Close
Menu

ਮੁਹੰਮਦ ਹਫੀਜ਼ ਗੇਂਦਬਾਜ਼ੀ ਟੈਸਟ ਵਿੱਚ ਨਾਕਾਮ

-- 05 January,2015

ਕਰਾਚੀ, ਵਿਸ਼ਵ ਕੱਪ ਤੋਂ ਪਹਿਲਾਂ ਪਾਕਿਸਤਾਨ ਕ੍ਰਿਕਟ ਲਈ ਇਕ ਹੋਰ ਬੁਰੀ ਖ਼ਬਰ ਹੈ। ਹਰਫਨਮੌਲਾ ਮੁਹੰਮਦ ਹਫੀਜ਼ ਪਿਛਲੇ ਹਫ਼ਤੇ ਚੇਨੱਈ ਦੇ ਗੇਂਦਬਾਜ਼ੀ ਸੈਂਟਰ ਵਿੱਚ ਹੋਏ ਗੈਰ ਰਸਮੀ ਬਾਇਓ ਮਕੈਨਿਕ ਟੈਸਟ ਨੂੰ ਪਾਸ ਕਰਨ ਵਿੱਚ ਨਾਕਾਮ ਰਿਹਾ ਹੈ।
ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਹਾਲਾਂਕਿ ਅਜੇ ਤੱਕ ਹਫੀਜ਼ ਦੇ ਟੈਸਟ ਨਤੀਜਿਆਂ ਬਾਰੇ ਕੋਈ ਬਿਆਨ ਜਾਰੀ ਨਹੀਂ ਪਰ ਬੋਰਡ ਦੇ ਭਰੋਸੇਯੋਗ ਸੂਤਰਾਂ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਹਫੀਜ਼ ਦੀਆਂ ਕੁਝ ਗੇਂਦਾਂ ਅਜੇ ਵੀ ਉਸ ਦੀ ਕੂਹਣੀ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੇ ਮਾਪਦੰਡ 15 ਡਿਗਰੀ ਤੋਂ ਵਧੇਰੇ ਮੁੜ ਰਹੀ ਹੈ।  ਸੂਤਰਾਂ ਨੇ ਖੁਲਾਸਾ ਕੀਤਾ ਕਿ ਓਵਰ ਦਿ ਵਿਕਟ ਗੇਂਦਬਾਜ਼ੀ ਕਰਦਿਆਂ ਹਫੀਜ਼ ਦੀ ਕੂਹਣੀ 16 ਤੋਂ 18 ਡਿਗਰੀ ਜਦਕਿ ਰਾਊਂਡ ਦਿ ਵਿਕਟ ਦੌਰਾਨ ਉਸ ਦੀ ਕੂਹਣੀ 12 ਤੋਂ 19 ਡਿਗਰੀ ਤਕ ਮੁੜਦੀ ਹੈ। ਸੂਤਰ ਨੇ ਕਿਹਾ ਕਿ ਇਸ ਦਾ ਮਤਲਬ ਤਾਂ ਇਹ ਹੈ ਕਿ ਹਫੀਜ਼ ਨੂੰ ਇਸ ਹਫ਼ਤੇ ਆਈਸੀਸੀ ਦੇ ਅਧਿਕਾਰਤ ਟੈਸਟ ਲਈਂ ਭੇਜਿਆ ਜਾ ਸਕਦਾ ਜਿਸ ਵਿੱਚ ਪਾਸ ਹੋਣ ਮਗਰੋਂ ਉਸ ਨੂੰ ਵਿਸ਼ਵ ਕੱਪ ਵਿੱਚ ਖੇਡਣ ਦੀ ਅਧਿਕਾਰਤ ਤੌਰ ‘ਤੇ ਇਜਾਜ਼ਤ ਦਿੱਤੀ ਜਾਣੀ ਹੈ। ਸੂਤਰਾਂ ਨੇ ਦੱਸਿਆ ਕਿ ਇਸ ਗੈਰਰਸਮੀ ਟੈਸਟ ਵਿੱਚ ਨਾਕਾਮ ਰਹਿਣ ਮਗਰੋਂ ਪੀਸੀਬੀ ਵੱਲੋਂ ਉਸ ਨੂੰ ਅਧਿਕਾਰਤ ਟੈਸਟ ਲਈ ਭੇਜੇ ਜਾਣ ਦੀ ਸੰਭਾਵਨਾ ਕਾਫੀ ਮੱਧਮ ਹੈ ਕਿਉਂਕਿ ਜੇ ਉਹ ਨਾਕਾਮ ਰਿਹਾ ਤਾਂ ਆਈਸੀਸੀ ਉਸ ‘ਤੇ ਇਕ ਸਾਲ ਲਈ ਬੈਨ ਲਗਾ ਸਕਦਾ ਹੈ।
ਇੱਥੇ ਗੌਰਤਲਬ ਹੈ ਕਿ ਪਾਕਿਸਤਾਨ ਆਫ ਸਪਿੰਨਰ ਸਈਦ ਅਜਮਲ ਨੂੰ ਵਿਵਾਦਤ ਗੇਂਦਬਾਜ਼ੀ ਐਕਸ਼ਨ ਕਰਕੇ ਪਹਿਲਾਂ ਹੀ ਗੁਆ ਚੁੱਕਾ ਹੈ ਜਦਕਿ ਹਫੀਜ਼ ਨੂੰ ਪਿਛਲੇ ਸਾਲ ਨਵੰਬਰ ਵਿੱਚ ਅਧਿਕਾਰਤ ਬਾਇਓ ਮਕੈਨਿਕ ਟੈਸਟ ਵਿੱਚ ਨਾਕਾਮ ਰਹਿਣ ਮਗਰੋਂ ਆਈਸੀਸੀ ਨੇ ਕੌਮਾਂਤਰੀ ਕ੍ਰਿਕਟ ਵਿੱਚ ਉਸ ਦੇ ਗੇਂਦਬਾਜ਼ੀ ਕਰਨ ‘ਤੇ ਰੋਕ ਲਗਾ ਦਿੱਤੀ ਸੀ।

Facebook Comment
Project by : XtremeStudioz