Close
Menu

ਮੁੱਖ ਮੰਤਰੀ ਨੇ ਫਸਲਾਂ ਦੇ ਭਾਅ ਮਿੱਥਣ ਦੀ ਮੌਜੂਦਾ ਪ੍ਰਣਾਲੀ ਨੂੰ ਦੱਸਿਆ ਗੈਰ-ਵਾਜਬ

-- 14 April,2015

* ਉਪ ਮੁੱਖ-ਮੰਤਰੀ ਨੇ ਪੰਜਾਬ ਦੀ ਛਵੀ ਖਰਾਬ ਕਰਨ ਲਈ ਰਾਹੁਲ ਗਾਂਧੀ ਨੂੰ ਲਿਆ ਕਰੜੇ ਹੱਥੀਂ

* ਨਾ ਬਾਜਵਾ, ਨਾ ਅਮਰਿੰਦਰ ਤੇ ਨਾ ਹੀ ਆਪ ਪਾਰਟੀ ਨੂੰ ਹੈ ਪੰਜਾਬ ਦੀ ਪ੍ਰਵਾਹ

* ਹਰਸਿਮਰਤ ਕੌਰ ਬਾਦਲ ਵਲੋਂ ਮਹਾਨ ਗੁਰੂਆਂ ਵਲੋਂ ਵਿਖਾਏ ਰਾਹ ਦੇ ਪਾਂਧੀ ਬਣਨ ਦਾ ਸੱਦਾ

ਤਲਵੰਡੀ ਸਾਬੋ,  ਫਸਲਾਂ ਦੇ ਭਾਅ ਮਿੱਥਣ ਦੀ ਮੌਜੂਦਾ ਪ੍ਰਚਲਿਤ ਪ੍ਰਣਾਲੀ ਨੂੰ ਵੇਲਾ ਵਿਹਾ ਚੁੱਕੀ ਪ੍ਰਕ੍ਰਿਆ ਦੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਇਕ ਉੱਚ ਤਾਕਤੀ ਕਮੇਟੀ ਦਾ ਗਠਨ ਕਰੇ, ਜੋ ਫਸਲਾਂ ਦੇ ਵਾਜਿਬ ਭਾਅ ਮਿੱਥਣ ਦੇ ਨਾਲ ਨਾਲ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਵੀ ਅਗਵਾਈ ਲੀਹਾਂ ਦੇਵੇ।

ਅੱਜ ਇੱਥੇ ਵਿਸਾਖੀ ਮੌਕੇ ਆਯੋਜਿਤ ਸਿਆਸੀ ਕਾਨਫਰੰਸ ਮੌਕੇ ਉਪ-ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਫੂਡ ਪ੍ਰੋਸਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਸਮੇਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਭਾਰਤ ਸਰਕਾਰ ਦੇ ਲਾਗਤਾਂ ਅਤੇ ਮੁੱਲ ਨਿਰਧਾਰਨ ਕਮਿਸ਼ਨ ਰਾਹੀਂ ਹਰ ਸਾਲ ਫਸਲਾਂ ਦੇ ਭਾਅ ਮਿੱਥਣ ਦੀ ਪ੍ਰਣਾਲੀ ਹੁਣ ਸਮੇਂ ਦੇ ਹਾਲਾਤ ਅਨੁਕੂਲ ਨਹੀਂ ਰਹੀ ਅਤੇ ਇਹ ਸਮੇਂ ਦੀ ਮੰਗ ਹੈ ਕਿ ਇਸ ਪ੍ਰਣਾਲੀ ਨੂੰ ਛੱਡ ਕੇ ਹੁਣ ਇਕ ਉੱਚ ਤਾਕਤੀ ਕਮੇਟੀ ਦਾ ਗਠਨ ਕੀਤਾ ਜਾਵੇ, ਜਿਸ ਵਿਚ ਖੇਤੀ ਮਾਹਿਰ, ਅਧਿਕਾਰੀ ਅਤੇ ਹੋਰ ਪ੍ਰਮੁੱਖ ਲੋਕ ਸ਼ਾਮਿਲ ਕੀਤੇ ਜਾਣ ਜੋ ਮੌਜੂਦਾ ਕਿਸਾਨੀ ਨੂੰ ਵੱਡੇ ਆਰਥਿਕ ਸਕੰਟ ਵਿਚੋਂ ਕੱਢ ਸਕਣ। ਉਨ੍ਹਾਂ ਕਿਹਾ ਕਿ ਇਹ ਕਮੇਟੀ ਨਾ ਕੇਵਲ ਫਸਲਾਂ ਦੇ ਮੁੱਲ ਨਿਰਧਾਰਨ ਦਾ ਕੰਮ ਕਰੇ ਸਗੋਂ ਕਿਸਾਨੀ ਦੀ ਭਲਾਈ ਲਈ ਖੋਜ ਅਤੇ ਪ੍ਰਸਾਰ ਸਮੇਤ ਹੋਰ ਢੁੱਕਵੀਆਂ ਨੀਤੀਆਂ ਬਣਾਉਣ ਲਈ ਵੀ ਸਿਫਾਰਸ਼ਾਂ ਦੇਵੇ। ਸ: ਬਾਦਲ ਨੇ ਕਿਹਾ ਕਿ ਉਹ ਜਲਦੀ ਹੀ ਇਸ ਮਸਲੇ ਨੂੰ ਭਾਰਤ ਸਰਕਾਰ ਕੋਲ ਉਠਾਉਣਗੇ ਤਾਂ ਜੋ ਦੇਸ਼ ਦੇ ਮਿਹਨਤੀ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕੀਤੀ ਜਾ ਸਕੇ।

