Close
Menu

ਮੁੱਖ ਮੰਤਰੀ ਵੱਲੋਂ ਕੇਂਦਰ ਵਿਚ ਐੱਨ.ਡੀ.ਏ. ਸਰਕਾਰ ਬਨਾਉਣ ਦਾ ਲੋਕਾਂ ਨੂੰ ਸੱਦਾ

-- 19 September,2013

4-1

ਤਰਨਤਾਰਨ,19 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਕੇਂਦਰ ਵਿਚ ਕੌਮੀ ਜਮਹੂਰੀ ਗਠਜੋੜ (ਐੱਨ.ਡੀ.ਏ.) ਦੀ ਸਰਕਾਰ ਬਣੇਗੀ ਅਤੇ ਐੱਨ.ਡੀ.ਏ. ਸਰਕਾਰ ਵੱਲੋਂ ਯੂ.ਪੀ.ਏ. ਸਰਕਾਰ  ਦੇ ਲੀਡਰਾਂ ਵੱਲੋਂ ਕੀਤੇ ਘਪਲਿਆਂ ਅਤੇ ਦੇਸ਼ ਦੇ ਲੋਕਾਂ ਦੇ ਲੁੱਟੇ ਗਏ ਧਨ ਅਤੇ ਖਜਾਨੇ ਦਾ ਮੁਕੰਮਲ ਹਿਸਾਬ ਲਿਆ ਜਾਵੇਗਾ। ਇਹ ਵਿਚਾਰ ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਅੱਜ ਦੂਸਰੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਗੱਦੀ ਦਿਵਸ ਸਮਾਗਮ ਮੌਕੇ ਖਡੂਰ ਸਾਹਿਬ ਵਿਖੇ ਆਯੋਜਿਤ ਕੀਤੀ ਗਈ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਕੇਂਦਰ ਦੀ ਯੂ.ਪੀ.ਏ. ਸਰਕਾਰ ਨੂੰ ਭਾਰਤੀ ਇਤਿਹਾਸ ਵਿਚ ਸਭ ਤੋਂ ਭ੍ਰਿਸ਼ਟ ਸਰਕਾਰ ਗਰਦਾਨਦਿਆਂ ਸ. ਬਾਦਲ ਨੇ ਕਿਹਾ ਕਿ ਕੇਂਦਰ ਵਿਚ ਬਣਨ ਵਾਲੀ ਐੱਨ.ਡੀ.ਏ. ਸਰਕਾਰ ਭ੍ਰਿਸ਼ਟ ਲੋਕਾਂ ਦੇ ਕਾਲੇ ਕਾਰਨਾਮਿਆਂ ਨੂੰ ਕਦੇ ਮੁਆਫ ਨਹੀਂ ਕਰੇਗੀ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸੀ ਲੀਡਰਾਂ ਨੇ ਆਪਣੇ 9 ਸਾਲਾ ਰਾਜ ਦੌਰਾਨ ਕਾਮਨਵੈਲਥ ਗੇਮਾਂ, ਕੋਲਗੇਟ, ਆਦਰਸ਼ ਅਤੇ ਹੈਲੀਕਾਪਟਰ ਘੁਟਾਲੇ ਕਰਕੇ ਜਨਤਾ ਦੀ ਬੇਰਹਿਮੀ ਨਾਲ ਲੁੱਟ ਕੀਤੀ ਹੈ ਜੋ ਯੂ.ਪੀ.ਏ. ਸਰਕਾਰ ਦੇ ਭ੍ਰਿਸ਼ਟ ਹੋਣ ਦੀ ਮੂੰਹ ਬੋਲਦੀ ਤਸਵੀਰ ਹੈ। ਉਨ੍ਹਾਂ ਅੱਗੇ ਕਿਹਾ ਕਿ ਯੂ.ਪੀ.ਏ. ਸਰਕਾਰ ਦੇ ਲੀਡਰਾਂ ਵੱਲੋਂ ਦੇਸ਼ ਦੇ ਲੋਕਾਂ ਦਾ ਧਨ ਲੁੱਟ ਕੇ ਸਵਿਟਜਰਲੈਂਡ ਦੇ ਬੈਂਕਾਂ ਵਿਚ ਜਮ੍ਹਾ ਕਰਵਾਇਆ ਹੈ, ਜੋ ਪੰਜਾਬ ਦੇ ਸਲਾਨਾ ਬਜਟ ਤੋਂ ਵੀ ਜਿਆਦਾ ਹੈ।

