Close
Menu

ਮੁੱਖ ਮੰਤਰੀ ਵੱਲੋਂ ਘੱਗਰ ਨਦੀ ਵਿੱਚ ਪ੍ਰਦੂਸ਼ਣ ਰੋਕਣ ਲਈ ਪਾਟਿਲ ਤੋਂ ਨਿੱਜੀ ਦਖਲ ਦੀ ਮੰਗ

-- 09 December,2014

* ਪਾਟਿਲ ਵਲੋਂ ਪੂਰਾ ਸਹਿਯੋਗ ਤੇ ਮਦਦ ਦਾ ਭਰੋਸਾ
* ਘੱਗਰ ਨਦੀ ਵਿੱਚ ਪ੍ਰਦੂਸ਼ਣ ਨੂੰ ਰੋਕਣ ਸਬੰਧੀ ਪ੍ਰਾਜੈਕਟ ਦੀ ਮਾਸਿਕ ਪ੍ਰਗਤੀ ਰਿਪੋਰਟ ਪੇਸ਼ ਕਰਨ ਲਈ ਅਧਿਕਾਰੀਆਂ ਨੂੰ ਆਖਿਆ
* ਪ੍ਰਦੂਸ਼ਨ ਵਾਲੀਆਂ ਥਾਵਾਂ ਦੀ ਪੰਜਾਬ ਤੇ ਯੂ.ਟੀ ਦੇ ਅਫਸਰਾਂ ਦੀ ਸਾਂਝੀ ਟੀਮ ਨਿਗਰਾਨੀ ਕਰੇਗੀ
ਚੰਡੀਗੜ੍ਹ, ਸੂਬੇ ਦੀਆਂ ਨਦੀਆਂ ਨੂੰ ਸਾਫ ਅਤੇ ਪ੍ਰਦੂਸ਼ਣ ਮੁਕਤ ਕਰਵਾਉਣ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਾਰਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਚੰਡੀਗੜ੍ਹ ਸ਼ਹਿਰ ਦੇ ਸੁਖਨਾ ਚੋਅ ਰਾਹੀਂ ਘੱਗਰ ਨਦੀ ਵਿੱਚ ਪੈ ਰਹੇ ਗੰਦੇ ਪਾਣੀ ਰੋਕਣ ਲਈ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਸ਼ਿਵਰਾਜ ਵੀ. ਪਾਟਿਲ ਨੂੰ ਨਿੱਜੀ ਦੱਖਲ ਦੇਣ ਦੀ ਮੰਗੀ ਕੀਤੀ ਹੈ।
ਮੁੱਖ ਮੰਤਰੀ ਅੱਜ ਸਵੇਰੇ ਸ੍ਰੀ ਪਾਟਿਲ ਨੂੰ ਪੰਜਾਬ ਰਾਜ ਭਵਨ ਵਿਖੇ ਮਿਲੇ ਅਤੇ ਉਨ੍ਹਾਂ ਨੂੰ ਚੰਡੀਗੜ੍ਹ ਸ਼ਹਿਰ ਦਾ ਅਣਸੋਧਿਆ ਦੂਸ਼ਿਤ ਪਾਣੀ ਸੁਖਨਾ ਚੋਅ ਵਿੱਚ ਪੈ ਰਿਹਾ ਹੈ, ਬਾਰੇ ਜਾਣੂ ਕਰਵਾਇਆ। ਸ੍ਰੀ ਪਾਟਿਲ ਨੇ ਇਹ ਮੀਟਿੰਗ ਮੁੱਖ ਮੰਤਰੀ ਦੀ ਅਪੀਲ ‘ਤੇ ਸੱਦੀ ਸੀ। ਉਨ੍ਹਾਂ ਕਿਹਾ ਕਿ ਬਿਨਾ ਸੋਧਿਆ ਹੋਇਆ ਗੰਦਾ ਪਾਣੀ ਨਦੀ ਵਿੱਚ ਪਾਉਣ ਨਾਲ ਘੱਗਰ ਦੇ ਨਾਲ ਵਸਦੇ ਲੋਕਾਂ ਦੀ ਸਿਹਤ ਲਈ ਵੱਡਾ ਖਤਰਾ ਪੈਦਾ ਹੋ ਰਿਹਾ ਹੈ।  ਇਸ ਦੇ ਨਾਲ ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।  ਸ. ਬਾਦਲ ਨੇ ਦੱਸਿਆ ਕਿ ਚੰਡੀਗੜ੍ਹ ਸ਼ਹਿਰ ਦੀਆਂ ਅੱਠ ਥਾਵਾਂ ਤੋਂ ਗੰਦਾ ਪਾਣੀ ਘੱਗਰ ਵਿੱਚ ਪੈਂਦਾ ਹੈ ਅਤੇ ਇਸ ਨੂੰ ਰੋਕਣਾ ਸਮੇਂ ਦੀ ਮੁੱਖ ਲੋੜ ਹੈ।