ਫਸਲਾਂ ਦੇ ਭਾਅ ਨਿਸ਼ਚਿਤ ਕਰਨ ਲਈ ਡਾ. ਸਵਾਮੀਨਾਥਨ ਫਾਰਮੂਲੇ ਦੀ ਵਕਾਲਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਵਕਤ ਦੀ ਜ਼ਰੂਰਤ ਹੈ ਕਿ ਵਿਸ਼ਵ ਪ੍ਰਸਿੱਧ ਖੇਤੀ ਮਾਹਿਰ ਵੱਲੋਂ ਦਿੱਤੇ ਗਏ ਫਾਰਮੂਲੇ ਨੂੰ ਮੰਨਿਆ ਜਾਵੇ ਜਿਸ ਤਹਿਤ ਕਿਸਾਨਾਂ ਨੂੰ ਉਨ੍ਹਾਂ ਦੀ ਲਾਗਤ ‘ਤੇ 50 ਫੀਸਦੀ ਮੁਨਾਫਾ ਦਿੱਤਾ ਜਾਵੇ। ਉਨ੍ਹਾਂ ਆਸ ਪ੍ਰਗਟਾਈ ਕਿ ਜਿਵੇਂ ਕਿ ਇਹ ਭਾਜਪਾ ਦੇ ਚੋਣ ਮੈਨੀਫੈਸਟੋ ਵਿਚ ਵੀ ਸ਼ਾਮਿਲ ਰਿਹਾ ਹੈ, ਇਸ ਲਈ ਐਨ.ਡੀ.ਏ. ਸਰਕਾਰ ਇਸ ਨੀਤੀ ਨੂੰ ਜਲਦ ਲਾਗੂ ਕਰੇਗੀ। ਉਨ੍ਹਾਂ ਕਿਹਾ ਕਿ ਤਥਾਕਥਿਤ ਖੇਤੀ ਮਾਹਿਰਾਂ ਵੱਲੋਂ ਆਪਣਂੇ ਦਿੱਲੀ ਦੇ ਦਫ਼ਤਰਾਂ ਵਿਚ ਬੈਠ ਕੇ ਨਿਰਧਾਰਤ ਕੀਤੇ ਜਾਂਦੇ ਘੱਟੋ ਘੱਟ ਸਮੱਰਥਨ ਮੁੱਲ ਦੇ ਸਹਾਰੇ ਕਿਸਾਨੀ ਨੂੰ ਨਹੀਂ ਬਚਾਇਆ ਜਾ ਸਕਦਾ ਹੈ ਬਲਕਿ ਜੇਕਰ ਦੇਸ਼ ਦੀ ਅੰਨ ਸੁਰੱਖਿਆ ਦੀ ਰਾਖੀ ਕਰਨੀ ਹੈ ਤਾਂ ਡਾ: ਐਮ. ਸਵਾਮੀਨਾਥਨ ਵੱਲੋਂ ਨਿਰਧਾਰਤ ਫਾਰਮੂਲੇ ਨੂੰ ਲਾਗੂ ਕਰਨਾ ਹੀ ਪਵੇਗਾ।

