Close
Menu

ਮੁੜ ਸਰਕਾਰ ਬਣਾਉਣ ਤੇ ਪਹਿਲੀ ਵਾਰ ਘਰ ਲੈਣ ਵਾਲਿਆਂ ਲਈ RRSP ਲਿਮਟ ਵਿਚ ਕਰਾਂਗੇ ਵਾਧਾ -ਹਾਰਪਰ

-- 13 August,2015

ਵੈਨਕੂਵਰ- ਸਟੀਫਨ ਹਾਰਪਰ ਨੇ ਆਪਣੀ ਚੋਣ ਮੁਹਿੰਮ ਦੌਰਾਨ ਅੱਜ ਵੈਨਕੂਵਰ ਵਿਚ ਇੱਕ ਹੋਰ ਵੱਡਾ ਐਲਾਨ ਕੀਤਾ ਹੈ। ਇਸ ਐਲਾਨ ਵਿਚ ਸਟੀਫਨ ਹਾਰਪਰ ਨੇ ਇਹ ਵਾਅਦਾ ਕੀਤਾ ਹੈ ਕਿ ਅਗਰ ਕੰਸਰਵੇਟਿਵ ਸਰਕਾਰ ਮੁੜ ਤੋਂ ਸੱਤਾ ਵਿਚ ਆਉਂਦੀ ਹੈ ਤਾਂ ਉਹ ਪਹਿਲੀ ਵਾਰ ਘਰ ਲੈਣ ਵਾਲਿਆਂ ਲਈ ਆਰ ਆਰ ਐਸ ਪੀ(RRSP) ਕਢਾਉਣ ਦੀ ਲਿਮਟ ਨੂੰ 25,000 ਤੋਂ ਵਧਾ ਕੇ 35,000 ਡਾਲਰ ਕਰ ਦਿਤਾ ਜਾਵੇਗਾ।

ਮੌਜੂਦਾ HBP ਕਾਨੂੰਨ ਮੁਤਾਬਕ ਤੁਸੀਂ 25,000 ਡਾਲਰ ਤੱਕ ਦੀ RRSP ਬਗੈਰ ਕਿਸੇ ਜੁਰਮਾਨੇ ਦੇ ਕਢਵਾ ਸਕਦੇ ਹੋ ਬੇਸ਼ਰਤੇ ਕਿ ਤੁਸੀਂ ਇਹ ਪੈਸਾ ਘਰ ਲੈਣ ਲਈ ਕਢਵਾਇਆ ਹੋਵੇ। ਇਸ ਸਕੀਮ ਅਧੀਨ ਕਢਵਾਏ ਗਏ ਡਾਲਰਾਂ ਨੂੰ 15 ਸਾਲਾਂ ਵਿਚ ਬਣਦੀਆਂ ਕਿਸ਼ਤਾਂ ਮੁਤਾਬਕ ਮੁੜ RRSP ਵਿਚ ਪਾਉਣਾ ਹੁੰਦਾ ਹੈ।

ਕੈਨੇਡਾ ਵਿਚ ਪਹਿਲੀ ਵਾਰ ਘਰ ਲੈਣ ਵਾਲਿਆਂ ਲਈ ਇਹ ਇੱਕ ਬਹੁਤ ਹੀ ਵਡੀ ਰਿਆਇਤ ਹੁੰਦੀ ਹੈ। ਪਹਿਲਾਂ ਤਾਂ ਤੁਸੀਂ 35,000 ਡਾਲਰ ਤੇ ਟੈਕਸ ਬਚਾਉਂਦੇ ਹੋ ਅਤੇ ਦੂਜਾ ਤੁਸੀਂ ਇਹ ਰਕਮ 90 ਦਿਨਾਂ ਬਾਅਦ ਕਢਵਾ ਕੇ ਨਵੇਂ ਘਰ ਦੀ ਡਾਊਨ ਪੇਅਮੈਂਟ ਲਈ ਵਰਤ ਸਕਦੇ ਹੋ।

ਹਾਰਪਰ ਨੇ ਕਿਹਾ ਕਿ ਕੈਨੇਡੀਅਨ ਲੋਕਾਂ ਲਈ ਘਰ ਇਕ ਅਹਿਮ ਚੀਜ਼ ਹੈ ਅਤੇ ਇਸ ਵਿਚ ਨਿਵੇਸ਼ ਕੈਨੇਡੀਅਨ ਲੋਕਾਂ ਲਈ ਇਕ ਸੁਰਖਿਅਤ ਨਿਵੇਸ਼ ਮੰਨਿਆ ਜਾਂਦਾ ਹੈ।

