Close
Menu

ਮੁੜ ਖੁੰਝੀਆਂ ਜਗਦੀਸ਼ ਭੋਲਾ ਦੀਆਂ ਦੋ ਪੇਸ਼ੀਆਂ

-- 03 August,2015

ਪਟਿਆਲਾ, ਸਾਬਕਾ ਕੌਮਾਂਤਰੀ ਪਹਿਲਵਾਨ ਜਗਦੀਸ਼ ਭੋਲਾ ਨੂੰ ਮੁੰਬਈ ਪੁਲੀਸ  ਅੱਜ ਵੀ ਪਟਿਆਲਾ ਨਾ ਲਿਆਈ, ਜਿਸ ਕਾਰਨ ਅੱਜ ਫਿਰ ਉਸ ਦੀਆਂ ਦੋ ਅਦਾਲਤੀ ਪੇਸ਼ੀਆਂ ਖੁੰਝ ਗਈਆਂ। ਉਂਜ ਐਤਕੀਂ ਯਾਕੂਬ ਮੈਮਨ ਦੀ ਫ਼ਾਂਸੀ ਦਾ ਮਾਮਲਾ  ਮੁੰਬਈ ਪੁਲੀਸ ਦਾ ਸਹਾਰਾ ਬਣਿਆ ਕਿਉਂਕਿ ਈ.ਡੀ.  ਦਾ ਤਰਕ ਸੀ ਕਿ ਪੁਲੀਸ ਉਥੇ ਸੁਰੱਖਿਆ ਵਿਵਸਥਾ ਵਿੱਚ  ਰੁੱਝੀ ਹੋਣ ਕਰਕੇ ਭੋਲੇ ਨੂੰ ਇੱਥੇ ਨਹੀਂ ਲਿਆ ਸਕੀ।
ਦੱਸਣਯੋਗ ਹੈ ਕਿ ਨਸ਼ਾ ਤਸਕਰੀ ਦੇ ਕੇਸ ਤਾਂ ਪੰਜਾਬ ਪੁਲੀਸ ਲੜ ਰਹੀ ਹੈ ਪਰ ਜਾਇਦਾਦਾਂ ਬਣਾਉਣ ਦੇ ਦੋਸ਼ਾਂ ਦਾ ਮਾਮਲਾ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਕੋਲ ਹੈ, ਜਿਸ ਦੀ ਸੁਣਵਾਈ ਸੈੈਸ਼ਨ ਜੱਜ  ਐਚ.ਐਸ. ਮਦਾਨ ਦੀ ਅਦਾਲਤ ਵਿੱਚ ਚੱਲ ਰਹੀ ਹੈ। ਪਿਛਲੇ ਦਿਨੀਂ ਐਡਵੋਕੇਟ ਸਤੀਸ਼ ਕਰਕਰਾ ਦੀ ਅਰਜ਼ੀ ’ਤੇ ਭੋਲਾ ਦੇ ਪ੍ਰੋਡਕਸ਼ਨ ਵਰੰਟ ਜਾਰੀ ਕਰਕੇ ਅਦਾਲਤ ਨੇ ਭੋਲਾ ਦੀ ਪਹਿਲੀ ਅਗਸਤ ਨੂੰ ਇੱਥੇ ਹਾਜ਼ਰੀ ਯਕੀਨੀ ਬਣਾਉਣ ਲਈ ਆਖਿਆ ਸੀ ਪਰ ਅੱਜ ਵੀ ਅਜਿਹਾ ਨਾ ਹੋ ਸਕਿਆ। ੲਿਸ ਦਾ ਕਾਰਨ ਅਦਾਲਤ ਵਿੱਚ ਹਾਜ਼ਰ ਈ.ਡੀ. ਅਧਿਕਾਰੀ ਨਿਰੰਜਣ ਸਿੰਘ ਨੇ ਮੁੰਬਈ ਪੁਲੀਸ ਦਾ ਰੁਝੇਵਾਂ ਦੱਸਿਆ। ਅਦਾਲਤ ਵਿੱਚ ਭੋਲਾ ਦੇ ਵਕੀਲ ਸਤੀਸ਼ ਕਰਕਰਾ ਵੀ ਹਾਜ਼ਰ ਸਨ।

28 ਅਗਸਤ ਲਈ ਮੁੜ ਵਰੰਟ ਜਾਰੀ

ਅਦਾਲਤ ਨੇ ਜਗਦੀਸ਼ ਭੋਲਾ ਦੇ ਮੁਡ਼ ਵਾਰੰਟ ਜਾਰੀ ਕਰਕੇ, ਮੁੰਬਈ ਜੇਲ੍ਹ ਦੇ ਅਧਿਕਾਰੀਆਂ ਨੂੰ ਭੋਲਾ ਦੀ 28 ਅਗਸਤ ਨੂੰ ਪਟਿਆਲਾ ਅਦਾਲਤ ਵਿੱਚ ਹਾਜ਼ਰੀ ਯਕੀਨੀ ਬਣਾਉਣ ਲਈ ਆਖਿਆ ਹੈ।

ਚਾਰਜਸ਼ੀਟ ਸਬੰਧੀ 11 ਨੂੰ ਸੰਮਨ

ਈ.ਡੀ. ਵੱਲੋਂ ਭੋਲਾ ਅਤੇ ਬਿੱਟੂ ਔਲਖ ਦੇ ਪਰਿਵਾਰਕ ਮੈਂਬਰਾਂ ਸਮੇਤ ਜਿਹੜੇ ਗਿਆਰਾਂ ਵਿਅਕਤੀਆਂ ਖ਼ਿਲਾਫ਼ 4 ਜੁਲਾਈ ਨੂੰ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਗੲੀ ਸੀ, ਵਿੱਚੋਂ ਕੋਈ ਵੀ  ਅੱਜ ਇੱਥੇ ਅਦਾਲਤ ਨਾ ਪੁੱਜਿਆ। ੲਿਸ ਕਰਕੇ ਅਦਾਲਤ ਨੇ ਇਨ੍ਹਾਂ ਸਾਰਿਆਂ ਦੇ ਨਾਮ ਅੱਜ ਮੁੜ ਸੰਮਨ ਜਾਰੀ ਕਰਕੇ ੲਿਨ੍ਹਾਂ ਨੂੰ 28 ਅਗਸਤ ਨੂੰ ਅਦਾਲਤ ਵਿੱਚ ਪੇਸ਼ ਹੋਣ ਦੀ ਹਦਾਇਤ  ਕੀਤੀ ਹੈ। ਉਧਰ ਨਸ਼ਾ ਤਸਕਰੀ ਦੇ ਅਰਬਨ ਅਸਟੇਟ ਥਾਣੇ ਵਿੱਚ ਦਰਜ ਵੱਖਰੇ ਕੇਸ ਦੀ ਪੇਸ਼ੀ ਵੀ  28 ਅਗਸਤ ’ਤੇ ਪੈ ਗਈ ਹੈ।

Facebook Comment
Project by : XtremeStudioz