Close
Menu

ਮੁੱਖ ਮੰਤਰੀ ਦਾ ਸਲਾਹਕਾਰ ਬੈਂਸ ਬਗ਼ੈਰ ਤਨਖਾਹ ਨਿਭਾਅ ਰਿਹਾ ਹੈ ‘ਸੇਵਾ’

-- 07 September,2013

1363620270harcharan-bains-cm-advisor

ਚੰਡੀਗੜ੍ਹ, 7 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਪੰਜਾਬ ਦੇ ਲੋਕ ਸੰਪਰਕ ਵਿਭਾਗ ਵਿੱਚ ਵਾਪਰ ਰਹੀਆਂ ਘਟਨਾਵਾਂ ਕਾਰਨ ਇਹ ਵਿਭਾਗ ਪ੍ਰਸ਼ਾਸਕੀ ਹਲਕਿਆਂ ’ਚ ਚਰਚਾ ਦਾ ਵਿਸ਼ਾ ਬਣਿਆ ਪਿਆ ਹੈ। ਇਸ ਵਿਭਾਗ ਦਾ ਸਭ ਤੋਂ ਵੱਡਾ ਚਰਚਿਤ ਮਾਮਲਾ ਇਹ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਮੀਡੀਆ ਤੇ ਕੌਮੀ ਮਾਮਲਿਆਂ ਦੇ ਸਲਾਹਕਾਰ ਹਰਚਰਨ ਸਿੰਘ ਬੈਂਸ ਨੂੰ ਸਰਕਾਰ ਨੇ ਅਜੇ ਤੱਕ ਤਨਖਾਹ ਅਤੇ ਹੋਰ ਸਹੂਲਤਾਂ ਤੋਂ ਵਿਰਵਾ ਰੱਖਿਆ ਹੋਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸ੍ਰੀ ਬੈਂਸ ਨੂੰ ਸਹੂਲਤਾਂ ਦੇਣ ਵਾਲੀ ਫਾਈਲ ਨੂੰ ਸੂਚਨਾ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਕੋਲ ਬਰੇਕਾਂ ਲੱਗੀਆਂ ਪਈਆਂ ਹਨ। ਵਿਭਾਗ ਵਿੱਚ ਹਾਲ ਹੀ ਦੇ ਦਿਨਾਂ ਦੌਰਾਨ ਹੋਰ ਵੀ ਕਈ ਵੱਡੀਆਂ ਤਬਦੀਲੀਆਂ ਹੋਈਆਂ ਹਨ। ਇੱਕ ਤਬਦੀਲੀ ਹਰਚਰਨ ਬੈਂਸ ਤੋਂ ਵਿਭਾਗ ਦੇ ਅਧਿਕਾਰਤ ਮੈਗਜ਼ੀਨ ਐਡਵਾਂਸ ਦੇ ਐਡੀਟਰ ਇਨ ਚੀਫ ਦਾ ਅਹੁਦਾ ਖੁੱਸ ਜਾਣਾ ਹੈ। ਇਸ ਅਹੁਦੇ ’ਤੇ ਪੱਤਰਕਾਰ ਅਜੇ ਭਾਰਦਵਾਜ ਨੂੰ ਭਰਤੀ ਕੀਤਾ ਗਿਆ ਹੈ। ਇਸੇ ਤਰ੍ਹਾਂ ਐਡੀਟਰ ਦੇ ਅਹੁਦੇ ’ਤੇ ਡੌਨਲਡ ਬੈਨਰਜੀ ਦੀ ਨਿਯੁਕਤੀ ਹੋਈ ਹੈ। ਡਿਪਟੀ ਡਾਇਰੈਕਟਰ ਰੈਂਕ ਦੇ ਅਫ਼ਸਰ ਸੁਰਿੰਦਰ ਮਲਿਕ ਜੋ ਕਿ ਪਿਛਲੇ ਕਈ  ਸਾਲਾਂ ਤੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਤਾਇਨਾਤ ਸੀ, ਦੀ ਛੁੱਟੀ ਕਰ ਦਿੱਤੀ ਹੈ। ਹਰਚਰਨ ਸਿੰਘ ਬੈਂਸ ਪਿਛਲੇ ਤਕਰੀਬਨ ਦੋ ਦਹਾਕਿਆਂ ਤੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਜੁੜੇ ਹੋਏ ਹਨ। ਪਿਛਲੇ ਤਿੰਨ ਕਾਰਜਕਾਲ ਦੌਰਾਨ ਇਸ ਤਰ੍ਹਾਂ ਦੀ ਸਥਿਤੀ ਸਾਹਮਣੇ ਨਹੀਂ ਆਈ ਜਿਸ ਤਰ੍ਹਾਂ ਦੇ ਹਾਲਾਤ ਹੁਣ ਬਣੇ ਹਨ। ਮੁੱਖ ਮੰਤਰੀ ਨੇ ਸ੍ਰੀ ਬੈਂਸ ਨੂੰ ਸਾਲ 2012 ਦੌਰਾਨ ਸਰਕਾਰ ਦੇ ਗਠਨ ਤੋਂ ਤਿੰਨ ਕੁ ਮਹੀਨੇ ਬਾਅਦ ਨਿਯੁਕਤ ਕੀਤਾ ਸੀ। ਇਸ ਤਰ੍ਹਾਂ ਨਾਲ ਇਸ ਨਿਯੁਕਤੀ ਨੂੰ ਹੋਇਆਂ ਸਵਾ ਸਾਲ ਤੋਂ ਵਧੀਕ ਦਾ ਸਮਾਂ ਹੋ ਗਿਆ ਹੈ। ਮੁੱਖ ਮੰਤਰੀ ਨੇ ਸ੍ਰੀ ਬੈਂਸ ਨੂੰ ਮੀਡੀਆ ਅਤੇ ਕੌਮੀ ਮਾਮਲਿਆਂ ਦਾ ਸਲਾਹਕਾਰ ਤਾਂ ਨਿਯੁਕਤ ਕਰ ਦਿੱਤਾ ਪਰ ਅਜੇ ਤੱਕ ਨਿਯੁਕਤੀ ਦੀਆਂ ਸ਼ਰਤਾਂ ਤੈਅ ਨਹੀਂ ਕੀਤੀਆਂ ਜਿਸ ਕਾਰਨ ਉਨ੍ਹਾਂ ਨੂੰ ਅਜੇ ਤੱਕ ਤਨਖਾਹ ਆਦਿ ਨਹੀਂ ਮਿਲੀ। ਲੋਕ ਸੰਪਰਕ ਵਿਭਾਗ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਸਾਲ 2007 ’ਚ ਜਦੋਂ ਨਿਯੁਕਤੀ ਹੋਈ ਸੀ ਤਾਂ ਨਿਯੁਕਤੀ ਪੱਤਰ ਵਿੱਚ ਹੀ ਤਨਖਾਹ, ਕਾਰ ਅਤੇ ਨੌਕਰ ਚਾਕਰ ਦੀ ਸਹੂਲਤ ਦਾ ਵੇਰਵਾ ਦੇ ਦਿੱਤਾ ਗਿਆ ਸੀ ਪਰ 2012 ਦੀ ਨਿਯੁਕਤੀ ਦੌਰਾਨ ਇਸ ਤਰ੍ਹਾਂ ਦਾ ਵੇਰਵਾ ਨਹੀਂ ਦਿੱਤਾ ਗਿਆ। ਲੋਕ ਸੰਪਰਕ ਵਿਭਾਗ ਨੇ ਹਾਲ ਹੀ ਦੌਰਾਨ ਇਹ ਮਾਮਲਾ ਮੁੱਖ ਮੰਤਰੀ ਦਫ਼ਤਰ ਨੂੰ ਭੇਜਦਿਆਂ ਲਿਖਿਆ ਹੈ ਕਿ ਸ੍ਰੀ ਬੈਂਸ ਨੂੰ ਰਾਜ ਮੰਤਰੀ ਦੀ ਤਨਖਾਹ ਅਤੇ ਹੋਰ ਸਹੂਲਤਾਂ ਦਿੱਤੀਆਂ ਜਾਣ। ਵਿਭਾਗ ਦੇ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਸਾਲ 2007 ਤੋਂ 2012 ਦੇ ਕਾਰਜਕਾਲ ਦੌਰਾਨ ਸ੍ਰੀ ਬੈਂਸ ਨੇ ਪੱਤਰਕਾਰਾਂ ਦੀ ਆਓ ਭਗਤ ਦੇ ਬਹੁਤ ਸਾਰੇ ਬਿਲਾਂ ਦੇ ਭੁਗਤਾਨ ਦਾ ਮੁਆਵਜ਼ਾ ਲਿਆ ਪਰ ਇਸ ਵਾਰ ਉਹ ਪੱਤਰਕਾਰਾਂ ਦੀ ਆਓ ਭਗਤ ਵੀ ਨਹੀਂ ਕਰ ਰਹੇ ਨੌਕਰਾਂ ਦੀ ਸਹੂਲਤ ਵੀ ਨਹੀਂ ਦਿੱਤੀ ਗਈ ਹੈ। ਅਧਿਕਾਰੀਆਂ ਮੁਤਾਬਕ ਸ੍ਰੀ ਬੈਂਸ ਨੂੰ ਕਾਰ ਦੀ ਸਹੂਲਤ ਦਿੱਤੀ ਹੋਈ ਹੈ। ਇਸ ਕਰਕੇ ਕਾਰ ਦੇ ਤੇਲ ਦੇ ਬਿਲ ਪਾਸ ਹੋਣ ਵਿੱਚ ਤਾਂ ਕੋਈ ਦਿੱਕਤ ਨਹੀਂ ਪਰ ਸ਼ਰਤਾਂ ਤੈਅ ਨਾ ਹੋਣ ਕਾਰਨ ਆਓ ਭਗਤ ਦੇ ਬਿਲ ਪਾਸ ਹੋਣ ਵਿੱਚ ਦਿੱਕਤ ਆ ਸਕਦੀ ਹੈ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਜਦੋਂ ਤੋਂ ਆਪਣੇ ਮੀਡੀਆ ਸਲਾਹਕਾਰ ਦੀ ਨਿਯੁਕਤੀ ਕੀਤੀ ਹੈ ਉਦੋਂ ਤੋਂ ਸ੍ਰੀ ਬੈਂਸ ਇੱਕ ਤਰ੍ਹਾਂ ਨਾਲ ਹਾਸ਼ੀਏ ’ਤੇ ਹੀ ਚਲੇ ਗਏ ਹਨ। ਦੇਖਿਆ ਜਾਵੇ ਤਾਂ ਅੱਜ ਪੰਜਾਬ ਸਰਕਾਰ ਵਿੱਚ ਸਲਾਹਕਾਰਾਂ ਦੀ ਗਿਣਤੀ ਚੋਖੀ ਹੋ ਗਈ ਹੈ। ਹਰਚਰਨ ਬੈਂਸ, ਜੰਗਵੀਰ ਸਿੰਘ, ਵਿਨੀਤ ਜੋਸ਼ੀ ਮੀਡੀਆ ਸਲਾਹਕਾਰ ਤੇ ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਤੀਕਸ਼ਨ ਸੂਦ ਸਿਆਸੀ ਸਲਾਹਕਾਰ ਨਿਯੁਕਤ ਕੀਤੇ ਗਏ ਹਨ। ਸੁਰਿੰਦਰ ਮਲਿਕ ਦਾ ਤਬਾਦਲਾ ਵੀ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿੱਚ ਵੱਡੀ ਤਬਦੀਲੀ ਹੈ। ਉਹ ਸਾਲ 2009 ਤੋਂ ਹੀ ਉਪ ਮੁੱਖ ਮੰਤਰੀ ਨਾਲ ਜੁੜੇ ਹੋਏ ਸਨ। ਸੂਤਰਾਂ ਦਾ ਦੱਸਣਾ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਉਪ ਮੁੱਖ ਮੰਤਰੀ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਮਲਿਕ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਸਨ। ਵਿਭਾਗ ਵਿਚਲੀ ਅੰਦਰੂਨੀ ਖਹਿਬਾਜੀ ਵੀ ਇਸ ਤਬਦੀਲੀ ਦਾ ਅਧਾਰ ਹੈ।
ਇਸ ਸਬੰਧੀ ਵਿਭਾਗ ਦੇ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦੱਸਿਆ ਕਿ ਸੂਚਨਾ ਤੇ ਲੋਕ ਸੰਪਰਕ ਮੰਤਰੀ ਲੋਕ ਸੰਪਰਕ ਵਿਭਾਗ ਨੇ ਹਰਚਰਨ ਸਿੰਘ ਬੈਂਸ ਨੂੰ ਇੱਕ ਵਿਸ਼ੇਸ਼ ਤਨਖਾਹ ਸਕੇਲ ਦੇਣ ਦਾ ਫੈਸਲਾ ਕਰ ਲਿਆ ਸੀ ਪਰ ਸ੍ਰੀ ਬੈਂਸ ਵੱਲੋਂ ਵਧੇਰੇ ਤਨਖਾਹ ਸਕੇਲ ਦੀ ਮੰਗ ਦਾ ਪੱਤਰ ਵਿਭਾਗ ਨੂੰ ਲਿਖਿਆ ਗਿਆ ਹੈ। ਇਸ ਪੱਤਰ ਦੇ ਅਧਾਰ ’ਤੇ ਵਿਭਾਗ ਤੋਂ ਰਿਪੋਰਟ ਮੰਗੀ ਗਈ ਹੈ। ਰਿਪੋਰਟ ਨੂੰ ਘੋਖਣ ਤੋਂ ੁਬਾਅਦ ਹੀ ਸ੍ਰੀ ਬੈਂਸ ਨੂੰ ਤਨਖਾਹ ਦੇਣ ਦਾ ਫੈਸਲਾ ਲਿਆ ਜਾਵੇਗਾ।’’  ਇਸ ਸਬੰਧੀ ਹਰਚਰਨ ਸਿੰਘ ਬੈਂਸ, ਮੀਡੀਆ ਸਲਾਹਕਾਰ ਮੁੱਖ ਮੰਤਰੀ ਪੰਜਾਬ ਨੇ ਕਿਹਾ ‘ਮੈਨੂੰ ਅਜੇ ਤੱਕ ਤਨਖਾਹ ਨਾ ਮਿਲਣਾ ਇੱਕ ਸਧਾਰਨ ਗੱਲ ਹੈ ਕਿਉਂਕਿ ਅਕਸਰ ਸਰਕਾਰ ਵਿੱਚ ਫੈਸਲੇ ਲੈਣ ’ਚ ਦੇਰੀ ਹੋ ਜਾਂਦੀ ਹੈ। ਉਂਜ ਮੇਰੇ ਲਈ ਮੁੱਖ ਮੰਤਰੀ, ਉਪ ਮੁੱਖ ਮੰਤਰੀ ਤੇ ਬਿਕਰਮ ਮਜੀਠੀਆ ਦਾ ਪਿਆਰ ਹੀ ਤਨਖਾਹ ਹੈ।’

Facebook Comment
Project by : XtremeStudioz