Close
Menu

ਮੁੱਖ ਮੰਤਰੀ ਨੇ ਜਲ ਸਪਲਾਈ ਸਕੀਮਾਂ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਆਖਿਆ

-- 22 September,2013

111

ਚੰਡੀਗੜ੍ਹ, 22 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੂੰ ਆਖਿਆ ਕਿ ਸੂਬਾ ਭਰ ਵਿੱਚ ਸਾਰੀਆਂ ਜਲ ਸਪਲਾਈ ਸਕੀਮਾਂ ਨੂੰ ਸੁਚਾਰੂ ਢੰਗ ਨਾਲ ਅਮਲ ਵਿੱਚ ਲਿਆਉਣ ਨੂੰ ਯਕੀਨੀ ਬਣਾਉਣ ਵਾਸਤੇ ਇੱਕ ਵਿਆਪਕ ਯੋਜਨਾ ਤਿਆਰ ਕੀਤੀ ਜਾਵੇ।ਸ. ਬਾਦਲ ਨੇ ਬੀਤੀ ਦੇਰ ਸ਼ਾਮ ਆਪਣੀ ਰਿਹਾਇਸ਼ ‘ਤੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਇਕ ਉਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਿਭਾਗ ਦੇ ਕੰਮ-ਕਾਜ ਦਾ ਜਾਇਜ਼ਾ ਲਿਆ।

ਵਿਭਾਗੀ ਕੰਮ-ਕਾਜ ਵਿੱਚ ਆਉਂਦੀਆਂ ਰੁਕਾਵਟਾਂ ਪ੍ਰਤੀ ਮੁੱਖ ਮੰਤਰੀ ਨੇ ਵਿਭਾਗ ਦੀ ਤਰਕਸੰਗਤ ਨੀਤੀ ਨੂੰ ਪ੍ਰਵਾਨਗੀ ਦਿੰਦਿਆਂ ਪ੍ਰਮੁੱਖ ਸਕੱਤਰ ਜਲ ਸਪਲਾਈ ਤੇ ਸੈਨੀਟੇਸ਼ਨ ਨੂੰ ਆਖਿਆ ਕਿ ਛੇਤੀ ਤੋਂ ਛੇਤੀ ਤਬਦੀਲੀ ਨੀਤੀ ਦਾ ਖਰੜਾ ਤਿਆਰ ਕੀਤਾ ਜਾਵੇ ਤਾਂ ਕਿ ਵਿਭਾਗ ਦੇ ਕੰਮ-ਕਾਜ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। ਮੁਲਾਜ਼ਮਾਂ ਦੇ ਅਨੁਸ਼ਾਸ਼ਨਹੀਣਤਾ ਅਤੇ ਸੁਸਤ ਰਵੱਈਏ ਪ੍ਰਤੀ ਚਿੰਤਾ ਪ੍ਰਗਟਾਉਂਦਿਆਂ ਸ. ਬਾਦਲ ਨੇ ਸਹੀ ਢੰਗ ਨਾਲ ਡਿਊਟੀ ਨਾ ਕਰਨ ਵਾਲੇ ਅਧਿਕਾਰੀਆਂ ਨੂੰ ਜਬਰੀ ਸੇਵਾ ਮੁਕਤ ਕਰਨ ਦੀ ਚੇਤਾਵਨੀ ਦਿੱਤੀ। ਉਨ੍ਹਾਂ ਨੇ ਪ੍ਰਮੁੱਖ ਸਕੱਤਰ ਨੂੰ ਸਪੱਸ਼ਟ ਸ਼ਬਦਾਂ ਵਿੱਚ ਆਖਿਆ ਕਿ ਉਹ ਸੀਨੀਅਰ ਅਧਿਕਾਰੀਆਂ ਦੀ ਲਗਾਤਾਰ ਨਿਗਰਾਨੀ ਰੱਖਣ ਅਤੇ ਇਸ ਤੋਂ ਇਲਾਵਾ ਉਹ ਆਪਣੇ ਹੇਠਲੇ ਕਰਮਚਾਰੀਆਂ ਦੀ ਕਾਰਗੁਜ਼ਾਰੀ ਦਾ ਵੀ ਜਾਇਜ਼ਾ ਲੈਣ। ਉਨ੍ਹਾਂ ਆਖਿਆ ਕਿ ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਆਪਣੀ ਡਿਊਟੀ ਪ੍ਰਤੀ ਲਾਪ੍ਰਵਾਹੀ ਵਰਤਦਾ ਹੈ ਤਾਂ ਉਸ ਨੂੰ ਆਪਣੀਆਂ ਸੇਵਾਵਾਂ ਜਾਰੀ ਰੱਖਣ ਦੀ ਹਰਗਿਜ਼ ਇਜ਼ਾਜਤ ਨਹੀਂ ਦਿੱਤੀ ਜਾਵੇਗੀ ਅਤੇ ਉਸ ਨੂੰ ਨੌਕਰੀ ਤੋਂ ਚਲਦਾ ਕਰ ਦਿੱਤਾ ਜਾਵੇਗਾ। ਉਨ੍ਹਾਂ ਆਖਿਆ ਕਿ ਸਾਡਾ ਇਕ ਨੁਕਾਤੀ ਉਦੇਸ਼ ਲੋਕਾਂ ਦੀ ਸੇਵਾ ਹੋਣਾ ਚਾਹੀਦਾ ਹੈ ਅਤੇ ਸਾਨੂੰ ਉਨ੍ਹਾਂ ਦੀ ਭਲਾਈ ਲਈ ਸੇਵਾਵਾਂ ਮੁਹੱਈਆ ਕਰਵਾਉਣ ਲਈ ਹਰ ਸੰਭਵ ਉਪਰਾਲੇ ਕਰਨੇ ਚਾਹੀਦੇ ਹਨ।

