Close
Menu

ਮੁੱਖ ਮੰਤਰੀ ਆਪਣੀ ਸਰਕਾਰ ਦੀ ਅਕਾਲੀਆਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਨਾਕਾਮ ਹੋਣ ਕਰਕੇ ਚੋਣ ਕਮਿਸ਼ਨ ਨਾਲ ਨਰਾਜ਼ ਹੈ: ਅਕਾਲੀ ਦਲ

-- 09 April,2019

ਡਾਕਟਰ ਚੀਮਾ ਨੇ ਕਿਹਾ ਕਿ ਬੇਅਦਬੀ ਦੇ ਮੁੱਦੇ ਦਾ ਸਿਆਸੀਕਰਨ ਕਰਦਿਆਂ ਫੜੇ ਜਾਣ ਮਗਰੋਂ ਕੈਪਟਨ ਅਮਰਿੰਦਰ ਆਪਣਾ ਗੁੱਸਾ ਚੋਣ ਕਮਿਸ਼ਨ ਉੱਤੇ ਕੱਢ ਰਿਹਾ ਹੈ

ਕਿਹਾ ਕਿ ਆਪ ਵੱਲੋਂ ਤੁਰੰਤ ਕਾਂਗਰਸ ਨਾਲ ਮਿਲਾਈ ਸੁਰ ਨੇ ਸਾਬਿਤ ਕੀਤਾ ਕਿ ਇਹ ਕਾਂਗਰਸ ਦੀ ਬੀ ਟੀਮ ਹੈ

