Close
Menu

ਮੁੱਖ ਚੋਣ ਅਫਸਰ ਵੱਲੋਂ ਆਗਾਮੀ ਚੋਣਾਂ ਦੌਰਾਨ ਵਾਤਵਰਣ-ਪੱਖੀ ਸਮਾਨ ਵਰਤਣ ਦੀ ਸਿਫਾਰਸ਼

-- 06 April,2019

ਰਾਜਨੀਤਕ ਪਾਰਟੀਆਂ ਨੂੰ ਲੋੜੀਂਦੇ ਕਦਮ ਚੁੱਕਣ ਅਤੇ ਇੱਕ-ਵਾਰ ਵਰਤੇ ਜਾਣ ਵਾਲੇ ਪਲਾਸਟਿਕ ਸਮਾਨ ਨਾ ਵਰਤਣ ਲਈ ਵੀ ਕੀਤੀ ਅਪੀਲ
ਚੰਡੀਗੜ, 6 ਅਪ੍ਰੈਲ:
ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ. ਐਸ ਕਰੁਣਾ ਰਾਜੂ ਨੇ ਭਾਰਤੀ ਚੋਣ ਕਮਿਸ਼ਨ ਅਤੇ ਕੇਰਲਾ ਹਾਈ ਕੋਰਟ ਦੇ ਫੈਸਲੇ ਵਿਚਲੀਆਂ ਹਦਾਇਤਾਂ ਅਨੁਸਾਰ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਆਗਾਮੀ ਲੋਕ ਸਭਾ ਚੋਣਾਂ ਦੇ ਚੋਣ ਪ੍ਰਚਾਰ ਦੌਰਾਨ ਇੱਕ-ਵਾਰ ਵਰਤੇ ਜਾਣ ਵਾਲੇ ਪਲਾਸਟਿਕ ਮਟੀਰੀਅਲ ਦੀ ਥਾਂ ਵਾਤਵਰਣ-ਪੱਖੀ ਸਮਾਨ ਵਰਤੇ ਜਾਣ ਨੂੰ ਯਕੀਨੀ ਬਣਾਉਣ ਲਈ ਅਪੀਲ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਐਸ. ਕਰੁਨਾ ਰਾਜੂ ਨੇ ਕਿਹਾ ਕਿ ਭਾਰਤ ਸਰਕਾਰ ਦੇ ਵਾਤਾਵਰਣ , ਜੰਗਲਾਤ ਅਤੇ ਮੌਸਮ ਵਿਭਾਗ ਨਾਲ ਸਬੰਧਤ ਮੰਤਰਾਲੇ ਨੇ ਕਮਿਸ਼ਨ ਕੋਲ ਪਹੁੰਚ ਕਰਕੇ ਬੇਨਤੀ ਕੀਤੀ ਸੀ ਕਿ ਚੋਣ ਪ੍ਰਚਾਰ ਦੌਰਾਨ ਸਾਰੀਆਂ ਰਾਜਨੀਤਕ ਪਾਰਟੀਆਂ ਵੱਲੋਂ ਆਪਣੇ ਪ੍ਰਚਾਰ ਨੂੰ ਵਾਤਵਰਣ-ਪੱਖੀ ਸਮਾਨ ‘ਤੇ ਹੀ ਛਪਵਾਇਆ ਜਾਵੇ।
ਉਨਾਂ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਬਹੁਤ ਸਾਰੇ ਪੋਸਟਰ, ਕੱਟ-ਆਊਟਸ, ਵੱਡੇ ਬੋਰਡ , ਬੈਨਰ, ਰਾਜਨੀਤਕ ਇਸ਼ਤਿਹਾਰ ਆਦਿ ਪਲਾਸਟਿਕ ਦੇ ਬਣੇ ਹੁੰਦੇ ਹਨ ਅਤੇ ਚੋਣਾਂ ਤੋਂ ਬਾਅਦ ਅਜਿਹਾ ਸਾਰਾ ਮਟੀਰੀਅਲ ਰੱਦੀ ਜਾਂ ਕਬਾੜ ਬਣ ਜਾਂਦਾ ਹੈ। ਉਨਾਂ ਅੱਗੇ ਕਿਹਾ ਕਿ ਪ੍ਰਚਾਰ ਵਿੱਚ ਵਰਤਿਆ ਘਟੀਆ ਕਿਸਮ ਦਾ ਪਲਾਸਟਿਕ ਬਾਅਦ ਵਿੱਚ ਨਾਲੀਆਂ ਦੇ ਵਹਾਅ ਵਿੱਚ ਰੁਕਾਵਟ, ਅਵਾਰਾ ਪਸ਼ੂਆਂ ਵੱਲੋਂ ਨਿਗਲੇ ਜਾਣ, ਭੂਮੀ ਤੇ ਜਲ ਪ੍ਰਦੂਸ਼ਨ ਦਾ ਕਾਰਨ ਬਣਦਾ ਹੈ ਜਿਸ ਨਾਲ ਮਨੁੱਖੀ ਸਿਹਤ ਅਤੇ ਵਾਤਾਵਰਣ ਤੇ ਮਾੜਾ ਅਸਰ ਪੈਂਦਾ ਹੈ।