ਮੁੱਖ ਮੰਤਰੀ ਨੇ ਵਿਭਾਗ ਦੇ ਸੁਪਰਡੰਟ ਇੰਜੀਨੀਅਰ ਤੇ ਐਕਸੀਅਨਾਂ ਨੂੰ ਆਪਣੇ ਟੂਰ ਪ੍ਰੋਗਰਾਮ ਤਿਆਰ ਕਰਨ, ਪਿੰਡਾਂ ਦੀਆਂ ਪੰਚਾਇਤਾਂ ਨਾਲ ਲਗਾਤਾਰ ਰਾਬਤਾ ਰੱਖਣ ਤੋਂ ਇਲਾਵਾ ਜਲ ਸਪਲਾਈ ਦੀਆਂ ਚੱਲ ਰਹੀਆਂ ਸਕੀਮਾਂ ਤੇ ਪ੍ਰਾਜੈਕਟ ਸਬੰਧਤ ਪੰਚਾਇਤਾਂ ਦੇ ਤਾਲਮੇਲ ਨਾਲ ਨਿਰੀਖਣ ਕਰਨ ਦੇ ਹੁਕਮ ਦਿੱਤੇ।

ਵਿਭਾਗ ਵਿੱਚ ਸਟਾਫ਼ ਦੀ ਘਾਟ ਦੇ ਮਾਮਲੇ ਪ੍ਰਤੀ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਨਵੇਂ ਭਰਤੀ ਕੀਤੇ 120 ਜੂਨੀਅਰ ਇੰਜੀਨੀਅਰ, 30 ਡਰਾਫਟਸਮੈਨ ਅਤੇ 30 ਐਸ.ਡੀ.ਓਜ਼ ਛੇਤੀ ਹੀ ਆਪਣੀ ਡਿਊਟੀ ‘ਤੇ ਹਾਜ਼ਰ ਹੋ ਜਾਣਗੇ ਕਿਉ ਭਰਤੀ ਪ੍ਰਕਿਰਿਆ ਮੁਕੰਮਲ ਕੀਤੀ ਜਾ ਚੁੱਕੀ ਹੈ।

ਮੁੱਖ ਮੰਤਰੀ ਨੇ ਸੁਪਰਡੰਟ ਇੰਜੀਨੀਅਰਾਂ ਨੂੰ ਆਪਣੇ ਸਬੰਧਤ ਖੇਤਰਾਂ ਵਿੱਚ ਪੈਂਦੇ ਉਨ੍ਹਾਂ ਪਿੰਡਾਂ ਦੀਆਂ ਹਲਕਾਵਾਰ ਸੂਚੀਆਂ ਤਿਆਰ ਕਰਨ ਦੇ ਹੁਕਮ ਦਿੱਤੇ ਜਿਨ੍ਹਾਂ ਪਿੰਡਾਂ ਦੇ ਲੋਕ ਜਲ ਸਪਲਾਈ ਸਕੀਮਾਂ ਦੀ ਸਾਂਭ ਸੰਭਾਲ ਲਈ ਆਪਣਾ ਬਣਦਾ ਹਿੱਸਾ ਪਾਉਣ ਵਾਸਤੇ ਅੱਗੇ ਨਹੀਂ ਆਏ। ਉਨ੍ਹਾਂ ਆਖਿਆ ਕਿ ਮੁਕੰਮਲ ਸਰਵੇ ਕਰਵਾ ਕੇ ਸਬੰਧਤ ਖੇਤਰਾਂ ਦੇ ਸਿਆਸੀ ਨੇਤਾਵਾਂ ਦੀ ਸਰਗਰਮ ਭਾਈਵਾਲੀ ਨਾਲ ਲੋਕਾਂ ਨੂੰ ਇਸ ਪ੍ਰਤੀ ਉਤਸ਼ਾਹਤ ਕਰਨ ਬਾਰੇ ਇੱਕ ਨੀਤੀ ਬਣਾਈ ਜਾਵੇ।