ਕਾਂਗਰਸ ਪਾਰਟੀ ਦੀ ਅਗਵਾਈ ਵਿਚ ਯੂ.ਪੀ.ਏ. ਦੀ ਕੇਂਦਰ ਸਰਕਾਰ ਦੀ ਅਲੋਚਨਾ ਕਰਦਿਆਂ ਸ. ਬਾਦਲ ਨੇ ਕਿਹਾ ਕਿ ਕੇਂਦਰ ਦੀ ਸਾਹ-ਸਤ-ਹੀਨ ਸਰਕਾਰ ਹਰ ਮੁਹਾਜ਼ ‘ਤੇ ਅਸਫਲ ਰਹੀ ਹੈ ਅਤੇ ਕੇਂਦਰ ਸਰਕਾਰ ਦੀ ਕਮਜੋਰ ਵਿਦੇਸ਼ ਨੀਤੀਆਂ ਦੇ ਸਦਕਾ ਅੱਜ ਭਾਰਤ ਨੂੰ ਗੁਆਂਢੀ ਮੁਲਕਾਂ ਚੀਨ ਤੇ ਪਾਕਿਸਤਾਨ ਵੱਲੋਂ ਵੰਗਾਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ੀ ਫਰੰਟ ਦੇ ਨਾਲ-ਨਾਲ ਸਰਕਾਰ ਅੰਦਰੂਨੀ ਮੁੱਦਿਆਂ ‘ਤੇ ਵੀ ਅਸਫਲ ਰਹੀ ਹੈ ਅਤੇ ਦੇਸ਼ ਵਿਚ ਅਮਨ ਸ਼ਾਂਤੀ ਬਹਾਲ ਕਰਨ ਵਿਚ ਬੁਰੀ ਤਰ੍ਹਾਂ ਨਾਕਾਮਯਾਬ ਹੋਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਫਿਰਕੂ ਦੰਗੇ ਹੋ ਰਹੇ ਹਨ ਅਤੇ ਵਿਦੇਸ਼ੀ ਘੁਸਪੈਠੀਆਂ ਵੱਲੋਂ ਦੇਸ਼ ਦੀ ਪਾਰਲੀਮੈਂਟ ‘ਤੇ ਹਮਲਾ ਹੋਣ ਦੇ ਬਾਵਜੂਦ ਸਰਕਾਰ ਵੱਲੋਂ ਕੋਈ ਸਾਰਥਕ ਉਪਰਾਲੇ ਨਹੀਂ ਕੀਤੇ ਗਏ ਅਤੇ ਸਰਕਾਰ ਮੂਕ ਦਰਸ਼ਕ ਬਣੀ ਰਹੀ ਹੈ। ਦੇਸ਼ ਅੱਜ ਵੀ ਗਰੀਬੀ, ਅਨਪੜਤਾ, ਭ੍ਰਿਸ਼ਟਾਚਾਰ ਅਤੇ ਬੇਰੁਜ਼ਗਾਰੀ ਦੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਜਿਸ ਲਈ ਕਾਂਗਰਸ ਪਾਰਟੀ ਮੁੱਢਲੇ ਤੌਰ ‘ਤੇ ਜ਼ਿੰਮੇਵਾਰ ਹੈ। ਸ. ਬਾਦਲ ਨੇ ਅੱਗੇ ਕਿਹਾ ਕਿ ਕੇਂਦਰ ਦੀ ਯੂ.ਪੀ.ਏ. ਸਰਕਾਰ ਦੀਆਂ ਗਲਤ ਨੀਤੀਆਂ ਸਦਕਾ ਅੱਜ ਦੇਸ਼ ਦੀ ਆਰਥਿਕ ਹਾਲਤ ਡਾਂਵਾ ਡੋਲ ਹੈ ਅਤੇ ਭਾਰਤੀ ਰੁਪੱਈਏ ਦੀ ਡਾਲਰ ਦੇ ਮੁਕਾਬਲੇ ਵੱਡੀ ਗਿਰਾਵਟ ਹੋਣ ਦੇ ਸਿੱਟੇ ਵਜੋਂ ਦੇਸ਼ ਵਿਚ ਮਹਿੰਗਾਈ ਵੱਧ ਗਈ ਹੈ। ਖਾਣਾ ਵਾਲੀਆਂ ਵਸਤਾਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹਨ ਪਰੰਤੁ ਕਾਂਗਰਸ ਪਾਰਟੀ ਦੇ ਕੇਂਦਰੀ ਆਗੂ ਵੱਡੇ-ਵੱਡੇ ਘੁਟਾਲਿਆਂ ਤੇ ਘਪਲਿਆਂ ਵਿਚ ਰੁੱਝੇ ਹੋਏ ਹਨ।

ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਕਰਾਰੀ ਹਾਰ ਦੇਣ ਲਈ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਕਾਂਗਰਸ ਦੀਆਂ ਗਲਤ ਨੀਤੀਆਂ ਵਿਰੁੱਧ ਫਤਵਾ ਦੇ ਕੇ ਕੇਂਦਰ ਵਿਚ ਐੱਨ.ਡੀ.ਏ. ਦੀ ਸਰਕਾਰ ਕਾਇਮ ਕਰਨ ਤਾਂ ਜੋ ਪੰਜਾਬ ਸਮੇਤ ਹੋਰਨਾਂ ਸੂਬਿਆਂ ਦੇ ਸਰਵਪੱਖੀ ਵਿਕਾਸ ਲਈ ਵੱਡੇ-ਵੱਡੇ ਪ੍ਰੋਜੈਕਟ ਲਿਆਂਦੇ ਜਾ ਸਕਣ। ਪੰਜਾਬ ਵਿਚ ਆਏ ਹੜ੍ਹਾਂ ਦੇ ਸੰਬੰਧ ਵਿਚ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਬੰਦਿਸ਼ਾਂ ਦੇ ਕਾਰਨ ਪੰਜਾਬ ਦੇ ਕਿਸਾਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦਾ ਪੂਰਾ ਮੁਆਵਜਾ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਗ੍ਰਹਿ ਮੰਤਰੀ ਨੂੰ ਮਿਲਣ ਦੇ ਬਾਵਜੂਦ ਵੀ ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਦੀ ਇਸ ਸੰਕਟ ਦੇ ਮੌਕੇ ‘ਤੇ ਬਾਂਹ ਨਹੀਂ ਫੜੀ। ਉਨ੍ਹਾਂ ਕੇਂਦਰ ਸਰਕਾਰ ਨੂੰ ਮੁੜ ਅਪੀਲ ਕੀਤੀ ਕਿ ਉਹ ਕੁਦਰਤੀ ਆਫਤ ਦੇ ਕੌਮੀ ਰਾਹਤ  ਫੰਡ ਵਿਚੋਂ ਕਿਸਾਨਾਂ ਨੂੰ ਮੁਆਵਜਾ ਦੇਣ ਲਈ ਤੁਰੰਤ ਰਾਸ਼ੀ ਜਾਰੀ ਕੀਤੀ ਜਾਵੇ ਅਤੇ ਮੁਆਵਜੇ ਸੰਬੰਧੀ ਸ਼ਰਤਾਂ ਖਤਮ ਕੀਤੀਆਂ ਜਾਣ। ਸ. ਬਾਦਲ ਨੇ ਕਿਹਾ ਕਿ ਕੇਂਦਰੀ ਟੈਕਸਾਂ ਦੀ ਵੰਡ ਸੰਬੰਧੀ ਉਚਿਤ ਫਾਰਮੂਲਾ ਦੀ ਅਣਹੋਂਦ ਕਰਕੇ ਫੰਡਾਂ ਦੀ ਵੰਡ ਸਮੇਂ ਕੇਂਦਰ ਵੱਲੋਂ ਸੂਬਿਆਂ ਨਾਲ ਵਿਤਕਰਾ ਕੀਤਾ ਜਾਂਦਾ ਹੈ, ਜਿਸ ਨਾਲ ਦੇਸ਼ ਵਿਚ ਸੰਤੁਲਿਤ ਵਿਕਾਸ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਵੱਲੋਂ ਨਿਰਪੱਖ ਰਹਿ ਕੇ ਗ੍ਰਾਂਟਾਂ ਦਿੱਤੀਆਂ ਜਾਣ ਤਾਂ ਸੂਬਿਆਂ ਵੱਲੋਂ ਬੇਮਿਸਾਲ ਵਿਕਾਸ ਕੀਤਾ ਜਾ ਸਕਦਾ ਹੈ।

