Close
Menu

ਮੁੱਖ ਮੰਤਰੀ ਨੇ ਅਕਾਲੀ ਦਲ ਦੇ ਸਰਪ੍ਰਸਤ ਵੱਲੋਂ ਗਿ੍ਰਫਤਾਰ ਕਰਨ ਦੀ ਚੁਣੌਤੀ ਦੇਣ ਦਾ ਸਖਤ ਸ਼ਬਦਾਂ ਵਿੱਚ ਦਿੱਤਾ ਜਵਾਬ

-- 22 February,2019

ਚੰਡੀਗੜ, 22 ਫਰਵਰੀ

ਬੇਅਦਬੀ ਮਾਮਲਿਆਂ ਬਾਰੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਤਾਜ਼ਾ ਬਿਆਨ ਨੂੰ ਲੋਕਾਂ ਸਾਹਮਣੇ ਜ਼ਾਹਰਾ ਤੌਰ ’ਤੇ ਘਬਰਾਹਟ ਦੀ ਨਿਸ਼ਾਨੀ ਦੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਨੂੰ ਲਗਾਤਾਰ ਅਜਿਹੇ ਢਕਵੰਜ ਰਚਣ ਵਿਰੁੱਧ ਚਿਤਾਵਨੀ ਦਿੱਤੀ ਹੈ। ਉਨਾਂ ਕਿਹਾ ਕਿ ਅਜਿਹੀ ਨੋਟੰਕੀ ਅਕਾਲੀਆਂ ਦੀ ਸਿਆਸੀ ਤੌਰ ’ਤੇ ਖੁੱਸੀ ਹੋਈ ਜ਼ਮੀਨ ਮੁੜ ਹਾਸਲ ਕਰਨ ਵਿੱਚ ਉਸ ਲਈ ਮਦਦਗਾਰ ਸਾਬਤ ਨਹੀਂ ਹੋਵੇਗੀ। 

ਬਾਦਲ ਵੱਲੋਂ ਉਸ ਨੂੰ ਜੇਲ ਵਿੱਚ ਭੇਜਣ ਦੀ ਨਾਟਕੀ ਚੁਣੌਤੀ ’ਤੇ ਸਖਤ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਵੱਡੇ ਬਾਦਲ ਦੀ ਇਕ ਹੋਰ ਡਰਾਮੇਬਾਜ਼ੀ ਦੱਸਦਿਆਂ ਇਸ ਦੀ ਖਿੱਲੀ ਉਡਾਈ। ਉਨਾਂ ਕਿਹਾ ਕਿ ਬੇਅਦਬੀ ਮਾਮਲਿਆਂ ਬਾਰੇ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਪਿਛੋਕੜ ਵਿੱਚ ਬਾਦਲ ਆਪਣੇ ਆਪ ਨੂੰ ਨੁੱਕਰੇ ਲੱਗਿਆ ਮਹਿਸੂਸ ਕਰ ਰਿਹਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘‘ਜੇਕਰ ਉਸ (ਬਾਦਲ) ਕੋਲ ਲੁਕੋਣ ਲਈ ਕੁਝ ਨਹੀ ਹੈ ਤਾਂ ਉਹ ਇਨਾਂ ਰੌਲਾ-ਰੱਪਾ ਕਿਉਂ ਪਾਉਂਦਾ ਹੈ।’’ ਉਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੂੰ ਜਦੋਂ ਬੇਚੈਨੀ ਵਾਲੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਆਪਣੀ ਆਦਤ ਅਨੁਸਾਰ ਅਜਿਹੇ ਢਕਵੰਜ ਰਚਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੇ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਸਬੰਧ ਵਿੱਚ ਕਦੇ ਵੀ ਬਾਦਲ ਜਾਂ ਕਿਸੇ ਹੋਰ ਦਾ ਨਾਂ ਨਹੀ ਲਿਆ ਅਤੇ ਉਨਾਂ ਨੂੰ ਹੈਰਾਨੀ ਹੋਈ ਹੈ ਕਿ ਬਾਦਲ ਦੀ ਇਹ ਪ੍ਰਤੀਕਿਰਿਆ ਉਸ ਦੇ ਗੁਨਾਹਗਾਰ ਜ਼ਮੀਰ ਦਾ ਪ੍ਰਗਟਾਵਾ ਕਰਦੀ ਹੈ।