ਇਸ ਸਬੰਧ ਵਿੱਚ ਤੁਰੰਤ ਕਦਮ ਚੁੱਕਣ ਲਈ ਸ੍ਰੀ ਪਾਟਿਲ ‘ਤੇ ਜ਼ੋਰ ਪਾਉਂਦਿਆਂ ਹੋਇਆ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਹਾਲ ਹੀ ਵਿੱਚ ਇਕ ਸਰਵੈ ਕਰਵਾਇਆ ਗਿਆ ਹੈ ਜਿਸ ਦੌਰਾਨ ਇਨ੍ਹਾਂ ਸਥਾਨਾਂ ਦੀ ਸ਼ਨਾਖਤ ਕੀਤੀ ਗਈ ਹੈ।  ਇਨ੍ਹਾਂ ਸਥਾਨਾਂ ਵਿੱਚ ਆਈ.ਟੀ ਪਾਰਕ, ਕਿਸ਼ਨਗੜ੍ਹ, ਇੰਦਰਾ ਕਲੌਨੀ, ਸ਼ਾਸ਼ਤਰੀ ਕਲੋਨੀ, ਮਨੀਮਾਜਰਾ, ਬਾਪੂਧਾਮ ਕਲੋਨੀ, ਹਾਲੋਮਾਜਰਾ, ਰਾਏਪੁਰ ਖੁਰਦ ਦਾ ਐਸ.ਟੀ.ਪੀ ਅਤੇ ਰਾਏਪੁਰ ਕਲਾਂ ਸ਼ਾਮਲ ਹਨ। ਨਦੀਆਂ ਵਿੱਚ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਰਾਜ ਸਰਕਾਰ ਵਜੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਦਾ ਜ਼ਿਕਰ ਕਰਦੇ ਹੋਏ ਸ. ਬਾਦਲ ਨੇ ਰਾਜਪਾਲ ਨੂੰ ਦੱਸਿਆ ਕਿ ਸੂਬੇ ਭਰ ਵਿੱਚ ਸੀਵਰੇਜ਼ ਟਰੀਟਮੈਂਟ ਪਲਾਂਟ ਸਥਾਪਿਤ ਕੀਤੇ ਗਏ ਹਨ ਅਤੇ ਨਦੀਆਂ ਵਿੱਚ ਉਦਯੋਗਾਂ ਦਾ ਗੰਦਾ ਪਾਣੀ ਪੈਣ ਤੋਂ ਰੋਕਿਆ ਗਿਆ ਹੈ।  ਉੁਨ੍ਹਾਂ ਦੱਸਿਆ ਕਿ ਬਹੁਤ ਸਾਰੀਆਂ ਥਾਵਾਂ ਤੋਂ ਸੋਧੇ ਹੋਏ ਪਾਣੀ ਨੂੰ ਸਿੰਚਾਈ ਅਤੇ ਹੋਰ ਮਕਸਦਾਂ ਲਈ ਵਰਤਿਆ ਜਾ ਰਿਹਾ ਹੈ।
ਮੁੱਖ ਮੰਤਰੀ ਵਲੋਂ ਉਠਾਏ ਗਏ ਮੁੱਦੇ ਦੇ ਸਬੰਧ ਵਿੱਚ ਸ੍ਰੀ ਪਾਟਿਲ ਨੇ ਕਿਹਾ ਕਿ ਘੱਗਰ ਨਦੀ ਵਿੱਚ ਅਣਸੋਧੇ ਪਾਣੀ ਦੇ ਵਹਾਅ ਨੂੰ ਸੁਖਨਾ ਚੋਅ ਵਿੱਚ ਪੈਣ ਤੋਂ ਰੋਕਣ ਲਈ ਹਰ ਕੋਸ਼ਿਸ਼ ਕੀਤੀ ਜਾਵੇਗੀ ਅਖੀਰ ਘੱਗਰ ਵਿੱਚ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਪਹਿਲਾਂ ਹੀ ਘੱਗਰ ਨਦੀ ਨੂੰ ਪ੍ਰਦੂਸ਼ਤ ਕਰਦੀਆਂ 10 ਥਾਵਾਂ ਨੂੰ ਭਰਨ ਲਈ 2.5 ਕਰੋੜ ਰੁਪਏ ਦੇ ਫੰਡਾਂ ਦੀ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ।  