ਸ. ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਦੇਸ਼ ‘ਤੇ ਲੰਮਾਂ ਸਮਾਂ ਰਾਜ ਕੀਤਾ ਹੈ ਅਤੇ ਦੇਸ਼ ਕਿਸੇ ਸਮੇਂ ਸੋਨੀ ਦੀ ਚਿੜੀ ਵਜੋਂ ਜਾਣਿਆ ਜਾਂਦਾ ਸੀ ਅੱਜ ਗਰੀਬੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਅਨਪੜਤਾ ਤੇ ਹੋਰ ਕਈ ਸਮਾਜਿਕ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਾਂਦਰ ਵੱਲੋਂ ਆਮ ਆਦਮੀ ਦਾ ਭਲਾ ਕਰਨ ਦੀ ਰੱਟ ਲਗਾਈ ਜਾਂਦੀ ਹੈ ਅਤੇ ਆਮ ਲੋਕਾਂ ਦੇ ਨਾਮ ‘ਤੇ ਵੋਟਾਂ ਬਟੋਰੀਆਂ ਜਾਂਦੀਆਂ ਹਨ, ਕਾਂਗਰਸ ਪਾਰਟੀ ਗਰੀਬਾਂ ਦੇ ਭਲੇ ਲਈ ਕੁਝ ਨਹੀਂ ਕਰਦੀ ਜਦਕਿ ਹਮੇਸ਼ਾ ਅਮੀਰਾਂ ਤੇ ਧਨਾੜਾਂ ਦੇ ਹਿੱਤਾਂ ਦੀ ਪਾਲਨਾ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਸਰਕਾਰ ਹੇਠਲੇ ਪੱਧਰ ‘ਤੇ ਵੱਸਦੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਤੋਂ ਅਣਜਾਣ ਹੈ।

ਪੰਜਾਬ ਦੀ ਮੁੱਦਾਹੀਨ ਹੋਈ ਕਾਂਗਰਸੀ ਲੀਡਰਸ਼ਿਪ ਅਤੇ ਖਾਸ ਤੌਰ ‘ਤੇ ਸ. ਪ੍ਰਤਾਪ ਸਿੰਘ ਬਾਜਵਾ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਅਲੋਚਨਾ ਕਰਦਿਆਂ ਕਿਹਾ ਕਿ ਉਨਾਂ ਵੱਲੋਂ ਸੂਬੇ ਦੀ ਸਰਕਾਰ ਦੀ ਬੇਲੋੜੀ ਅਲੋਚਨਾ ਕੀਤੀ ਜਾ ਰਹੀ ਹੈ, ਜਿਸਦਾ ਕੋਈ ਵੀ ਅਧਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਪੰਜਾਬ ਸਰਕਾਰ ਦੀ ਅਲੋਚਨਾ ਕਰਨ ਦੀ ਬਜਾਏ ਸੂਬੇ ਦੇ ਹਿੱਤਾਂ ਦੀ ਰਾਖੀ ਕਰਨ ਲਈ ਆਪਣੇ ਕੇਂਦਰੀ ਲੀਡਰਾਂ ਕੋਲ ਜਾ ਕੇ ਸੂਬੇ ਦੇ ਮਸਲੇ ਉਠਾਉਣੇ ਚਾਹੀਦੇ ਹਨ।

