Close
Menu

ਮੁੰਬਈ ਹਮਲੇ ਦੀ ਦਹਿਸ਼ਤ ਹਾਲੇ ਵੀ ਨਹੀਂ ਭੁੱਲੀ: ਕੋਵਿੰਦ

-- 27 November,2018

ਨਵੀਂ ਦਿੱਲੀ, 27 ਨਵੰਬਰ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਿਹਾ ਹੈ ਕਿ ਅੱਜ ਦੇ ਦਿਨ 2008 ’ਚ ਮੁੰਬਈ ਦਹਿਸ਼ਤੀ ਹਮਲੇ ਦੀਆਂ ਦਿਲ ਦਹਿਲਾਉਣ ਵਾਲੀਆਂ ਤਸਵੀਰਾਂ ਮੁਲਕ ਦੀਆਂ ਯਾਦਾਂ ’ਚ ਵੱਸ ਗਈਆਂ ਹਨ ਅਤੇ ਪੀੜਤਾਂ ਨੂੰ ਇਨਸਾਫ਼ ਦਿਵਾਉਣਾ ਸਾਡੀ ਜ਼ਿੰਮੇਵਾਰੀ ਬਣ ਗਈ ਹੈ।
ਇਥੇ ‘ਸੰਵਿਧਾਨ ਦਿਵਸ’ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਕੋਵਿੰਦ ਨੇ ਹੋਰ ਹਸਤੀਆਂ ਵੱਲੋਂ 26/11 ਵਰਗੇ ਦਹਿਸ਼ਤੀ ਹਮਲਿਆਂ ਬਾਰੇ ਦਰਪੇਸ਼ ਚੁਣੌਤੀਆਂ ’ਤੇ ਫਿਕਰ ਜਤਾਉਣ ’ਤੇ ਆਪਣੀ ਹਾਮੀ ਭਰੀ। ਜ਼ਿਕਰਯੋਗ ਹੈ ਕਿ 26 ਨਵੰਬਰ ਨੂੰ ਹੀ ਸੰਵਿਧਾਨ ਦਿਵਸ ਵੀ ਮਨਾਇਆ ਜਾਂਦਾ ਹੈ। ਇਸ ਦਿਨ 1949 ’ਚ ਸੰਵਿਧਾਨ ਸਭਾ ਨੇ ਭਾਰਤ ਦੇ ਸੰਵਿਧਾਨ ਨੂੰ ਮਨਜ਼ੂਰ ਕੀਤਾ ਸੀ ਅਤੇ ਇਹ 26 ਜਨਵਰੀ 1950 ਤੋਂ ਲਾਗੂ ਹੋ ਗਿਆ ਸੀ। ਸ੍ਰੀ ਕੋਵਿੰਦ ਨੇ ਸੰਸਦ ਦੀ ਕਾਰਵਾਈ ’ਚ ਪੈਂਦੇ ਅੜਿੱਕਿਆਂ ਅਤੇ ਅਦਾਲਤਾਂ ’ਚ ਕੇਸਾਂ ਦੀ ਸੁਣਵਾਈ ਮੁਲਤਵੀ ਹੋਣ ’ਤੇ ਵੀ ਨਾਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਇਸ ਗੱਲ ’ਤੇ ਖ਼ੁਸ਼ੀ ਜ਼ਾਹਿਰ ਕੀਤੀ ਕਿ ਸੁਪਰੀਮ ਕੋਰਟ ਨੇ ਆਪਣੇ ਫ਼ੈਸਲਿਆਂ ਦੀਆਂ ਕਾਪੀਆਂ ਹਿੰਦੀ ’ਚ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਸੰਵਿਧਾਨ ਆਜ਼ਾਦ ਭਾਰਤ ਦਾ ਆਧੁਨਿਕ ਗ੍ਰੰਥ ਹੈ। ਆਪਣੇ ਸੰਬੋਧਨ ’ਚ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਰੰਜਨ ਗੋਗੋਈ ਨੇ ਕਿਹਾ ਕਿ ਸੰਵਿਧਾਨ ਮੁਤਾਬਕ ਕੰਮ ਕਰਨਾ ਸਾਡੇ ਸਾਰਿਆਂ ਦੇ ਹਿੱਤ ’ਚ ਹੈ।

Facebook Comment
Project by : XtremeStudioz