Close
Menu

ਮੁੱਖ ਮੰਤਰੀ ਵਲੋਂ ਫਿਰੋਜ਼ਪੁਰ ਵਿਖੇ ਅਤਿ ਆਧੁਨਿਕ ‘ਸੰਗਠਤ ਹੁਨਰ ਵਿਕਾਸ ਕੇਂਦਰ’ ਸਥਾਪਿਤ ਕਰਨ ਲਈ ਪ੍ਰਵਾਨਗੀ

-- 15 April,2015

* ਕਮਲ ਸ਼ਰਮਾ ਵਲੋਂ ਫਿਰੋਜ਼ਪੁਰ ਦੇ ਵਿਕਾਸ ਲਈ ਮੁੱਖ ਮੰਤਰੀ ਵਲੋਂ ਦਿਖਾਈ ਦਰਿਆਦਿਲੀ ਲਈ ਧੰਨਵਾਦ

ਚੰਡੀਗੜ੍ਹ, ਸੂਬੇ ਦੇ ਸਰਹਦੀ ਜਿਲ੍ਹਿਆਂ ਦੇ ਨੌਜਵਾਨਾਂ ਵਾਸਤੇ ਸਵੈ-ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਫਿਰੋਜ਼ਪੁਰ ਵਿਖੇ ਅਤਿ ਆਧੁਨਿਕ ‘ਸੰਗਠਤ ਹੁਨਰ ਵਿਕਾਸ ਕੇਂਦਰ’ ਸਥਾਪਿਤ ਕਰਨ ਲਈ ਸਹਿਮਤੀ ਦੇ ਦਿੱਤੀ ਹੈ।

ਇਹ ਫੈਸਲਾ ਅੱਜ ਸਵੇਰੇ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਦਫ਼ਤਰ ਵਿਖੇ ਫਿਰੋਜ਼ਪੁਰ ਜਿਲ੍ਹੇ ਦੇ ਵਿਕਾਸ ਕਾਰਜਾਂ ਦਾ ਜਾਇਜਾ ਲੈਣ ਲਈ ਹੋਈ ਇੱਕ ਉਚ ਪੱਧਰੀ ਮੀਟਿੰਗ ਦੌਰਾਨ ਲਿਆ।

ਵਿਚਾਰ ਚਰਚਾ ਦੌਰਾਨ ਮੁੱਖ ਮੰਤਰੀ ਨੇ ਸਰਹੱਦੀ ਜਿਲ੍ਹਿਆਂ ਦੇ ਨੌਜਵਾਨਾਂ ਨੂੰ ਹੁਨਰ ਸਿਖਲਾਈ ਮੁਹੱਈਆ ਕਰਵਾਉਣ ਦੀ ਜ਼ਰੂਰਤ ‘ਤੇ ਜੋਰ ਦਿੰਦੇ ਹੋਏ ਕਿਹਾ ਕਿ ਦੂਰ ਦਰਾਜ਼ ਦੇ ਇਲਾਕਿਆਂ ਦੇ ਇਨ੍ਹਾਂ ਨੌਜਵਾਨਾਂ ਨੂੰ ਚੰਗੇ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਵਾਸਤੇ ਹੁਨਰ ਸਿਖਲਾਈ ਦੇਣਾ ਸਮੇਂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਇਹ ਕੇਂਦਰ ਵੱਖ ਵੱਖ ਸੈਕਟਰਾਂ ਵਿਚ ਨੌਜਵਾਨਾਂ ਨੂੰ ਵਿਸ਼ਵ ਪੱਧਰ ਦੀ ਹੁਨਰ ਸਿਖਲਾਈ ਮੁਹੱਈਆ ਕਰਵਾਈ ਜਾਵੇਗੀ ਤਾਂ ਜੋ ਉਹ ਆਪਣੇ ਜੀਵਨ ਬਸਰ ਲਈ ਕਮਾਈ ਕਰਨ ਦੇ ਯੋਗ ਹੋ ਸਕਣ। ਉਨ੍ਹਾਂ ਕਿਹਾ ਕਿ ਇਸ ਦਾ ਮਕਸਦ ਹੁਨਰਮੰਦ ਮਾਨਵੀ ਸ਼ਕਤੀ ਪੈਦਾ ਕਰਨਾ ਵੀ ਹੈ ਤਾਂ ਜੋ ਸੂਬੇ ਦੇ ਉਦਯੋਗ ਦੀਆਂ ਜ਼ਰੂਰਤਾਂ ਨਾਲ ਨਿਪਟਿਆ ਜਾ ਸਕੇ। ਸ. ਬਾਦਲ ਨੇ ਕਿਹਾ ਕਿ ਇਹ ਕੇਂਦਰ ਪੰਜਾਬ ਰਾਜ ਹੁਨਰ ਵਿਕਾਸ ਮਿਸ਼ਨ ਦੇ ਹੇਠ ਸਥਾਪਿਤ ਕੀਤਾ ਜਾਵੇਗਾ ਅਤੇ ਇਥੇ ਇੱਕ ਸੀ-ਪਾਈਟ ਕੇਂਦਰ ਵੀ ਹੋਵੇਗਾ ਜੋ ਹਥਿਆਰਬੰਦ ਫੋਰਸਾਂ ਅਤੇ ਨੀਮ ਫੌਜੀ ਬਲਾਂ ਵਿਚ ਭਰਤੀ ਲਈ ਨੌਜਵਾਨਾਂ ਨੂੰ ਸਿਖਲਾਈ ਮੁਹੱਈਆ ਕਰਵਾਵੇਗਾ।