ਫਸਲਾਂ ਲਈ ਘੱਟੋਂ ਘੱਟ ਸਮੱਰਥਨ ਮੁੱਲ ਨੂੰ ਜਾਰੀ ਰੱਖਣ ਦੀ ਵਕਾਲਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨੀਤੀ ਤੋਂ ਪਿੱਛੇ ਹੱਟਣ ਨਾਲ ਦੇਸ਼ ਦੀ ਅੰਨ ਸੁਰੱਖਿਆ ਖਤਰੇ ਵਿਚ ਪੈ ਜਾਵੇਗੀ। ਉਨ੍ਹਾਂ ਕਿਹਾ ਕਿ ਖੇਤੀ ਭਾਰਤੀ ਅਰਥਚਾਰੇ ਦੀ ਰੀੜ ਦੀ ਹੱਡੀ ਹੈ ਅਤੇ ਇਸ ਪ੍ਰਣਾਲੀ ਨੂੰ ਬੰਦ ਕਰਨ ਦਾ ਮਤਲਬ ਹੋਵੇਗਾ ਦੇਸ਼ ਦੇ ਅਰਥਚਾਰੇ ਨੂੰ ਤਬਾਹ ਕਰਨਾ।

ਇਸ ਤੋਂ ਪਹਿਲਾਂ ਵੱਡੇ ਇੱਕਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਮੁਹਿੰਮ ਵਿੱਢਣ। ਉਨ੍ਹਾਂ ਕਿਹਾ ਕਿ ਸਾਰੇ ਪੰਜਾਬੀ ਸੂਬੇ ਦੀ ਭਲਾਈ ਲਈ ਤਨੋ ਮਨੋ ਮਿਹਨਤ ਕਰਨ ਦਾ ਪ੍ਰਣ ਕਰਨ। ਉਨ੍ਹਾਂ ਕਿਹਾ ਕਿ ਹਰੇਕ ਪੰਜਾਬੀ ਵੱਲੋਂ ਆਪਣੇ ਪੱਧਰ ‘ਤੇ ਕੀਤੇ ਯਤਨਾਂ ਨਾਲ ਹੀ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣ ਸਕੇਗਾ।

ਪੰਜਾਬ ਸਰਕਾਰ ਵੱਲੋਂ ਲੋੜਵੰਦ ਲੋਕਾਂ ਦੀ ਭਲਾਈ ਲਈ ਸ਼ੁਰੂ ਕੀਤੀਆਂ ਯੋਜਨਾਵਾਂ ਦੀ ਗੱਲ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਆਟਾ ਦਾਲ, ਸ਼ਗਨ, ਪੈਨਸ਼ਨ ਸਕੀਮ ਸੂਬੇ ਦੇ ਲੋਕਾਂ ਲਈ ਵਰਦਾਨ ਸਿੱਧ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੇ ਵਿਕਾਸ ਦੀ ਉਚੱ ਗਤੀ ਬਣਾਈ ਰੱਖਣ ਲਈ ਕੀਤੀ ਯੋਜਨਾਬੰਦੀ ਦਾ ਹੀ ਨਤੀਜਾ ਹੈ ਕਿ ਅੱਜ ਸੂਬਾ ਹਰ ਖੇਤਰ ਵਿਚ ਤਰੱਕੀ ਦੇ ਨਵੇਂ ਦਿਸਹੱਦੇ ਸਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਿਹਤ ਅਤੇ ਸਿੱਖਿਆ ਵਰਗੇ ਜ਼ਰੂਰੀ ਬੁਨਿਆਦੀ ਖੇਤਰਾਂ ਵਿਚ ਤਰੱਕੀ ਦੇ ਨਾਲ ਨਾਲ ਬਿਜਲੀ ਸਰਪਲਸ ਸੂਬਾ ਵੀ ਬਣ ਕੇ ਉਭਰਿਆ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਦੇ ਥੋੜੇ ਜਿਹੇ ਸਮੇਂ ਵਿਚ ਹੀ ਪੰਜਾਬ ਨੂੰ ਅਨੇਕਾਂ ਮਹੱਤਵਪੂਰਨ ਪ੍ਰੋਜੈਕਟ ਦਿੱਤੇ ਜਾਣ ਦੀ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨੇੜ ਭਵਿੱਖ ਵਿਚ ਪੰਜਾਬ ਨੂੰ ਅਜਿਹੇ ਹੋਰ ਕਈ ਮਹੱਤਵਪੂਰਨ ਪ੍ਰੋਜੈਕਟ ਮਿਲਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦਾ ਇਤਿਹਾਸਕ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਰਾਸਤੀ ਸ਼ਹਿਰ ਚੁਣਿਆ ਗਿਆ ਹੈ ਅਤੇ ਇਸ ਦੇ ਸਰਵਪੱਖੀ ਵਿਕਾਸ ਲਈ ਕੇਂਦਰ ਸਰਕਾਰ ਵੱਲੋਂ ਵੱਡੀਆਂ ਗ੍ਰਾਂਟਾਂ ਮਨਜ਼ੂਰ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ ਜਲ੍ਹਿਆਂਵਾਲੀ ਬਾਗ ਨੂੰ ਕਲਚਰਲ ਵਰਲਡ ਹੈਰੀਟੇਜ਼ ਸਾਈਨ ਦਾ ਦਰਜਾ ਦਿੱਤਾ ਗਿਆ ਹੈ, ਜਿਸ ਨਾਲ ਇੱਥੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਹੋਰ ਮਦਦ ਮਿਲੇਗੀ।