ਜਨਤਕ ਰੈਲੀ ਉਪਰੰਤ ਪ੍ਰੈੱਸ ਕਾਨਫਰੰਸ ਸਮੇਂ ਪੱਤਰਕਾਰਾਂ ਵੱਲੋਂ ਸ. ਨਵਜੋਤ ਸਿੰਘ ਸਿੱਧੂ ਮੈਂਬਰ ਪਾਰਲੀਮੈਂਟ ਵੱਲੋਂ ਸਰਕਾਰ ਦੀ ਕੀਤੀ ਜਾ ਰਹੀ ਅਲੋਚਨਾ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਸ. ਸਿੱਧੂ ਆਪਣੀਆਂ ਚੋਣਾਂ ਜਿੱਤਣ ਤੋਂ ਪਿੱਛੋਂ ਤਾਂ ਉਨ੍ਹਾਂ ਦੀ ਪ੍ਰਸ਼ੰਸਾ ਕਰਦੇ ਨਹੀਂ ਸਨ ਥੱਕਦੇ। ਉਨ੍ਹਾਂ ਕਿਹਾ ਕਿ ਸ. ਸਿੱਧੂ ਵੱਲੋਂ ਕੀਤੀ ਜਾ ਰਹੀ ਬਿਆਨਬਾਜੀ ਗਲਤ ਫੈਸਲਾ ਹੈ ਅਤੇ ਸ. ਸਿੱਧੂ ਦੇ ਇਸ ਰਵੱਈਏ ਅਤੇ ਬਿਆਨਬਾਜੀ ਨੂੰ ਉਨ੍ਹਾਂ ਦੀ ਆਪਣੀ ਪਾਰਟੀ ਭਾਰਤੀ ਜਨਤਾ ਪਾਰਟੀ ਸਮਝਣ ਵਿਚ ਫੇਲ ਰਹੀ ਹੈ ਕਿ ਸਿੱਧੂ ਸਾਹਿਬ ਨੂੰ ਅਚਾਨਕ ਅਜਿਹੀ ਬਿਆਨਬਾਜੀ ਕਿਉਂ ਕਰ ਰਹੇ ਹਨ। ਕੇਂਦਰ ਸਰਕਾਰ ਵੱਲੋਂ ਕੌਮੀ ਪੇਂਡੂ ਹੈਲਥ ਮਿਸ਼ਨ ਅਧੀਨ ਚਲਾਈਆਂ ਜਾ ਰਹੀਆਂ 108 ਗੱਡੀਆਂ ਉੱਪਰ ਸ. ਬਾਦਲ ਦੀ ਫੋਟੋ ਨੂੰ ਬਹਾਨਾ ਬਣਾ ਕੇ ਕੇਂਦਰੀ ਸਰਕਾਰ ਵੱਲੋਂ ਗ੍ਰਾਂਟ ਬੰਦ ਕਰਨ ਦੇ ਫੈਸਲੇ ਸੰਬੰਧੀ ਕੀਤੇ ਸਵਾਲ ਦੇ ਜਵਾਬ ਵਿਚ ਸ. ਬਾਦਲ ਨੇ ਕਿਹਾ ਕਿ ਪੰਜਾਬ ਨਾਲ ਇਕ ਹੋਰ ਵਿਤਕਰਾ ਹੈ ਅਤੇ ਕੇਂਦਰ ਸਰਕਾਰ ਦੀ ਤੰਗਦਿਲੀ ਦੀ ਮਿਸਾਲ ਹੈ।