ਇਸੇ ਦੌਰਾਨ ਹੀ ਮੁੱਖ ਮੰਤਰੀ ਨੇ ਮਹਿਲਾਵਾਂ ਨੂੰ ਹੁਨਰ ਸਿਖਲਾਈ ਮੁਹੱਈਆ ਕਰਵਾਉਣ ਲਈ ਮੌਜੂਦਾ ਆਈ.ਟੀ.ਆਈ ਵਿਚ ਇੱਕ ਵੱਖਰਾ ਸ਼ੈਡ ਬਣਾਉਣ ਦੀ ਵੀ ਪ੍ਰਵਾਨਗੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਮਹਿਲਾਵਾਂ ਦੇ ਸਸ਼ਕਤੀਕਰਨ ਵਿਚ ਮਦੱਦ ਦੇਵੇਗਾ ਅਤੇ ਉਨ੍ਹਾਂ ਨੂੰ ਸਵੈ ਮਾਣ ਵਾਲੀ ਜ਼ਿੰਦਗੀ ਗੁਜਾਰਨ ਦੇ ਯੋਗ ਬਣਾਏਗਾ।

ਇੱਕ ਹੋਰ ਮਹੱਤਵਪੂਰਨ ਫੈਸਲਾ ਲੈਂਦਿਆਂ ਮੁੱਖ ਮੰਤਰੀ ਨੇ ਫਿਰੋਜ਼ਪੁਰ ਵਿਖੇ ਬਣਾਏ ਜਾ ਰਹੇ ਪੀ.ਜੀ.ਆਈ ਦੇ ਸੈਟਾਲਾਈਟ ਸੈਂਟਰ ਦੇ ਡਾਕਟਰਾਂ ਅਤੇ ਹੋਰ ਸਟਾਫ ਲਈ ਘਰਾਂ ਦਾ ਨਿਰਮਾਣ ਕਰਨ ਵਾਸਤੇ ਸਿਹਤ ਵਿਭਾਗ ਨੂੰ ਦੋ ਏਕੜ ਜ਼ਮੀਨ ਤਬਦੀਲ ਕਰਨ ਲਈ ਵੀ ਸਹਿਮਤੀ ਦੇ ਦਿੱਤੀ ਹੈ। ਸ. ਬਾਦਲ ਨੇ 30.82 ਕਰੋੜ ਰੁਪਏ ਦੀ ਲਾਗਤ ਨਾਲ ਫਿਰੋਜ਼ਪੁਰ ਤੋਂ ਮੱਲਾਵਾਲਾ ਸੜਕ ਚੌੜੀ ਕਰਨ ਵਾਸਤੇ ਵੀ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਕਾਲਜ ਦੇ ਵਿਦਿਆਰਥੀਆਂ ਨੂੰ ਸਹੂਲਤ ਪ੍ਰਦਾਨ ਕਰਨ ਵਾਸਤੇ ਮੱਲਵਾਲ ਸੜਕ ਤੋਂ ਡਿਗਰੀ ਕਾਲਜ ਤੱਕ 74 ਲੱਖ ਰੁਪਏ ਦੀ ਲਾਗਤ ਨਾਲ ਸੜਕ ਦੀ ਉਸਾਰੀ ਕਰਨ ਵਾਸਤੇ ਵੀ ਸਹਿਮਤੀ ਦੇ ਦਿੱਤੀ ਹੈ। ਉਨ੍ਹਾਂ ਨੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਨੂੰ ਗੈਰ ਕਾਨੂੰਨੀ ਕਲੋਨੀਆਂ ਲਈ ਐਨ.ਓ.ਸੀ ਜਾਰੀ ਕਰਨ ਵਾਸਤੇ ਕਾਰਜਕਾਰੀ ਅਧਿਕਾਰੀ (ਈ.ਓ) ਨਿਯੁਕਤ ਕਰਨ ਵਾਸਤੇ ਵੀ ਕਿਹਾ ਹੈ।