ਮੁੱਖ ਮੰਤਰੀ ਨੇ ਐਨ.ਡੀ.ਏ. ਸਰਕਾਰ ਵੱਲੋਂ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ, ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਅਤੇ ਪੋਸਟ ਗ੍ਰੈਜੂਏਟ ਹਾਰਟੀਕਲਚਰ ਰਿਸਰਚ ਐਂਡ ਐਜੂਕੇਸ਼ਨ ਇੰਸਟੀਚਿਊਟ ਦੀ ਸਥਾਪਨਾ ਵਰਗੇ ਵਕਾਰੀ ਪ੍ਰੋਜੈਕਟਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਾਦੀ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਕਿਸੇ ਕੇਂਦਰੀ ਸਰਕਾਰ ਨੇ ਪੰਜਾਬ ਨੂੰ ਐਨੇ ਜ਼ਿਆਦਾ ਪ੍ਰੋਜੈਕਟ ਦਿੱਤੇ ਹੋਣ। ਇਸੇ ਤਰਾਂ ਐਨ.ਡੀ.ਏ. ਸਰਕਾਰ ਨੇ 1984 ਦੰਗਿਆਂ ਦੀ ਜਾਂਚ ਲਈ ਵਿਸੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ ਜਦ ਕਿ ਮੁਆਵਜਾ ਵੀ ਦਿੱਤਾ ਗਿਆ ਹੈ।

ਕਾਂਗਰਸ ਦੇ ਪੰਜਾਬੀ ਵਿਰੋਧੀ ਵਿਵਹਾਰ ਦੀ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਪਾਰਟੀ ਹਮੇਸ਼ਾ ਹੀ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੀ ਆਈ ਹੈ ਅਤੇ ਇਸ ਵੱਲੋਂ ਪੰਜਾਬ ਦੀ ਰਾਜਧਾਨੀ, ਨਦੀਆਂ ਦੇ ਪਾਣੀ ਖੋਹੇ ਗਏ ਅਤੇ ਸਿੱਖਾਂ ਦੇ ਸਭ ਤੋਂ ਪਵਿੱਤਰ ਸਥਾਨ ਸ੍ਰੀ ਦਰਬਾਰ ਸਾਹਿਬ ‘ਤੇ ਵੀ ਹਮਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬੀ 1984 ਦੇ ਦੰਗਿਆ ਲਈ ਕਾਂਗਰਸ ਨੂੰ ਕਦੇ ਮਾਫ ਨਹੀਂ ਕਰਣਗੇ ਜਿਸ ਵਿਚ ਹਜਾਰਾਂ ਨਿਰਦੋਸ਼ਾਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਅੱਜ ਵੀ ਕੁਝ ਤਾਕਤਾਂ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਲਈ ਯਤਨਸ਼ੀਲ ਹਨ ਪਰ ਸੂਬੇ ਦੀ ਅਕਾਲੀ ਸਰਕਾਰ ਸੂਬੇ ਦੀ ਅਮਨ ਸ਼ਾਂਤੀ ਬਹਾਲ ਰੱਖਣ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ। ਉਨ੍ਹਾਂ ਕਿਹਾ ਰਾਜ ਸਰਕਾਰ ਦੀ ਹਮੇਸ਼ਾਂ ਹੀ ਇਹ ਪਹਿਲ ਰਹੀ ਹੈ ਕਿ ਰਾਜ ਵਿਚ ਭਾਈਚਾਰਕ ਸਾਂਝ ਨੂੰ ਮਜਬੂਤ ਬਣਾਈ ਰੱਖਿਆ ਜਾਵੇ ਤਾਂ ਜੋ ਰਾਜ ਦੇ ਵਿਕਾਸ ਦੀ ਗਤੀ ਦਾ ਪਹੀਆ ਧੀਮਾ ਨਾ ਹੋ ਪਾਵੇ।

