂ ਅੰਮ੍ਰਿਤਸਰ ’ਚ ਮੈਂ ਜੈੱਟ ਦੇ ਜਹਾਜ਼ ’ਤੇ ਸਵਾਰ ਹੋਇਆ ਤਾਂ ਮੈਨੂੰ ਦੱਸਿਆ ਗਿਆ ਕਿ ਇਹ ਏਅਰਲਾਈਨ ਦੀ ਆਖਰੀ ਉਡਾਣ ਹੈ।’’ ਕਿੱਤੇ ਵਜੋਂ ਟਰਾਂਸਪੋਰਟਰ ਅਮਰਜੀਤ ਸਿੰਘ ਨੇ ਉਮੀਦ ਜਤਾਈ ਕਿ ਏਅਰਲਾਈਨ ਛੇਤੀ ਹੀ ਮੁੜ ਤੋਂ ਉਡਾਣ ਭਰੇਗੀ। ਇਕ ਹੋਰ ਮੁਸਾਫ਼ਰ ਸ਼ਰੀਫ਼ ਅਬਦੁੱਲਾ ਨੇ ਏਅਰਲਾਈਨ ਬੰਦ ਹੋਣ ’ਤੇ ਦੁੱਖ ਜਤਾਇਆ।
ਸਮਾਗਮ ’ਚ ਜਾਣ ਦੀ ਤਿਆਰੀ ਕਰ ਰਹੇ ਮਦਨ ਲਾਲ ਇਮਾਲੀ ਨੇ ਕਿਹਾ ਕਿ ਪਤਨੀ ਅਤੇ ਬੱਚਿਆਂ ਨੇ ਪਹਿਲੀ ਵਾਰ ਜਹਾਜ਼ ’ਤੇ ਸਵਾਰ ਹੋਣਾ ਸੀ ਪਰ ਏਅਰਲਾਈਨ ਬੰਦ ਹੋਣ ਕਰਕੇ ਉਨ੍ਹਾਂ ਨੂੰ ਕਾਫੀ ਨਿਰਾਸ਼ਾ ਹੋਈ।

ਡੀਜੀਸੀਏ ਨੇ ਜੈੱਟ ਏਅਰਵੇਜ਼ ਨੂੰ ਮੁੜ ਤੋਂ ਚਾਲੂ ਕਰਨ ਸਬੰਧੀ ਯੋਜਨਾ ਮੰਗੀ
ਨਵੀਂ ਦਿੱਲੀ: ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਮੰਦੀ ਦੀ ਮਾਰ ਨਾਲ ਜੂਝ ਰਹੀ ਜੈੱਟ ਏਅਰਵੇਜ਼ ਨੂੰ ਮੁੜ ਪੈਰਾਂ ਸਿਰ ਕਰਨ ਲਈ ਕੰਪਨੀ ਤੋਂ ਭਰੋਸੇਯੋਗ ਯੋਜਨਾ ਪੇਸ਼ ਕਰਨ ਲਈ ਕਿਹਾ ਹੈ। ਉਂਜ ਡੀਜੀਸੀਏ ਨੇ ਏਅਰਲਾਈਨ ਨੂੰ ਸਹਾਇਤਾ ਦਾ ਵੀ ਭਰੋਸਾ ਦਿੱਤਾ ਹੈ। ਕੰਪਨੀ ’ਤੇ 8 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਹੈ। ਬੈਂਕਾਂ ਵੱਲੋਂ ਕੰਪਨੀ ਦੇ ਹਿੱਸੇ ਨੂੰ ਵੇਚਣ ਲਈ ਬੋਲੀ ਦੀ ਪ੍ਰਕਿਰਿਆ ਚਲ ਰਹੀ ਹੈ।

ਬੰਬੇ ਹਾਈ ਕੋਰਟ ਨੇ ਦਖ਼ਲ ਤੋਂ ਇਨਕਾਰ ਕੀਤਾ
ਮੁੰਬਈ: ਬੰਬੇ ਹਾਈ ਕੋਰਟ ਨੇ ਮਾਲੀ ਸੰਕਟ ਨਾਲ ਜੂਝ ਰਹੀ ਜੈੱਟ ਏਅਰਵੇਜ਼ ਦੇ ਮਾਮਲੇ ’ਚ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ। ਹਾਈ ਕੋਰਟ ਨੇ ਕਿਹਾ ਕਿ ਉਹ ‘ਘਾਟੇ ਵਾਲੀ ਕੰਪਨੀ’ ਨੂੰ ਬਚਾਉਣ ਲਈ ਸਰਕਾਰ ਅਤੇ ਭਾਰਤੀ ਰਿਜ਼ਰਵ ਬੈਂਕ ਨੂੰ ਨਿਰਦੇਸ਼ ਨਹੀਂ ਦੇ ਸਕਦੇ ਹਨ। ਵਕੀਲ ਮੈਥਿਊ ਨੇਦੁੰਪਰਾ ਨੇ ਪਟੀਸ਼ਨ ਦਾਖ਼ਲ ਕਰਕੇ ਮੰਗ ਕੀਤੀ ਸੀ ਕਿ ਸੰਭਾਵਿਤ ਨਿਵੇਸ਼ਕਾਂ ਦੀ ਪਛਾਣ ਹੋਣ ਤਕ ਜੈੱਟ ਏਅਰਵੇਜ਼ ਨੂੰ ਮੁੜ ਚਲਾਉਣਾ ਯਕੀਨੀ ਬਣਾਇਆ ਜਾਵੇ। ਬੈਂਚ ਨੇ ਕਿਹਾ ਕਿ ਜੇਕਰ ਕੋਈ ਟੋਪੀ ਹੈ ਤਾਂ ਉਹ ਇੰਨਾ ਕਰ ਸਕਦੇ ਹਨ ਕਿ ਇਸ ਨੂੰ ਅਦਾਲਤ ਦੇ ਕਮਰੇ ’ਚ ਘੁੰਮਾ ਕੇ ਦਾਨ ਇਕੱਤਰ ਕਰਨ ਲਈ ਆਖ ਸਕਦੇ ਹਨ। ਅਦਾਲਤ ਨੇ ਪਟੀਸ਼ਨ ਰੱਦ ਕਰਦਿਆਂ ਅਰਜ਼ੀਕਾਰ ਨੂੰ ਕੌਮੀ ਕੰਪਨੀ ਕਾਨੂਨੀ ਅਥਾਰਟੀ (ਐਨਸੀਐਲਟੀ) ਕੋਲ ਜਾਣ ਦੀ ਸਲਾਹ ਦਿੱਤੀ।

Facebook Comment
Project by : XtremeStudioz