ਪੰਜਾਬ ਦੇ ਗੌਰਵਮਈ ਇਤਿਹਾਸ ਤੇ ਧਾਰਮਿਕ ਪਿਛੋਕੜ ਬਾਰੇ ਬੋਲਦਿਆਂ ਸ. ਬਾਦਲ ਨੇ ਕਿਹਾ ਕਿ ਬੀਤੇ ਸਮਿਆਂ ਵਿਚ ਸਿੱਖ ਕੌਮ ਅਤੇ ਖਾਸ ਤੌਰ ‘ਤੇ ਪੰਜਾਬੀਆਂ ਵੱਲੋਂ ਵੱਖ-ਵੱਖ ਸਮਿਆਂ ਦੇ ਜਾਲਮਾਂ ਦਾ ਟਾਕਰਾ ਕਰਨ ਲਈ ਕੀਤੇ ਸੰਘਰਸ਼ਾਂ ਦੀ ਯਾਦ ਆਉਣ ਵਾਲੀਆਂ ਪੀੜੀਆਂ ਤੱਕ ਪਹੁੰਚਾਉਣ ਲਈ ਸਰਕਾਰ ਵੱਲੋਂ ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ, ਚੱਪੜ ਚਿੜੀ ਦੀਆਂ ਯਾਦਗਾਰਾਂ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖਾਲਸਾ ਦਾ ਨਿਰਮਾਣ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਵੱਲੋਂ ਦੇਸ਼ ਦੀ ਜੰਗ-ਏ-ਆਜ਼ਾਦੀ ਦੌਰਾਨ ਸ਼ਹੀਦ ਹੋਣ ਵਾਲੇ ਭਾਰਤ ਦੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਕਰਤਾਰਪੁਰ ਵਿਖੇ ਯਾਦਗਾਰ ਸਥਾਪਿਤ ਕੀਤੀ ਜਾ ਰਹੀ ਹੈ।

ਇਸ ਮੌਕੇ ‘ਤੇ ਬੋਲਦਿਆਂ ਸ. ਰਣਜੀਤ ਸਿੰਘ ਬ੍ਰਹਮਪੁਰਾ ਸੀਨੀਅਰ ਮੀਤ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅਤੇ ਸਾਬਕਾ ਮੰਤਰੀ ਨੇ ਸ. ਬਾਦਲ ਨੂੰ ਜੀ ਆਇਆਂ ਆਖਦਿਆਂ ਸ. ਬਾਦਲ ਵੱਲੋਂ ਪੰਜਾਬ ਦੇ ਲੋਕਾਂ ਲਈ ਕੀਤੀ ਨਿਸ਼ਕਾਮ ਸੇਵਾ ਅਤੇ ਸੂਬੇ ਦੇ ਹਿੱਤਾਂ ਲਈ ਕੀਤੇ ਸੰਘਰਸ਼ਾਂ ਦੀ ਭਰਪੂਰ ਸ਼ਲਾਂਘਾ ਕੀਤੀ ਅਤੇ ਖਡੂਰ ਸਾਹਿਬ ਵਿਖੇ ਇਕ ਸਟੇਡੀਅਮ ਬਨਾਉਣ, ਚੋਹਲਾ ਸਾਹਿਬ ਦੇ ਖੇਡ ਸਟੇਡੀਅਮ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਸ. ਬਾਦਲ ਨੇ ਮੌਕੇ ‘ਤੇ ਪ੍ਰਵਾਨ ਕਰਨ ਦਾ ਐਲਾਨ ਕੀਤਾ।

ਹੋਰਨਾਂ ਤੋਂ ਇਲਾਵਾ ਇਸ ਮੌਕੇ ‘ਤੇ ਡਾ. ਰਤਨ ਸਿੰਘ ਅਜਨਾਲਾ ਮੈਂਬਰ ਪਾਰਲੀਮੈਂਟ, ਸ. ਰਵਿੰਦਰ ਸਿੰਘ ਬ੍ਰਹਮਪੁਰਾ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ, ਸ. ਅਲਵਿੰਦਰਪਾਲ ਸਿੰਘ ਪੱਖੋਕੇ ਜ਼ਿਲ੍ਹਾ ਪ੍ਰਧਾਨ, ਸ. ਗੁਰਬਚਨ ਸਿੰਘ ਕਰਮੂੰਵਾਲ, ਸ. ਹਰਦੇਵ ਸਿੰਘ ਨਾਗੋਕੇ, ਸ. ਬਲਵਿੰਦਰ ਸਿੰਘ ਵੇਈਂਪੁਈ ਨੇ ਵੀ ਸੰਬੋਧਨ ਕੀਤਾ।

Facebook Comment
Project by : XtremeStudioz