ਅੰਕੜਿਆਂ ਮੁਤਾਬਕ 1992 ਤੋਂ ਚਾਲੂ ਹੋਈ ਇਸ ਸਕੀਮ ਅਧੀਨ ਹੁਣ ਤੱਕ 2.8 ਮਿਲੀਅਨ ਲੋਕਾਂ ਵਲੋਂ ਇਸ ਯੋਜਨਾ ਦਾ ਫਾਇਦਾ ਚੁੱਕਿਆ ਗਿਆ ਹੈ। ਹਾਰਪਰ ਨੇ ਦਸਿਆ ਕਿ ਇਸ ਸਕੀਮ ਨਾਲ ਸਾਲ 2017-18 ਸਾਲ ਵਿਚ ਸਰਕਾਰ ਨੂੰ 30 ਮਿਲੀਅਨ ਡਾਲਰ ਦੀ ਟੈਕਸ ਉਗਰਾਹੀ ਦਾ ਨੁਕਸਾਨ ਹੋਵੇਗਾ।

ਹਾਰਪਰ ਨੇ ਇਹ ਵੀ ਵਾਅਦਾ ਕੀਤਾ ਕਿ ਉਹ ਟੋਰਾਂਟੋ ਅਤੇ ਵੈਨਕੁਵਰ ਵਿਚ ਘਰਾਂ ਦੀਆਂ ਵੱਧ ਰਹੀਆਂ ਕੀਮਤਾਂ ਤੇ ਵੀ ਨਜ਼ਰ ਰੱਖਣਗੇ ਅਤੇ ਇਹ ਪਤਾ ਲਗਾਇਆ ਜਾਵੇਗਾ ਕਿ ਹੋਰ ਮੁਲਕਾਂ ਤੋਂ ਆ ਰਹੀ ਧਨ ਰਾਸ਼ੀ ਕਾਰਣ ਇਸ ਤੇ ਕਿੰਨਾਂ ਪ੍ਰਭਾਵ ਪੈ ਰਿਹਾ ਹੈ।

ਕੰਸਰਵੇਟਿਵ ਪਾਰਟੀ ਨੇ ਆਪਣੀ ਵੈਬਸਾਈਟ ਉੱਪਰ ਇਹ ਲਿਖਿਆ ਗਿਆ ਹੈ ਕਿ ਇਸ ਬਾਰੇ ਪੂਰਾ ਪਤਾ ਲਗਾਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

ਜਿ਼ਕਰਯੋਗ ਹੈ ਕਿ ਵੈਨਕੂਵਰ ਵਿਚ ਸਾਲ ਭਰ ਅੰਦਰ ਕਰੀਬ 15 ਫੀਸਦੀ ਕੌਂਡੋਮੀਨੀਅਮ ਖਾਲੀ ਰਹਿੰਦੇ ਹਨ ਅਤੇ ਕਈਆਂ ਵਲੋਂ ਇਨ੍ਹਾਂ ਪ੍ਰਾਪਰਟੀਆਂ ਨੂੰ ਇਸ ਕਾਰਣ ਖਰੀਦ ਕੇ ਰਖਿਆ ਹੁੰਦਾ ਹੈ ਕਿ ਜਦੋਂ ਕੀਮਤਾਂ ਵਧਣ ਤਾਂ ਉਹ ਮੁਨਾਫਾ ਬਣਾ ਸਕਣ।

ਕਿਆਸ ਇਹ ਵੀ ਲਗਾਏ ਜਾਂਦੇ ਹਨ ਕਿ ਕਈ ਪੂੰਜੀਪਤੀਆਂ ਵਲੋਂ ਘਰਾਂ ਦੀਆਂ ਕੀਮਤਾਂ ਨੂੰ ਉੱਪਰ ਲੈ ਕੇ ਜਾਇਆ ਜਾ ਰਿਹਾ ਹੈ ਅਤੇ ਇਸ ਕਾਰਣ ਕੈਨੇਡਾ ਦੀ ਹਾਊਸਿੰਗ ਮਾਰਕਿਟ ਵਿਚ ਹੋਰ ਤੇਜ਼ੀ ਆ ਰਹੀ ਹੈ।

Facebook Comment
Project by : XtremeStudioz