ਅਕਾਲੀ ਦਲ ਦੇ ਸਰਪ੍ਰਸਤ ਵੱਲੋਂ ਕਾਂਗਰਸ ਸਰਕਾਰ ਦੁਆਰਾ ਉਸ ਨੂੰ ਸਿਆਸੀ ਤੌਰ ’ਤੇ ਨਿਸ਼ਾਨਾ ਬਣਾਉਣ ਦੇ ਲਾਏ ਦੋਸ਼ਾਂ ਨੂੰ ਰੱਦ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਅਜਿਹੇ ਸ਼ਰਮਨਾਕ ਅਤੇ ਘਟੀਆ ਹੱਥਕੰਡੇ ਵਰਤਣਾ ਅਕਾਲੀਆਂ ਦਾ ਕੰਮ ਹੈ ਅਤੇ ਕਾਂਗਰਸ ਲੀਡਰਸ਼ਿਪ ਕਦੇ ਵੀ ਅਜਿਹੇ ਕੰਮਾਂ ਵਿੱਚ ਵਿਸ਼ਵਾਸ ਨਹੀਂ ਰੱਖਦੀ। ਉਨਾਂ ਨੇ ਆਪਣੇ ਸਟੈਂਡ ਨੂੰ ਮੁੜ ਦੁਹਰਾਉਂਦੇ ਆਖਿਆ ਕਿ ਉਹ ਸਿਆਸੀ ਬਦਲਾਖੋਰੀ ਦੀ ਰਾਹ ’ਤੇ ਨਹੀਂ ਚੱਲਣਗੇ ਅਤੇ ਕਾਨੂੰਨ ਨੂੰ ਖੁਦ ਆਪਣਾ ਰਾਹ ਅਖਤਿਆਰ ਕਰਨ ਦੀ ਇਜ਼ਾਜਤ ਦੇਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਗੋਲੀਕਾਂਡ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦੇ ਗਠਨ ਦਾ ਫੈਸਲਾ ਵਿਧਾਨ ਸਭਾ ਵਿੱਚ ਲਿਆ ਗਿਆ ਸੀ ਅਤੇ ਇਹ ਟੀਮ ਪੂਰੀ ਤਰਾਂ ਆਜ਼ਾਦਾਨਾ ਏਜੰਸੀ ਹੈ ਜਿਸ ਵਿੱਚ ਸਰਕਾਰ ਦੀਂ ਕਿਸੇ ਤਰਾਂ ਦੀ ਦਖਲਅੰਦਾਜ਼ੀ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੁੱਛਗਿਛ ਲਈ ਕਿਸ ਨੂੰ ਬੁਲਾਉਣਾ ਅਤੇ ਕਿਸ ਨੂੰ ਗਿ੍ਰਫਤਾਰ ਕਰਨਾ ਹੈ, ਇਹ ਐਸ.ਆਈ.ਟੀ. ਦਾ ਅਧਿਕਾਰ ਖੇਤਰ ਹੈ। ਉਨਾਂ ਕਿਹਾ ਕਿ ਇਹ ਜਾਂਚ ਏਜੰਸੀ ਸਰਕਾਰ ਦੀ ਕਠਪੁਤਲੀ ਵਜੋਂ ਕੰਮ ਨਹੀਂ ਕਰਦੀ ਜਿਵੇਂ ਕਿ ਬਾਦਲਾਂ ਦੇ ਸ਼ਾਸਨਕਾਲ ਦੌਰਾਨ ਹੁੰਦਾ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਇਹ ਵਾਰ-ਵਾਰ ਸਪੱਸ਼ਟ ਕੀਤਾ ਹੈ ਕਿ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਮਾਰੇ ਗਏ ਬੇਕਸੂਰ ਲੋਕਾਂ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਅਹੁਦੇ ਜਾਂ ਸਿਆਸੀ ਤੌਰ ’ਤੇ ਕਿੱਡਾ ਹੀ ਕੱਦਾਵਾਰ ਕਿਉਂ ਨਾ ਹੋਵੇ। ਉਨਾਂ ਕਿਹਾ ਕਿ ਜੇਕਰ ਬਾਦਲ ਇਸ ਨੂੰ ਆਪਣੇ ਲਈ ਖ਼ਤਰਾ ਹੋਣ ਵਜੋਂ ਦੇਖਦਾ ਹੈ ਤਾਂ ਇਸ ਦਾ ਇਹੀ ਮਤਲਬ ਕੱਢਿਆ ਜਾ ਸਕਦਾ ਹੈ ਕਿ ਉਹ ਐਸ.ਆਈ.ਟੀ. ਦੀ ਜਾਂਚ ਵਿੱਚੋਂ ਨਿਕਲਣ ਵਾਲੇ ਨਤੀਜਿਆਂ ਤੋਂ ਡਰਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਨੂੰ ਹੁਣ ਛੋਟੇ-ਮੋਟੇ ਗੁੰਡਿਆਂ ਵਾਂਗ ਵਿਹਾਰ ਕਰਨ ਅਤੇ ਲੋਕਾਂ ਦਾ ਧਿਆਨ ਖਿੱਚਣ ਲਈ ਗੈਰ-ਜ਼ਰੂਰੀ ਮੁੱਦਿਆਂ ’ਤੇ ਹੁੱਲੜਬਾਜ਼ੀ ਕਰਨ ਅਤੇ ਡਰਾਮੇਬਾਜ਼ੀ ਬੰਦ ਕਰਕੇ ਜ਼ਿੰਮੇਵਾਰ ਵਿਰੋਧੀ ਧਿਰ ਵਜੋਂ ਕੰਮ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਉਨਾਂ ਨੇ ਬਾਦਲ ਨੂੰ ਪੁੱਛਿਆ ਕਿ ਕੀ ਉਸ ਨੂੰ ਅਜਿਹਾ ਕਰਨਾ ਔਖਾ ਲਗਦਾ ਹੈ? ਉਨਾਂ ਕਿਹਾ ਕਿ ਪੰਜਾਬ ਦੇ ਲੋਕ ਮੂਰਖ ਨਹੀ ਹਨ ਅਤੇ ਉਹ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਅਕਾਲੀਆਂ ਦੀਆਂ ਅਜਿਹੀਆਂ ਚਾਲਬਾਜ਼ੀਆਂ ਨੂੰ ਚੰਗੀ ਤਰਾਂ ਸਮਝਦੇ ਹਨ। ਉਨਾਂ ਕਿਹਾ ਕਿ ਅਗਾਮੀ ਲੋਕ ਸਭਾ ਚੋਣਾਂ ਵਿੱਚ ਆਪਣੀ ਸਪੱਸ਼ਟ ਹਾਰ ਦਿਸਦੀ ਵੇਖ ਕੇ ਬਾਦਲ ਨਿਰਾਸ਼ਾ ਦੇ ਆਲਮ ਵਿੱਚ ਅਜਿਹਾ ਕਰ ਰਿਹਾ ਹੈ।

Facebook Comment
Project by : XtremeStudioz