ਮੁੱਖ ਚੋਣ ਅਫਸਰ ਨੇ ਕਿਹਾ ਇਨਾਂ ਵਿੱਚੋਂ ਕੁਝ ਪਲਾਸਟਿਕ ਪੌਲੀ ਵਿਨਾਈਲ ਕਲੋਰਾਈਡ(ਪੀਵੀਸੀ) ਅਧਾਰਤ ਹੁੰਦੇ ਹਨ ਜੋ ਕਿ ਬਹੁਤ ਹਾਨੀਕਾਰਕ ਹਨ।
ਉਨਾਂ ਦੱਸਿਆ ਕਿ ਚੋਣ ਪ੍ਰਚਾਰ ਦੌਰਾਨ ਪੋਸਟਰ, ਕੱਟ-ਆਊਟਸ, ਹੋਰਡਿੰਗਜ਼ , ਬੈਨਰ ਆਦਿ ਪੀਵੀਸੀ ਤੋਂ ਬਣੇ ਹੁੰਦੇ ਹਨ, ਜੋ ਕਿ ਫੂਕੇ ਜਾਣ ਪਿੱਛੋਂ ਬਹੁਤ ਹੀ ਹਾਨੀਕਾਰਕ ਧੂਆਂ ਛੱਡਦੇ ਹਨ ਜਿਸ ਨਾਲ ਵਾਤਾਵਰਣ ਖ਼ਰਾਬ ਹੁੰਦਾ ਹੈ।
ਉਨਾਂ ਕਿਹਾ ਚੋਣ ਪ੍ਰਚਾਰ ਮੌਕੇ ਅਜਿਹੇ ਹਾਨੀਕਾਰਕ ਪਲਾਸਟਿਕ ਮਟੀਰੀਅਲ ਦੀ ਥਾਂ ਕੰਪੋਸਟੇਬਲ ਬੈਗਜ਼, ਕੁਦਰਤੀ ਕੱਪੜਾ, ਰੀ-ਸਾਈਕਲਡ ਪੇਪਰ ਅਤੇ ਹੋਰ ਵਸਤਾਂ ਇਸਤੇਮਾਲ ਵਿੱਚ ਲਿਆਂਦੀਆਂ ਜਾ ਸਕਦੀਆਂ ਹਨ ਜੋ ਕਿ ਵਾਤਾਵਰਣ ਲਈ ਘੱਟ ਹਾਨੀਕਾਰਕ ਹਨ।
ਡਾ. ਐਸ. ਕਰੂਣਾ. ਰਾਜੂ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੇ ਵਾਤਾਵਰਣ ਲਾਭਕਾਰੀ ਤੇ ਕੁਦਰਤੀ ਮਟੀਰੀਅਲ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਅਜਿਹੀ ਨਵੇਕਲੀ ਪਿਰਤ ਪਾਉਣ ਲਈ ਢੁਕਵਾਂ ਮੌਕਾ ਹੈ ਜਦੋਂ ਅਜਿਹੇ ਚਿਰ-ਸਥਾਈ ਮਟੀਰੀਅਲ ਨੂੰ ਉਤਸ਼ਾਹਿਤ ਕਰਕੇ ਅਮਲ ਵਿੱਚ ਲਿਆਂਦਾ ਜਾ ਸਕਦਾ ਹੈ।
ਉਨਾਂ ਅੱਗੇ ਸਪੱਸ਼ਟ ਕੀਤਾ ਕਿ ਸਾਲਿਡ ਵੇਸਟ ਮੈਨੇਜਮੈਂਟ ਰੂਲਜ਼, 2016 ਅਤੇ ਪਲਾਸਟਿਕ ਵੇਸਟ ਮੈਨੇਜਮੈਂਟ ਰੂਲਜ਼, 2016 ਅਤੇ ਹੋਰ ਸਬੰਧਤ ਕਾਨੂੰਨਾਂ ਮੁਤਾਬਕ ਹੀ ਸਥਾਨਕ ਮਿਊਂਸਪਲ ਪੱਧਰ ‘ਤੇ ਪ੍ਰਚਾਰ ਸਮੱਗਰੀ ਨਾਲ ਸਬੰਧਤ ਕੂੜੇ-ਕਰਕਟ ਨੂੰ ਦਾ ਨਿਪਟਾਰਾ ਕੀਤਾ ਜਾਵੇਗਾ। ਉਨਾਂ ਕਿਹਾ ਪ੍ਰਦੂਸ਼ਣ ਫੈਲਾਉਣ ਦਾ ਜਿਹੋ ਜਿਹਾ ਮਾਮਲਾ ਹੋਵੇ ਉਸ ਵਿੱਚ ਪੌਲੂਟਰ ਪੈਅ ਪ੍ਰਿੰਸੀਪਲ ਦੇ ਅਨੁਸਾਰ ਰਾਜਨੀਤਕ ਪਾਰਟੀਆਂ ਜਾਂ ਉਮੀਦਵਾਰਾਂ ਪਾਸੋਂ ਬਣਦੀ ਕੀਮਤ ਵਸੂਲੀ ਜਾਵੇਗੀ।