ਇਕ ਹੋਰ ਮੁੱਦੇ ਦੇ ਸਬੰਧ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਉਹ ਫਿਰੋਜ਼ਪੁਰ ਵਿਖੇ 35 ਕਰੋੜ ਰੁਪਏ ਦੀ ਲਾਗਤ ਨਾਲ ਨੈਸ਼ਨਲ ਹਾਈਵੇ-95 ਤੋਂ ਸਟੇਟ ਹਾਈਵੇ-20 ਤੱਕ 20 ਕਿਲੋਮੀਟਰ ਸੜਕ ਦੇ ਨਿਰਮਾਣ ਦਾ ਮੁੱਦਾ ਕੇਂਦਰੀ ਟਰਾਂਸਪੋਰਟ ਮੰਤਰੀ ਸ਼੍ਰੀ ਨਿਤਿਨ ਗਡਕਰੀ ਕੋਲ ਉਠਾਉਣਗੇ। ਉਨ੍ਹਾਂ ਕਿਹਾ ਕਿ ਇਹ ਸੜਕ ਬਹੁਤ ਜਿਆਦਾ ਮਹੱਤਵਪੂਰਨ ਹੈ ਕਿਉਂਕਿ ਇਸ ਨਾਲ ਸ਼ਹਿਰ ਵਿਚ ਗੱਡੀਆਂ ਦੇ ਭੀੜ-ਭੜਾਕੇ ਤੋਂ ਰਾਹਤ ਮਿਲੇਗੀ। ਉਨ੍ਹਾਂ ਨੇ ਪੁਡਾ ਅਧਿਕਾਰੀਆਂ ਨੂੰ ਇਸ ਦੇ ਦੁਵਾਲੇ ਦੀਆਂ ਥਾਵਾਂ ਨੂੰ ਸੁੰਦਰ ਬਣਾਉਣ ਲਈ ਆਖਿਆ। ਇਸੇ ਤਰ੍ਹਾਂ ਹੀ ਸ. ਬਾਦਲ ਨੇ ਸ਼ਹਿਰ ਵਿਚ ਲੇਬਰ ਸੈਡ ਦੇ ਨਿਰਮਾਣ ਲਈ ਟਰਾਂਸਪੋਰਟ ਵਿਭਾਗ ਦੀ ਜ਼ਮੀਨ ਕਿਰਤ ਵਿਭਾਗ ਨੂੰ ਤੁਰੰਤ ਤਬਦੀਲ ਕਰਨ ਦੇ ਹੁਕਮ ਦਿੱਤੇ।

