Close
Menu

‘ਮੁੱਕੇਬਾਜ਼’ ਮੋਦੀ ਨੇ ਅਡਵਾਨੀ ਨੂੰ ਬਾਹਰ ਕੀਤਾ: ਰਾਹੁਲ

-- 07 May,2019

ਭਿਵਾਨੀ, 7 ਮਈ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਮੁੱਕੇਬਾਜ਼’ ਹਨ ਜੋ ਬੇਰੁਜ਼ਗਾਰੀ ਦੇ ਖ਼ਾਤਮੇ ਲਈ ਮੈਦਾਨ ’ਚ ਨਿੱਤਰੇ ਸਨ ਪਰ ਉਨ੍ਹਾਂ ਆਪਣੇ ‘ਕੋਚ’ ਅਤੇ ਪ੍ਰੌੜ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੂੰ ਹੀ ‘ਮੁੱਕੇ’ ਜੜ ਕੇ ਸਿਆਸਤ ’ਚੋਂ ਬਾਹਰ ਦਾ ਰਾਹ ਦਿਖਾ ਦਿੱਤਾ। ਮੁੱਕੇਬਾਜ਼ਾਂ ਲਈ ਜਾਣੇ ਜਾਂਦੇ ਸ਼ਹਿਰ ਭਿਵਾਨੀ ’ਚ ਚੋਣ ਰੈਲੀ ਦੌਰਾਨ ਕਾਂਗਰਸ ਪ੍ਰਧਾਨ ਨੇ ‘ਮੁੱਕੇਬਾਜ਼ੀ’ ਨੂੰ ਉਚੇਚੇ ਤੌਰ ’ਤੇ ਸਿਆਸਤ ਨਾਲ ਜੋੜ ਦਿੱਤਾ। ਸ੍ਰੀ ਮੋਦੀ ’ਤੇ ਮੁਲਕ ਦੇ ਲੋਕਾਂ ਨੂੰ ਧੋਖਾ ਦੇਣ ਦੇ ਦੋਸ਼ ਲਾਉਂਦਿਆਂ ਸ੍ਰੀ ਗਾਂਧੀ ਨੇ ਕਿਹਾ,‘‘ਪਿਛਲੇ ਪੰਜ ਸਾਲਾਂ ਦੌਰਾਨ ਬੌਕਸਰ (ਮੋਦੀ) ਨੇ ਭਾਰਤ ਦੇ ਗਰੀਬਾਂ, ਕਮਜ਼ੋਰ ਵਰਗਾਂ ਅਤੇ ਕਿਸਾਨਾਂ ਨੂੰ ਬੁਰੀ ਤਰ੍ਹਾਂ ਨਿਸ਼ਾਨਾ ਬਣਾਇਆ ਅਤੇ ਹੁਣ ਲੋਕ ਆਖ ਰਹੇ ਹਨ ਕਿ ਉਨ੍ਹਾਂ ਨੂੰ ਇਸ ਬੌਕਸਰ ਦੀ ਲੋੜ ਨਹੀਂ ਹੈ।’’ ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਜਿਵੇਂ ਹੀ ਮੈਦਾਨ ’ਚ ਉਤਰੇ ਤਾਂ ਉਨ੍ਹਾਂ ਸਭ ਤੋਂ ਪਹਿਲਾਂ ਆਪਣੇ ਕੋਚ ਅਡਵਾਨੀ ਦੇ ਚਿਹਰੇ ’ਤੇ ਘਸੁੰਨ ਜੜ ਕੇ ਸੀਨੀਅਰ ਭਾਜਪਾ ਆਗੂ ਦਾ ਅਪਮਾਨ ਕੀਤਾ। ‘ਅਡਵਾਨੀ ਦੇ ਘਸੁੰਨ ਮਾਰਨ ਮਗਰੋਂ ਬੌਕਸਰ ਨੇ ਛੋਟੇ ਦੁਕਾਨਦਾਰਾਂ ਨੂੰ ਨੋਟਬੰਦੀ ਅਤੇ ਗੱਬਰ ਸਿੰਘ ਟੈਕਸ ਨਾਲ ਨਾਕਆਊਟ ਕਰ ਦਿੱਤਾ। ਪੂਰਾ ਮੁਲਕ ਜਾਣਦਾ ਹੈ ਕਿ ਇਨ੍ਹਾਂ ਫ਼ੈਸਲਿਆਂ ਨਾਲ ਉਨ੍ਹਾਂ ਨੂੰ ਕਿੰਨੀ ਮਾਰ ਪਈ।’ ਉਨ੍ਹਾਂ ਕਿਹਾ ਕਿ ‘ਬੌਕਸਰ ਪੀਐਮ’ ਇਥੇ ਹੀ ਨਹੀਂ ਰੁਕਿਆ ਸਗੋਂ ਉਸ ਨੇ ਫਸਲਾਂ ਦੇ ਸਮਰਥਨ ਮੁੱਲ ’ਚ ਵਾਧੇ ਦੀ ਮੰਗ ਕਰ ਰਹੇ ਕਿਸਾਨਾਂ ਨੂੰ ਵੀ ਘਸੁੰਨ ਜੜ ਦਿੱਤੇ।

Facebook Comment
Project by : XtremeStudioz