ਸ੍ਰੀ ਪਾਟਿਲ ਨੇ ਮੁੱਖ ਮੰਤਰੀ ਨੂੰ ਸੂਬਾ ਸਰਕਾਰ ਅਤੇ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਅਧਿਕਾਰੀ ਤਾਇਨਾਤ ਕਰਨ ਲਈ ਆਖਿਆ ਹੈ ਜੋ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਨਾਲ ਮਿਲ ਕੇ ਸਾਂਝੇ ਤੌਰ ਤੇ ਜਾਂਚ ਕਰਨ ਤਾਂ ਜੋ ਅਣਸੋਧੇ ਵਾਧੂ ਪਾਣੀ ਦੇ ਸਰੋਤਾਂ ਦੀ ਨਿਗਰਾਨੀ ਕੀਤੀ ਜਾ ਸਕੇ।
ਰਾਜਪਾਲ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਅਣਸੋਧੇ ਪਾਣੀ ਨੂੰ ਸੁਖਨਾ ਚੋਅ ਰਾਹੀਂ ਘੱਗਰ ਵਿੱਚ ਜਾਣ ਤੋਂ ਰੋਕਣ ਦਾ ਕੰਮ ਨਿਰਧਾਰਤ ਸਮੇਂ ਸੀਮਾ ਵਿੱਚ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਜਨਤਕ ਮਹੱਤਤਾ ਵਾਲੇ ਇਨ੍ਹਾਂ ਕੰਮਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਇਸ ਸਬੰਧੀ ਮਾਸਿਕ ਪ੍ਰਗਤੀ ਰਿਪੋਰਟ ਮੁੱਖ ਮੰਤਰੀ ਦਫਤਰ ਨੂੰ ਪੇਸ਼ ਕਰਨ ਲਈ ਆਖਿਆ ਹੈ।
ਇਸ ਮੌਕੇ ਹੋਰਨਾਂ ਵਿੱਚ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਐਸ.ਕੇ ਸੰਧੂ, ਸਕੱਤਰ ਸਥਾਨਕ ਸਰਕਾਰ ਸ੍ਰੀ ਅਸ਼ੋਕ ਗੁਪਤਾ, ਸੀ.ਈ.ਓ. ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਸ੍ਰੀ ਡੀ.ਕੇ.ਤਿਵਾੜੀ, ਵਿਸ਼ੇਸ਼ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਡਾ: ਐਸ. ਕਰੁਣਾ ਰਾਜੂ ਅਤੇ ਚੇਅਰਮੈਨ ਪੰਜਾਬ ਪ੍ਰਦੂਸ਼ਨ ਬੋਰਡ ਦੇ ਸ੍ਰੀ ਰਵਿੰਦਰ ਸਿੰਘ ਸ਼ਾਮਲ ਸਨ।

Facebook Comment
Project by : XtremeStudioz