ਵਿਭਾਗ ਦੇ ਅਧਿਕਾਰੀਆਂ ‘ਤੇ ਕਾਨੂੰਨੀ ਕੰਮ-ਕਾਜ ਦਾ ਬੋਝ ਘਟਾਉਣ ਲਈ ਸ. ਬਾਦਲ ਨੇ ਪ੍ਰਮੁੱਖ ਸਕੱਤਰ ਨੂੰ ਆਖਿਆ ਕਿ ਵਿਭਾਗ ਦੇ ਕੰਮ-ਕਾਜ ਦੀ ਚੰਗੀ ਜਾਣਕਾਰੀ ਰੱਖਣ ਵਾਲੇ ਓ.ਐਸ.ਡੀਜ਼ (ਲੀਗਲ) ਠੇਕੇ ਦੇ ਆਧਾਰ ‘ਤੇ ਨਿਯੁਕਤ ਕਰਨ ਲਈ ਵਿਧੀ ਬਣਾਈ ਜਾਵੇ ਤਾਂ ਕਿ ਅਦਾਲਤਾਂ ਵਿੱਚ ਕੇਸਾਂ ਦੇ ਛੇਤੀ ਨਿਪਟਾਰੇ ਤੋਂ ਇਲਾਵਾ ਰੋਜ਼ਮਰ੍ਹਾ ਦੇ ਮਾਮਲਿਆਂ ਪ੍ਰਤੀ ਕਾਨੂੰਨੀ ਰਾਏ ਮਿਲ ਸਕੇ ਜਿਸ ਨਾਲ ਅਧਿਕਾਰੀਆਂ ਦਾ ਸਮਾਂ ਤੇ ਊਰਜਾ ਬਚੇਗੀ।

ਲੋਕਾਂ ਨੂੰ ਦਰਪੇਸ਼ ਰੋਜ਼ਮਰ੍ਹਾ ਦੀਆਂ ਪ੍ਰੇਸ਼ਾਨੀਆਂ ਨੂੰ ਦਰਸਾਉਂਦਿਆਂ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਸਲਾਹ ਦਿੱਤੀ ਕਿ ਆਰ.ਓ. ਸਿਸਟਮ ਲਾਉਣ ਲਈ ਪਿੰਡਾਂ ਦੀ ਕੇਂਦਰਤ ਜਗ੍ਹਾ ਚੁਣੀ ਜਾਵੇ ਤਾਂ ਕਿ ਪਿੰਡ ਵਾਸੀਆਂ ਨੂੰ ਜਿੱਥੋਂ ਤੱਕ ਸੰਭਵ ਹੋ ਸਕੇ ਨੇੜੇ ਤੋਂ ਨੇੜੇ ਪਾਣੀ ਭਰਨ ਵਿੱਚ ਸੌਖ ਹੋ ਸਕੇ।

