Close
Menu

ਮੁੱਖ ਮੰਤਰੀ ਵਲੋਂ ਰਾਮ ਤੀਰਥ ਪ੍ਰਾਜੈਕਟ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ

-- 21 September,2013

11111

ਚੰਡੀਗੜ੍ਹ ,21 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ 18 ਅਕਤੂਬਰ ਨੂੰ ਭਗਵਾਨ ਵਾਲਮੀਕਿ ਜਯੰਤੀ ਦੇ ਮੌਕੇ 115 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਸ਼੍ਰੀ ਵਾਲਮੀਕਿ ਆਸ਼ਰਮ (ਰਾਮ ਤੀਰਥ) ਦਾ ਨੀਂਹ ਪੱਥਰ ਰੱਖਣ ਸਬੰਧੀ ਸਮਾਰੋਹ ਨੂੰ ਆਯੋਜਤ ਕਰਨ ਵਾਸਤੇ ਪੰਜ ਮੈਂਬਰੀ ਕਮੇਟੀ ਗਠਿਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਇਹ ਫ਼ੈਸਲਾ ਮੁੱਖ ਮੰਤਰੀ ਨੇ ਅੱਜ ਆਪਣੇ ਨਿਵਾਸ ਸਥਾਨ ‘ਤੇ ਇੱਕ ਉਚ ਪੱਧਰੀ ਜਾਇਜ਼ਾ ਮੀਟਿੰਗ ਦੌਰਾਨ ਲਿਆ। ਇਸ ਕਮੇਟੀ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ਼੍ਰੀ ਚਰਨਜੀਤ ਸਿੰਘ ਅਟਵਾਲ, ਕੈਬਨਿਟ ਮੰਤਰੀ ਸ਼੍ਰੀ ਗੁਲਜ਼ਾਰ ਸਿੰਘ ਰਣੀਕੇ, ਪ੍ਰਮੁੱਖ ਸਕੱਤਰ ਸਭਿਆਚਾਰਕ ਮਾਮਲੇ ਸ਼੍ਰੀ ਐਸ.ਐਸ. ਚੰਨੀ, ਵਿਸ਼ੇਸ਼ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਸ਼੍ਰੀ ਕੇ.ਜੇ.ਐਸ. ਚੀਮਾ ਅਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼ਾਮਲ ਹਨ। ਇਹ ਕਮੇਟੀ ਸਮੁੱਚੇ ਪ੍ਰਾਜੈਕਟ ਉਪਰ ਨਿਗਰਾਨੀ ਵੀ ਰੱਖੇਗੀ।
ਇਸ ਮੌਕੇ ‘ਤੇ ਸ. ਬਾਦਲ ਨੇ ਕਿਹਾ ਕਿ ਭਗਵਾਨ ਵਾਲਮੀਕਿ ਮਹਾਰਾਜ ਜੀ ਦੀ ਅਮੀਰ ਵਿਰਾਸਤ ਨੂੰ ਸੰਭਾਲਣ ਲਈ ਰਾਜ ਸਰਕਾਰ ਨੇ ਇਸ ਮੰਦਰ ਦਾ ਨਿਰਮਾਣ ਇਕ ਵਧੀਆ ਡਿਜ਼ਾਇਨ ਵਿੱਚ ਕਰਵਾਉਣ ਦਾ ਫ਼ੈਸਲਾ ਕੀਤਾ ਹੈ।
ਮੁੱਖ ਮੰਤਰੀ ਨੇ ਪੰਜਾਬ ਸਭਿਆਚਾਰਕ ਮਾਮਲਿਆਂ ਵਿਭਾਗ ਨੂੰ ਇਸ ਪ੍ਰਾਜੈਕਟ ਦੀ ਨੋਡਲ ਏਜੰਸੀ ਅਤੇ ਪੀ.ਡਬਲਿਯੂ.ਡੀ. ਨੂੰ ਐਗਜ਼ੀਕਿਊਟ ਏਜੰਸੀ ਵਜੋਂ ਵੀ ਪ੍ਰਵਾਨਗੀ ਦੇ ਦਿੱਤੀ ਹੈ।
ਮੀਟਿੰਗ ਦੌਰਾਨ ਦੱਸਿਆ ਗਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਰਕੀਟੈਕਟ ਵਿਭਾਗ ਨੇ ਇਸ ਵਿਸ਼ਵ ਪੱਧਰੀ ਮੰਦਰ ਦੇ ਢਾਂਚੇ ਦਾ ਡਿਜ਼ਾਇਨ ਤਿਆਰ ਕੀਤਾ ਹੈ ਅਤੇ ਇਹ ਇਸ ਨੂੰ ਪੀ.ਡਬਲਿਯੂ.ਡੀ. ਦੇ ਹਵਾਲੇ ਕਰ ਦੇਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਇਸ ਮਹੱਤਵਪੂਰਨ ਮੌਕੇ ਸਾਰੇ ਧਾਰਮਿਕ ਆਗੂਆਂ ਅਤੇ ਉਘੀਆਂ ਸਖਸ਼ੀਅਤਾਂ ਨੂੰ ਸੱਦਾ ਦੇਵੇਗੀ ਜਿੱਥੇ ਕਿ ਇਸ ਮੰਦਰ ਦਾ ਨਿਰਮਾਣ ਕੀਤਾ ਜਾਵੇਗਾ। ਇਸ ਸਥਾਨ ਉਤੇ ਮਹਾਂਰਿਸ਼ੀ ਨੇ ਰਾਮਾਇਣ ਦੀ ਰਚਨਾ ਕੀਤੀ ਸੀ।
ਇਸ ਮੌਕੇ ਹਾਜ਼ਰ ਹੋਰਨਾਂ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ਼੍ਰੀ ਚਰਨਜੀਤ ਸਿੰਘ ਅਟਵਾਲ, ਕੈਬਨਿਟ ਮੰਤਰੀ ਸ਼੍ਰੀ ਗੁਲਜ਼ਾਰ ਸਿੰਘ ਰਣੀਕੇ, ਪ੍ਰਮੁੱਖ ਸਕੱਤਰ ਸਭਿਆਚਾਰਕ ਮਾਮਲੇ ਸ਼੍ਰੀ ਐਸ.ਐਸ. ਚੰਨੀ, ਵਿਸ਼ੇਸ਼ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਸ਼੍ਰੀ ਕੇ.ਜੇ.ਐਸ. ਚੀਮਾ ਅਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼ਾਮਲ ਸਨ।

Facebook Comment
Project by : XtremeStudioz