ਇਸ ਤੋਂ ਪਹਿਲਾਂ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਆਪਣੇ ਸੰਬੋਧਨ ਵਿਚ ਕਾਂਗਰਸ ਦੇ ਮੀਤ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਵੱਲੋਂ ਪੰਜਾਬ ਦੀ ਛਵੀ ਖਰਾਬ ਕਰਨ ਲਈ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਕਾਂਗਰਸ ਵੱਲੋਂ ਮਿਹਨਤੀ ਪੰਜਾਬੀਆਂ ਦੀ ਮੁਲਕ ਭਰ ਵਿਚ ਛਵੀ ਖਰਾਬ ਕਰਨ ਲਈ ਇਕ ਮੁਹਿੰਮ ਵਿੱਢੀ ਹੋਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਸ੍ਰੀ ਗਾਂਧੀ ਪੰਜਾਬੀਆਂ ਨੂੰ ਨਸ਼ੇ ਦੇ ਨਾਂਅ ਤੇ ਝੂਠਾ ਬਦਨਾਮ ਕਰ ਰਹੇ ਹਨ ਜਦ ਕਿ ਅਸਲੀਅਤ ਇਹ ਹੈ ਕਿ ਪੰਜਾਬ ਤਾਂ ਨਸ਼ਿਆਂ ਦੇ ਖਿਲਾਫ ਕੌਮੀ ਜੰਗ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੇ ਅੰਤਰ ਰਾਸ਼ਟਰੀ ਹੱਦ ਪਾਰੋਂ ਆਉਂਦੇ ਨਸ਼ੇ ਨੂੰ ਫੜ ਕਿ ਦੇਸ਼ ਦੇ ਹਜਾਰਾਂ ਹੀ ਨੌਜਵਾਨਾਂ ਨੂੰ ਬਚਾ ਲਿਆ ਹੈ ਕਿਉਂਕਿ ਜੇਕਰ ਇਹ ਨਸ਼ੇ ਕਾਬੂ ਨਾ ਕੀਤੇ ਜਾਂਦੇ ਤਾਂ ਇੰਨ੍ਹਾਂ ਨੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਜਾ ਕੇ ਨੌਜਵਾਨੀ ਦੀ ਤਬਾਹੀ ਦਾ ਕਾਰਨ ਬਣਨਾ ਸੀ।

ਦੇਸ਼ ਦੀ ਤਰੱਕੀ, ਅਜਾਦੀ ਦੀ ਲੜਾਈ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਗੌਰਵਸ਼ਾਲੀ ਯੋਗਦਾਨ ਦੀ ਗੱਲ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਦੇਸ਼ ਦੀ ਦੂਜੀ ਸਭ ਤੋਂ ਪੁਰਾਣੀ ਪਾਰਟੀ ਹੈ ਜੋ ਕਿ ਹਮੇਸ਼ਾਂ ਹੀ ਦੇਸ਼ ਦੀ ਭਲਾਈ ਲਈ ਲੜਦੀ ਆਈ ਹੈ। ਉਨ੍ਹਾਂ ਕਿਹਾ ਕਿ ਕੁਝ ਪਾਰਟੀਆਂ ਲੋਕਲੁਭਾਵਣੇ ਨਾਅਰਿਆਂ ਨਾਲ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ ਕਰਦੀਆਂ ਹਨ ਪਰ ਇਹ ਪਾਰਟੀਆਂ ਪਾਣੀ ਦੇ ਬੁਲਬੁਲੇ ਵਾਂਗ ਹਨ ਜੋ ਸਮੇਂ ਨਾਲ ਅਲੋਪ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਆਪ ਪਾਰਟੀ ਵੀ ਅਜਿਹੀ ਹੀ ਪਾਰਟੀ ਹੈ ਜੋ ਕਿ ਲੋਕਾਂ ਲਈ ਵੀ ਕੁਝ ਵੀ ਕਰਨ ਵਿਚ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਆਪ ਵੱਲੋਂ ਮੁਫ਼ਤ ਪਾਣੀ, ਵੀਵੀਆਈਪੀ ਸਭਿਆਚਾਰ ਦੇ ਖਾਤਮੇ ਵਰਗੇ ਐਲਾਣ ਸਿਰਫ ਐਲਾਣ ਹੀ ਬਣ ਕੇ ਰਹਿ ਗਏ ਹਨ।