ਪ੍ਰਮੁੱਖ ਸਕੱਤਰ ਸ਼੍ਰੀ ਸੁਰੇਸ਼ ਕੁਮਾਰ ਨੇ ਮੀਟਿੰਗ ਦੌਰਾਨ ਦੱਸਿਆ ਕਿ ਸੂਬੇ ਦੇ 15000 ਪਿੰਡਾਂ ਵਿਚੋਂ 14000 ਪਿੰਡਾਂ ਨੂੰ ਜਲ ਸਪਲਾਈ ਸਕੀਮਾਂ ਹੇਠ ਲੈ ਆਂਦਾ ਗਿਆ ਹੈ ਜਿਨ੍ਹਾਂ ਵਿਚੋਂ 5000 ਪਿੰਡਾਂ ਨੂੰ 70 ਲੀਟਰ ਪਾਣੀ ਪ੍ਰਤੀ ਦਿਨ ਪ੍ਰਤੀ ਪ੍ਰੀਵਾਰ ਮਿਲ ਰਿਹਾ ਹੈ ਅਤੇ ਬਾਕੀ ਪਿੰਡਾਂ ਨੂੰ 40 ਲੀਟਰ ਪਾਣੀ ਪ੍ਰਤੀ ਪ੍ਰੀਵਾਰ ਪ੍ਰਤੀ ਦਿਨ ਮਿਲ ਰਿਹਾ ਹੈ। 905 ਪਿੰਡਾਂ ਨੂੰ ਨਵੀਆਂ ਸਕੀਮਾਂ ਹੇਠ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਲੰਮੇ ਸਮੇਂ ਤੋਂ 244 ਸਕੀਮਾਂ ਅਮਲ ਵਿੱਚ ਨਹੀਂ ਹਨ। ਇੱਕ ਤਾਜ਼ਾ ਸਰਵੇਖਣ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਗੁਰਦਾਸਪੁਰ ਜ਼ਿਲ੍ਹੇ ਦੇ 140 ਪਿੰਡਾਂ ਵਿੱਚ ਜਲ ਸਪਲਾਈ ਸਕੀਮਾਂ ਕੰਮ ਨਹੀਂ ਕਰ ਰਹੀਆਂ ਅਤੇ ਇਨ੍ਹਾਂ ਸਕੀਮਾਂ ਨੂੰ ਬਹਾਲ ਕਰਨ ਲਈ 11.44 ਕਰੋੜ ਰੁਪਏ ਦੀ ਲੋੜ ਹੈ। ਮੁੱਖ ਮੰਤਰੀ ਨੇ ਮੁੜ ਦੁਹਰਾਇਆ ਕਿ ਸਰਕਾਰ ਦਾ ਇੱਕ ਨੁਕਾਤੀ ਏਜੰਡਾ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣਾ ਹੈ ਅਤੇ ਇਨ੍ਹਾਂ ਸਕੀਮਾਂ ਦੇ ਵਿਸਥਾਰ ਤੇ ਸਾਂਭ ਸੰਭਾਲ ਲਈ ਲੋੜੀਂਦੇ ਫੰਡ ਜਾਰੀ ਕੀਤੇ ਜਾਣਗੇ। ਉਨ੍ਹਾਂ ਨੇ ਵਿੱਤ ਵਿਭਾਗ ਨੂੰ ਆਖਿਆ ਕਿ ਗੁਰਦਾਸਪੁਰ ਜ਼ਿਲ੍ਹੇ ਵਿੱਚ ਪੇਂਡੂ ਜਲ ਸਪਲਾਈ ਸਕੀਮਾਂ ਚਲਾਉਣ ਲਈ ਫੌਰੀ ਤੌਰ ‘ਤੇ 11.44 ਕਰੋੜ ਰੁਪਏ ਜਾਰੀ ਕੀਤੇ ਜਾਣ।

ਇਸ ਮੌਕੇ ਵਿਭਾਗ ਦੇ ਪ੍ਰਮੁੱਖ ਸਕੱਤਰ ਸ਼੍ਰੀ ਸੁਰੇਸ਼ ਕੁਮਾਰ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ਼੍ਰੀ ਗਗਨਦੀਪ ਸਿੰਘ ਬਰਾੜ, ਚੀਫ਼ ਟੈਕਨੀਕਲ ਕੋਆਰਡੀਨੇਟਰ ਸ਼੍ਰੀ ਐਸ.ਆਰ.ਅਗਰਵਾਲ, ਸ਼੍ਰੀ ਆਰ.ਐਲ. ਕੌਲਧਾਰ, ਸ਼੍ਰੀ ਏ.ਕੇ. ਸੋਨੀ ਅਤੇ ਸ਼੍ਰੀ ਡੀ.ਐਸ. ਚੀਮਾ (ਸਾਰੇ ਚੀਫ਼ ਇੰਜੀਨੀਅਰ), ਸ਼੍ਰੀ ਐਸ.ਕੇ. ਸੈਣੀ, ਸ਼੍ਰੀ ਬੀ.ਐਸ. ਕੰਗ, ਸ਼੍ਰੀ ਕੁਲਬੀਰ ਸਿੰਘ, ਸ਼੍ਰੀ ਸੋਹਣ ਲਾਲ, ਸ਼੍ਰੀ ਐਨ.ਐਸ. ਪੰਡੋਰੀ, ਸ਼੍ਰੀ ਕਮਲ ਵੋਹਰਾ, ਸ਼੍ਰੀ ਮੁਖਤਿਆਰ ਸਿੰਘ, ਸ਼੍ਰੀ ਜੀ.ਕੇ. ਗੁਪਤਾ ਅਤੇ ਸ਼੍ਰੀ ਆਰ.ਕੇ. ਤਲਵਾਰ (ਸਾਰੇ ਐਸ.ਈਜ਼) ਹਾਜ਼ਰ ਸਨ।

Facebook Comment
Project by : XtremeStudioz