ਚੰਡੀਗੜ੍ਹ/09 ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ਉੱਤੇ ਝੂਠੇ ਦੋਸ਼ ਲਾਉਣ ਲਈ ਮੁੱਖ ਮੰਤਰੀ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਹ ਸਿਰਫ ਲਈ ਚੋਣ ਕਮਿਸ਼ਨ ਨਾਲ ਨਾਰਾਜ਼ ਹਨ, ਕਿਉਂਕਿ ਇਸ ਨੇ ਨਾ ਸਿਰਫ ਕਾਂਗਰਸ ਸਰਕਾਰ ਦੀ ਸ਼੍ਰੋਮਣੀ ਅਕਾਲੀ ਦਲ ਅਤੇ ਇਸ ਦੀ ਲੀਡਰਸ਼ਿਪ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰ ਦਿੱਤਾ ਹੈ, ਸਗੋਂ ਕਾਂਗਰਸ ਸਰਕਾਰ ਨੂੰ ਅਜਿਹਾ ਕਰਨ ਤੋਂ ਵਰਜ ਵੀ ਦਿੱਤਾ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਿੰਨੀ ਦੁੱਖ ਦੀ ਗੱਲ ਹੈ ਕਿ ਮੁੱਖ ਮੰਤਰੀ ਨੇ ਸੰਵਿਧਾਨਿਕ ਨਿਯਮਾਂ ਦੀ ਉਲੰਘਣਾ ਕੀਤੀ ਹੈ ਅਤੇ ਉਸ ਚੋਣ ਕਮਿਸ਼ਨ ਦੀ ਨਿਰਪੱਖਤਾ ਨੂੰ ਚੁਣੌਤੀ ਦਿੱਤੀ ਹੈ, ਜਿਸ ਨੇ ਅਕਾਲੀ ਦਲ ਵੱਲੋਂ ਦਿੱਤੇ ਡਿਜੀਟਲ ਸਬੂਤਾਂ ਸਮੇਤ ਆਈਜੀ ਕੁੰਵਰ ਵਿਜੈ ਸਿੰਘ ਖ਼ਿਲਾਫ ਆਈ ਸ਼ਿਕਾਇਤ ਉੱਤੇ ਫੈਸਲਾ ਦਿੱਤਾ ਹੈ। ਉਹਨਾਂ ਕਿਹਾ ਕਿ ਜਿਸ ਤਰੀਕੇ ਨਾਲ ਮੁੱਖ ਮੰਤਰੀ ਨੇ ਚੋਣ ਕਮਿਸ਼ਨ ਖ਼ਿਲਾਫ ਆਪਣੀ ਭੜਾਸ ਕੱਢੀ ਹੈ, ਉਸ ਤੋਂ ਸਾਫ ਦਿਸਦਾ ਹੈ ਕਿ ਉਸ ਦੀ ਸਰਕਾਰ 2015 ਵਿੱਚ ਬਹਿਬਲ ਕਲਾਂ ਅਤੇ ਕੋਟਕਪੂਰਾ ਵਿਖੇ ਵਾਪਰੀਆਂ ਮੰਦਭਾਗੀਆਂ ਬੇਅਦਬੀ ਦੀਆਂ ਘਟਨਾਵਾਂ ਮਗਰੋਂ ਹੋਈ ਪੁਲਿਸ ਕਾਰਵਾਈ ਦਾ ਸਿਆਸੀਕਰਨ ਕਰਦਿਆਂ ਰੰਗੇ ਹੱਥੀਂ ਫੜੀ ਗਈ ਹੈ।
ਇਹ ਕਹਿੰਦਿਆਂ ਕਿ ਇੱਕ ਮੁੱਖ ਮੰਤਰੀ ਨੂੰ ਚੋਣ ਕਮਿਸ਼ਨ ਉੱਤੇ ਇਹ ਦੋਸ਼ ਲਾਉਣਾ ਸ਼ੋਭਾ ਨਹੀਂ ਦਿੰਦਾ ਕਿ ਉਹ ਅਕਾਲੀ-ਭਾਜਪਾ ਗਠਜੋੜ ਦੇ ਨਿਰਦੇਸ਼ਾਂ ਅਨੁਸਾਰ ਚੱਲ ਰਿਹਾ ਹੈ, ਡਾਕਟਰ ਚੀਮਾ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਕੈਪਟਨ ਅਮਰਿੰਦਰ ਐਸਆਈਟੀ ਅਧਿਕਾਰੀ ਖ਼ਿਲਾਫ ਦਿੱਤੀ ਸ਼ਿਕਾਇਤ ਜਾਂ ਇੱਕ ਟੈਲੀਵੀਜ਼ਨ ਇੰਟਰਵਿਊ ਦੀ ਸ਼ਕਲ ਵਿਚ ਚੋਣ ਕਮਿਸ਼ਨ ਨੂੰ ਦਿੱਤੇ ਡਿਜੀਟਲ ਸਬੂਤ ਦੀ ਪ੍ਰਮਾਣਿਕਤਾ ਤੋਂ ਇਨਕਾਰ ਨਹੀਂ ਕਰ ਸਕਦਾ, ਜਿਸ ਤੋਂ ਸਾਬਿਤ ਹੁੰਦਾ ਹੈ ਕਿ ਚੋਣ ਕਮਿਸ਼ਨ ਨੇ ਬਿਲਕੁੱਲ ਨਿਰਪੱਖ ਢੰਗ ਨਾਲ ਕਾਰਵਾਈ ਕੀਤੀ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਤਕਲੀਫ ਨੂੰ ਸਮਝਿਆ ਜਾ ਸਕਦਾ ਹੈ,ਕਿਉਂਕਿ ਚੋਣ ਕਮਿਸ਼ਨ ਨੇ ਇਸ ਦੀ ਝੂਠ ਦੀ ਰਾਜਨੀਤੀ ਬੰਦ ਕਰਵਾ ਦਿੱਤੀ ਹੈ। ਉਹਨਾਂ ਕਿਹਾ ਕਿ ਇਸੇ ਕਰਕੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਪੁਲਿਸ ਅਧਿਕਾਰੀ ਦੀ ਹਮਾਇਤ ਵਾਸਤੇ ਭੱਜਿਆ ਭੱਜਿਆ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਕੋਲ ਪੁੱਜਿਆ ਅਤੇ ਇਸ ਨੂੰ ਅਕਾਲੀ-ਭਾਜਪਾ ਗਠਜੋੜ ਦਾ ਔਜਾਰ ਕਹਿ ਕੇ ਸ਼ਰੇਆਮ ਅਪਮਾਨਿਤ ਕੀਤਾ।