ਇਸੇ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸ਼੍ਰੀ ਕਮਲ ਸ਼ਰਮਾ ਜੋ ਮੀਟਿੰਗ ਵਿਚ ਹਾਜ਼ਰ ਸਨ ਨੇ ਮੁੱਖ ਮੰਤਰੀ ਦਾ ਫਿਰੋਜ਼ਪੁਰ ਜਿਲ੍ਹੇ ਦੇ ਸਮੁੱਚੇ ਵਿਕਾਸ ਲਈ ਵਿਖਾਈ ਦਰਿਆਦਿਲੀ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸ. ਬਾਦਲ ਵਲੋਂ ਕੀਤੀਆਂ ਗਈਆਂ ਪਹਿਲਕਦਮੀਆਂ ਨਾਲ ਸਰਹੱਦੀ ਜਿਲ੍ਹੇ ਵਿਚ ਖੁਸ਼ਹਾਲੀ ਆਏ ਵੀ ਅਤੇ ਸ਼ਾਂਤੀ ਵਾਲਾ ਮਾਹੌਲ ਹੋਰ ਵੀ ਪੱਕਾ ਹੋਵੇਗਾ।

ਇਸ ਮੌਕੇ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਮੁੱਖ ਸਕੱਤਰ ਸ਼੍ਰੀ ਸਰਵੇਸ਼ ਕੌਸ਼ਲ, ਪ੍ਰਮੁੱਖ ਸਕੱਤਰ/ਮੁੱਖ ਮੰਤਰੀ ਸ਼੍ਰੀ ਐਸ.ਕੇ. ਸੰਧੂ, ਪ੍ਰਮੁੱਖ ਸਕੱਤਰ ਵਿੱਤ ਸ਼੍ਰੀਮਤੀ ਵਿੰਨੀ ਮਹਾਜਨ, ਵਿੱਤ ਕਮਿਸ਼ਨਰ ਮਾਲ ਸ਼੍ਰੀ ਕਰਨ ਅਵਤਾਰ ਸਿੰਘ, ਪ੍ਰਮੁੱਖ ਸਕੱਤਰ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਸ਼੍ਰੀ ਵਿਸ਼ਵਜੀਤ ਖੰਨਾ, ਪ੍ਰਮੁੱਖ ਸਕੱਤਰ ਤਕਨੀਕੀ ਸਿੱਖਿਆ ਸ਼੍ਰੀ ਐਮ.ਪੀ. ਸਿੰਘ, ਪ੍ਰਮੁੱਖ ਸਕੱਤਰ ਉੱਚ ਸਿੱਖਿਆ ਸ਼੍ਰੀ ਰੋਸ਼ਨ ਸੰਕਾਰੀਆ, ਪ੍ਰਮੁੱਖ ਸਕੱਤਰ ਸਿੱਖਿਆ ਸ਼੍ਰੀ ਸੀ. ਰਾਓਲ, ਪ੍ਰਮੁੱਖ ਸਕੱਤਰ ਜੇਲਾਂ ਸ਼੍ਰੀ ਸੰਜੈ ਕੁਮਾਰ, ਸਕੱਤਰ ਦਿਹਾਤੀ ਵਿਕਾਸ ਸ਼੍ਰੀ ਏ. ਵੇਨੂੰ ਪ੍ਰਸ਼ਾਦ, ਵਿਸ਼ੇਸ਼ ਪ੍ਰਮੁੱਖ ਸਕੱਤਰ/ਮੁੱਖ ਮੰਤਰੀ ਸ਼੍ਰੀ ਕੇ.ਜੇ.ਅੇਸ. ਚੀਮਾ, ਮੁੱਖ ਪ੍ਰਸ਼ਾਸਕ ਪੁਡਾ ਸ਼੍ਰੀ ਮਨਵੇਸ਼ ਸਿੰਘ ਸਿੱਧੂ, ਸਕੱਤਰ ਸੂਚਨਾ ਤੇ ਤਕਨਾਲੋਜੀ ਸ਼੍ਰੀ ਰਕੇਸ਼ ਵਰਮਾ ਅਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ਼੍ਰੀ ਡੀ.ਪੀ.ਐਸ. ਖਰਬੰਦਾ ਸ਼ਾਮਲ ਸਨ।

Facebook Comment
Project by : XtremeStudioz