ਉਪ ਮੁੱਖ-ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਗਲੇ ਡੇਢ ਸਾਲ ਵਿਚ ਪੰਜਾਬ ਵਿਚ ਵੱਡੇ ਪੱਧਰ ‘ਤੇ ਵਿਕਾਸ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਦੀ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਵਲੋਂ ਕੀਤੇ ਜਾ ਰਹੇ ਵਿਕਾਸ ਵੱਲ ਧਿਆਨ ਦਿੱਤਾ ਜਾਵੇ, ਨਾ ਕਿ ਸ਼ਰਾਰਤੀ ਅਨਸਰਾਂ ਵਲੋਂ ਲੋਕਾਂ ਨੂੰ ਗੁੰਮਰਾਹ ਕਰਨ ਵਾਲੀਆਂ ਗੱਲਾਂ ਵੱਲ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਕਾਸ ਲਈ ਨਾ ਹੀ ਬਾਜਵਾ, ਨਾ ਹੀ ਅਮਰਿੰਦਰ ਅਤੇ ਨਾ ਹੀ ਆਮ ਆਦਮੀ ਪਾਰਟੀ ਦਾ ਕੋਈ ਧਿਆਨ ਹੈ, ਜਦਕਿ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਸਾਰੀ ਜ਼ਿੰਦਗੀ ਪੰਜਾਬ ਅਤੇ ਪੰਜਾਬੀਆਂ ਨੂੰ ਸਮਰਪਿਤ ਕਰ ਦਿੱਤੀ।

ਆਪਣੇ ਭਾਸ਼ਣ ਦੌਰਾਨ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਲੋਕਾਂ ਨੂੰ ਸਿੱਖ ਗੁਰੂਆਂ ਦੇ ਦੱਸੇ ਗਏ ਰਾਹ ‘ਤੇ ਚੱਲਣ ਦਾ ਸੱਦਾ ਦਿੰਦਿਆਂ ਕਿਹਾ ਕਿ ਸਿੱਖ ਗੁਰੂਆਂ ਸਮਾਨ ਸਾਨੂੰ ਵੀ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੰਨਿਆ ਭਰੂਣ ਹੱਤਿਆ ਵਰਗੇ ਪਾਪ ਨੂੰ ਛੱਡਕੇ ਸਾਨੂੰ ਸਾਡੀਆਂ ਧੀਆਂ ਬਚਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਔਰਤਾਂ ਦੇ ਪ੍ਰਤੀ ਹੋਣ ਵਾਲੇ ਅਤਿਆਚਾਰ ਨੂੰ ਠੱਲ੍ਹ ਪਾਉਣੀ ਵੀ ਸਮੇਂ ਦੀ ਮੁੱਖ ਲੋੜ ਹੈ।

ਸ਼੍ਰੀਮਤੀ ਬਾਦਲ ਨੇ ਕਿਹਾ ਕਿ ਮੌਜੂਦ ਜਨਤਾ ਨੂੰ ਸਿੱਖ ਧਰਮ ਦੇ ਪੂਰਨਿਆਂ ਦੇ ਚੱਲਣ ਦਾ ਸੰਕਲਪ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਬਲੀਦਾਨਾਂ ਨਾਲ ਭਰਿਆ ਹੋਇਆ ਹੈ, ਜਿਸ ਵਿਚ ਸਿੱਖ ਗੁਰੂਆਂ ਨੇ ਸਮਾਜ ਦੀ ਸੁਰੱਖਿਆ ਲਈ ਆਪਣੀ ਜਾਨ ਤੱਕ ਦੇ ਦਿੱਤੀ ਅਤੇ ਸਾਨੂੰ ਸਾਰਿਆਂ ਨੂੰ ਵੀ ਇਸ ਰਾਹ ‘ਤੇ ਚੱਲਣਾ ਚਾਹੀਦਾ ਹੈ।

Facebook Comment
Project by : XtremeStudioz