ਇਹ ਕਹਿੰਦਿਆਂ ਕਿ ਚੋਣ ਕਮਿਸ਼ਨ ਨੇ ਸਹੀ ਸਟੈਂਡ ਲਿਆ ਹੈ, ਡਾਕਟਰ ਚੀਮਾ ਨੇ ਕਿਹਾ ਕਿ ਕਾਂਗਰਸ ਦੀ ਖੇਡ ਸਿਟ ਰਾਹੀਂ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਸੀ, ਜਿਹੜਾ ਕਿ ਬਹੁਤ ਹੀ ਪੱਖਪਾਤੀ ਢੰਗ ਨਾਲ ਕੰਮ ਕਰ ਰਿਹਾ ਸੀ ਅਤੇ ਇਸ ਦਾ ਅਧਿਕਾਰੀ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਅਕਾਲੀ ਦਲ ਅਤੇ ਇਸ ਦੇ ਆਗੂਆਂ ਦਾ ਅਕਸ ਖ਼ਰਾਬ ਕਰਨ ਲਈ ਸਿਆਸਤ ਤੋਂ ਪ੍ਰੇਰਿਤ ਇੰਟਰਵਿਊਆਂ ਦੇ ਰਿਹਾ ਸੀ। ਉਹਨਾਂ ਕਿਹਾ ਕਿ ਇਸ ਸਾਜ਼ਿਸ਼ ਨੂੰ ਸ਼ੁਰੂ ਵਿਚ ਹੀ ਦਬਾ ਦਿੱਤਾ ਗਿਆ ਹੈ, ਜਿਸ ਕਰਕੇ ਕਾਂਗਰਸ ਪਾਰਟੀ ਨੂੰ ਬਹੁਤ ਜ਼ਿਆਦਾ ਤਕਲੀਫ਼ ਹੋਈ ਹੈ।
ਅਕਾਲੀ ਆਗੂ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਪ੍ਰਤੀਕਿਰਿਆ ਤਾਂ ਸਮਝ ਵਿਚ ਆਉਂਦੀ ਹੈ, ਪਰ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਪੁਲਿਸ ਅਧਿਕਾਰੀ ਅਤੇ ਕਾਂਗਰਸ ਪਾਰਟੀ ਦੀ ਹਮਾਇਤ ਵਿਚ ਬਹੁੜੀ ਹੈ, ਉਸ ਤੋਂ ਇਹਨਾਂ ਦੋਹਾਂ ਪਾਰਟੀਆਂ ਦੀ ਅੰਦਰਲੀ ਗੰਢਤੁਪ ਦਾ ਭੇਤ ਖੁੱਲ੍ਹਦਾ ਹੈ। ਉਹਨਾਂ ਕਿਹਾ ਕਿ ਅਸੀਂ ਲਗਾਤਾਰ ਦਾਅਵਾ ਕਰਦੇ ਆ ਰਹੇ ਹਾਂ ਕਿ ਆਪ ਕਾਂਗਰਸ ਦੀ ਬੀ ਟੀਮ ਹੈ। ਜਿਸ ਤਰੀਕੇ ਨਾਲ ਆਪ ਵਿਧਾਇਕ ਅਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕਾਂਗਰਸ ਤੋਂ ਵੀ ਪਹਿਲਾਂ ਇਹ ਬਿਆਨ ਜਾਰੀ ਕੀਤਾ ਹੈ ਕਿ ਉਹਨਾਂ ਦੀ ਪਾਰਟੀ ਆਈਜੀ ਦੇ ਤਬਾਦਲੇ ਸੰਬੰਧੀ ਫੈਸਲੇ ਉੱਤੇ ਨਜ਼ਰਸਾਨੀ ਕਰਵਾਉਣ ਲਈ ਚੋਣ ਕਮਿਸ਼ਨ ਨੂੰ ਮਿਲੇਗੀ, ਉਸ ਤੋਂ ਸਾਬਿਤ ਹੋ ਗਿਆ ਹੈ, ਇਹ ਦੋਵੇਂ ਪਾਰਟੀਆਂ ਅੰਦਰੋਂ ਘਿਓ-ਖਿਚੜੀ ਹਨ।
ਆਪ ਅਤੇ ਕਾਂਗਰਸ ਪਾਰਟੀ ਨੂੰ ਸੌੜੀ ਸਿਆਸਤ ਤੋਂ ਵਰਜਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਕਿਸੇ ਵੀ ਪਾਰਟੀ ਨੂੰ ਸਿਰਫ ਇਸ ਲਈ ਚੋਣ ਕਮਿਸ਼ਨ ਵਰਗੀ ਸੰਵਿਧਾਨਿਕ ਅਥਾਰਟੀ ਦਾ ਅਪਮਾਨ ਨਹੀਂ ਕਰਨਾ ਚਾਹੀਦਾ, ਕਿਉਂਕਿ ਇੱਕ ਖਾਸ ਫੈਸਲਾ ਉਹਨਾਂ ਦੇ ਹੱਕ ਵਿਚ ਨਹੀਂ ਗਿਆ। ਉਹਨਾਂ ਕਿਹਾ ਕਿ ਅਜਿਹੇ ਹਥਕੰਡਿਆਂ ਨਾਲ ਕਾਂਗਰਸ ਪਾਰਟੀ ਆਪਣੀ ਨਾਕਾਮੀਆਂ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਵਿਚ ਕਾਮਯਾਬ ਨਹੀਂ ਹੋਵੇਗੀ।

Facebook Comment
Project by : XtremeStudioz