ਡਾ. ਰਾਜੂ ਨੇ ਮਨੁੱਖੀ ਸਿਹਤ ਤੇ ਵਾਤਾਵਰਣ ਹਿੱਤ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਚੋਣਾਂ ਦੌਰਾਨ ਘਟੀਆ ਕਿਸਮ ਦਾ ਪਲਾਸਟਿਕ ਨਾ ਵਰਤਣ ਸਬੰਧੀ ਢੁਕਵੇਂ ਕਦਮ ਉਠਾਉਣ ਤੇ ਸੁਧਾਰ ਕਰਨ ਲਈ ਅਪੀਲ ਕੀਤੀ।
ਉਨਾਂ ਨੇ ਕੇਸ ਨੰਬਰ 7193, ਬੀ.ਸਿਆਮਕੁਮਰਾ ਬਨਾਮ ਸਟੇਟ ਆਫ ਕੇਰਲਾ ਵਾਲੇ ਕੇਸ ਦੇ ਸਬੰਧ ਵਿੱਚ ਮਾਣਯੋਗ ਹਾਈ ਕੋਰਟ ਕੇਰਲ ਦੇ ਫੈਸਲੇ ਤੋਂ ਵੀ ਜਾਣੂ ਕਰਵਾਇਆ। ਮਾਣਯੋਗ ਅਦਾਲਤ ਨੇ ਹਦਾਇਤ ਕੀਤੀ ਹੈ ਕਿ ਪੂਰੇ ਸੂਬੇ ਵਿੱਚ ਸਾਰੇ ਉਮੀਦਵਾਰ ਅਤੇ ਰਾਸ਼ਟਰੀ/ਸੂਬਾਈ ਰਾਜਨੀਤਕ ਪਾਰਟੀਆਂ , ਚੋਣ ਕਮਿਸ਼ਨ, ਵਾਤਾਵਰਣ ਮੰਤਰਾਲੇ, ਜੰਗਲਾਤ ਅਤੇ ਮੌਸਮ ਵਿਭਾਗ ਨਾਲ ਸਬੰਧਤ ਮੰਤਰਾਲਿਆਂ ਵੱਲੋਂ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾਂ ਕਰਨ ਲਈ ਵਚਨਬੱਧ ਹਨ ਤਾਂ ਜੋ ਚੋਣ ਪ੍ਰਚਾਰ ਦੌਰਾਨ ਕੇਵਲ ਚੰਗਾ, ਕੁਦਰਤੀ ਤੇ ਵਾਤਾਵਰਣ ਲਾਭਕਾਰੀ ਮਟੀਰੀਅਲ ਹੀ ਵਰਤਿਆ ਜਾਵੇ ਅਤੇ ਪੀਵੀਸੀ ਦੇ ਫਲੈੱਕਸ ਬੋਰਡਾਂ ਦੀ ਵਰਤੋਂ ਨਾ ਹੋਵੇ।
ਮੁੱਖ ਚੋਣ ਅਫਸਰ ਨੇ ਕਿਹਾ ਕਿ ਸਾਰੇ ਡੀ.ਈ.ਓ, ਆਰ.ਓ ਤੇ ਹੋਰ ਚੋਣ ਅਥਾਰਟੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਮਾਣਯੋਗ ਕੇਰਲਾ ਹਾਈ ਕੋਰਟ ਅਤੇ ਕਮਿਸ਼ਨ ਦੀਆਂ ਹਦਾਇਤਾਂ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ।

Facebook Comment
Project by : XtremeStudioz