Close
Menu

ਮੁੱਖ ਮੰਤਰੀ ਵੱਲੋਂ ਪੈਪਸੀਕੋ ਦੀ 800 ਕਰੋੜ ਰੁਪਏ ਦੀ ਲਾਗਤ ਵਾਲੀ ਵਰੁਣ ਬੈਵਰੇਜਿਜ਼ ਗਰੀਨਫੀਲਡ ਫੈਸਿਲਟੀ ਦਾ ਉਦਘਾਟਨ

-- 08 March,2019

ਪਠਾਨਕੋਟ ਵਿਖੇ ਸਥਾਪਤ ਨਵੇਂ ਪ੍ਰਾਜੈਕਟ ਨਾਲ 5000 ਵਿਅਕਤੀਆਂ ਨੂੰ ਸਿੱਧੇ ਜਾਂ ਅਸਿੱਧੇ ਤੌਰ ’ਤੇ ਰੋਜ਼ਗਾਰ ਹਾਸਲ ਹੋਵੇਗਾ 

ਪਠਾਨਕੋਟ, 8 ਮਾਰਚ:

        ਸੂਬੇ ਦੇ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ 800 ਕਰੋੜ ਰੁਪਏ ਦੀ ਲਾਗਤ ਵਾਲੀ ਪੈਪਸੀਕੋ ਦੀ ਫਰੈਂਚਾਈਜ਼ੀਜ ਵਰੁਣ ਬੈਵਰੇਜਿਜ਼ ਗਰੀਨਫੀਲਡ ਫੈਸਲਿਟੀ ਦਾ ਉਦਘਾਟਨ ਕੀਤਾ ਜਿਸ ਨਾਲ 5000 ਵਿਅਕਤੀਆਂ ਨੂੰ ਸਿੱਧੇ ਜਾਂ ਅਸਿੱਧੇ ਤੌਰ ’ਤੇ ਰੋਜ਼ਗਾਰ ਹਾਸਲ ਹੋਵੇਗਾ।

        ਪੰਜਾਬ ਲਘੂ ਉਦਯੋਗ ਅਤੇ ਬਰਾਮਦ ਨਿਗਮ ਵੱਲੋਂ ਅਲਾਟ ਕੀਤੀ 41 ਏਕੜ ਰਕਬੇ ਵਿੱਚ ਸਥਾਪਤ ਇਸ ਯੂਨਿਟ ਵਿੱਚ ਟਰੌਪੀਕਾਨਾ ਜੂਸ, ਡੇਅਰੀ ਅਧਾਰਿਤ ਵਸਤਾਂ, ਕਾਰਬੋਨੇਟ ਗੈਸ ਵਾਲੇ ਠੰਡੇ ਅਤੇ ਸੋਧਿਆ ਹੋਇਆ ਪਾਣੀ ਤਿਆਰ ਹੋਵੇਗਾ। ਪੰਗੋਲੀ ਵਿਖੇ ਸਥਿਤ ਗ੍ਰੋਥ ਇੰਡਸਟਰੀਅਲ ਸੈਂਟਰ ਵਿੱਚ ਇਨਾਂ ਉਤਪਾਦਾਂ ਦੀ ਅਜ਼ਮਾਇਸ਼ ਸ਼ੁਰੂ ਕੀਤੀ ਜਾ ਚੁੱਕੀ ਹੈ। 

        ਮੁੱਖ ਮੰਤਰੀ ਨੇ ਇਸ ਇਲਾਕੇ ਵਿੱਚ ਗੁਰੂ ਅੰਗਦ ਦੇਵ ਵੈਟਨਰੀ ਸਾਇੰਸਿਜ਼ ਯੂਨੀਵਰਸਿਟੀ ਵੱਲੋਂ ਡੇਅਰੀ ਵਿਕਾਸ ਪਾਸਾਰ ਕੇਂਦਰ ਸਥਾਪਤ ਕਰਨ ਦਾ ਵੀ ਐਲਾਨ ਕੀਤਾ ਤਾਂ ਕਿ ਦੁੱਧ ਉਤਪਾਦਕਾਂ ਨੂੰ ਬਿਹਤਰ ਪਸ਼ੂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਤੋਂ ਇਲਾਵਾ ਦੁਧਾਰੂ ਪਸ਼ੂਆਂ ਦੀ ਨਸਲ ਵਿੱਚ ਸੁਧਾਰ ਹੋ ਸਕੇ ਜਿਸ ਨਾਲ ਦੁੱਧ ਦਾ ਮਿਆਰ ਵਧੇਗਾ।

        ਮੁੱਖ ਮੰਤਰੀ ਨੇ ਕਿਹਾ ਕਿ ਪੈਪਸੀਕੋ ਪ੍ਰਾਜੈਕਟ ਸੂਬੇ ਵਿੱਚ ਉਦਯੋਗਿਕ ਤਰੱਕੀ ਨੂੰ ਹੋਰ ਅੱਗੇ ਲਿਜਾਵੇਗਾ। ਉਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਨਅਤ ਨੂੰ ਮੁੜ ਸੁਰਜੀਤ ਕਰਨ ਲਈ ਟਰੱਕ ਯੂਨੀਅਨਾਂ ਖਤਮ ਕਰਨ, ਮੌਜੂਦਾ ਅਤੇ ਨਵੇਂ ਉਦਯੋਗ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣਾ ਅਤੇ ਸੂਬੇ ਅੰਦਰ ਅਤੇ ਸੂਬੇ ਤੋਂ ਬਾਹਰ ਵਿਕਦੀਆਂ ਵਸਤਾਂ ’ਤੇ ਜੀ.ਐਸ.ਟੀ ਲਾਭ ਦੇਣ ਸਮੇਤ ਕਈ ਲੀਹੋਂ ਹਟਵੇਂ ਕਦਮ ਚੁੱਕੇ ਗਏ ਹਨ।

        ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਨਿਵੇਸ਼ਕਾਰਾਂ ਨੂੰ ਪੰਜ ਸਾਲਾਂ ਲਈ ਪ੍ਰਤੀ ਮੁਲਾਜ਼ਮ 48000 ਰੁਪਏ ਦੀ ਰੋਜ਼ਗਾਰ ਸਬਸਿਡੀ ਬਿਨਾਂ ਕਿਸੇ ਉਪਰਲੀ ਬੰਦਿਸ਼ ਤੋਂ ਦਿੱਤੀ ਜਾ ਰਹੀ ਹੈ। ਸਾਲ 2018-19 ਵਿੱਚ ਉਦਯੋਗਿਕ ਖੇਤਰ ਵਿੱਚ ੳੂਰਜਾ ਦੀ ਖਪਤ 14 ਫੀਸਦੀ ਵਧੀ ਹੈ ਜਿਸ ਤੋਂ ਸੂਬੇ ਵਿੱਚ ਉਦਯੋਗਿਕ ਖੇਤਰ ਦੇ ਮੁੜ ਪੈਰਾਂ ਸਿਰ ਹੋਣ ਦਾ ਸਪੱਸ਼ਟ ਸੰਕੇਤ ਮਿਲਦਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਉਨਾਂ ਦੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ 66000 ਕਰੋੜ ਰੁਪਏ ਦੇ ਐਮ.ਓ.ਯੂ ਕੀਤੇ ਗਏ ਹਨ ਜਿਨਾਂ ਵਿੱਚੋਂ 36000 ਕਰੋੜ ਰੁਪਏ ਦੇ ਨਿਵੇਸ਼ ਨਾਲ ਜ਼ਮੀਨੀ ਪੱਧਰ ’ਤੇ ਕੰਮ ਸ਼ੁਰੂ ਹੋ ਗਿਆ ਹੈ।

        ਸੰਸਦ ਮੈਬਰ ਸੁਨੀਲ ਜਾਖੜ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਸਨਅਤੀ ਵਿਕਾਸ ਪ੍ਰਤੀ ਪੂਰੀ ਤਰਾਂ ਵਚਨਬੱਧ ਹੈ ਜਿਸ ਦੀ ਮਿਸਾਲ ਪੈਪਸੀਕੋ ਦੇ ਇਸ ਪ੍ਰਾਜੈਕਟ ਤੋਂ ਲਈ ਜਾ ਸਕਦੀ ਹੈ ਜੋ ਪ੍ਰਾਜੈਕਟ ਲਾਉਣ ਦੀ ਅਰਜ਼ੀ ਦੇਣ ਦੇ 10 ਮਹੀਨਿਆਂ ਦੇ ਅੰਦਰ-ਅੰਦਰ ਹੀ ਸ਼ੁਰੂ ਹੋ ਗਿਆ। ਮੈਸਰਜ਼ ਵਰੁਣ ਬੈਵਰੇਜ਼ ਲਿਮਿਟਡ ਨੇ ਅਪ੍ਰੈਲ, 2018 ਵਿੱਚ ਨਿਵੇਸ਼ ਪੰਜਾਬ ਵਿੱਚ ਅਪਲਾਈ ਕੀਤਾ ਸੀ ਅਤੇ ਇਸ ਪ੍ਰਾਜੈਕਟ ਨੂੰ ਸਥਾਪਤ ਕਰਨ ਨਾਲ ਜੁੜੀਆਂ ਸਾਰੀਆਂ ਪ੍ਰਵਾਨਗੀਆਂ ਮਹਿਜ਼ 10 ਮਹੀਨਿਆਂ ਦੇ ਸਮੇਂ ਅੰਦਰ ਮੁਕੰਮਲ ਕਰ ਲਈਆਂ ਗਈਆਂ।

        ਪਠਾਨਕੋਟ ਤੋਂ ਵਿਧਾਇਕ ਅਮਿਤ ਵਿੱਜ ਨੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਸ ਪ੍ਰਾਜੈਕਟ ਦੇ ਰੂਪ ਵਿੱਚ ਇੱਕ ਅਜਿਹਾ ਬੂਟਾ ਲਾਇਆ ਜੋ ਦਰੱਖਤ ਦਾ ਰੂਪ ਧਾਰਨ ਕਰ ਚੁੱਕਾ ਹੈ ਅਤੇ ਇਸ ਤੋਂ ਮੌਜੂਦਾ ਤੇ ਭਵਿੱਖੀ ਪੀੜੀਆਂ ਨੂੰ ਬਹੁਤ ਵੱਡਾ ਲਾਭ ਹੋਵੇਗਾ।

ਪੈਪਸੀਕੋ ਇੰਡਿਆ ਦੇ ਮੁਖੀ ਅਤੇ ਸੀ.ਈ.ਓ ਅਹਿਮਦ ਅਲ ਸ਼ੇਖ ਨੇ ਕੈਪਟਨ ਅਮਰਿੰਦਰ ਸਿੰਘ ਦੀ ਗਤੀਸ਼ੀਲ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਨਾਂ ਦੱਸਿਆ ਕਿ ਪੈਪਸੀਕੋ ਨੇ 30 ਸਾਲ ਪਹਿਲਾਂ ਪੰਜਾਬ ਤੋਂ ਹੀ ਭਾਰਤ ਦੇ ਸਫਰ ਦਾ ਆਗਾਜ਼ ਕੀਤਾ ਸੀ ਅਤੇ ਪੈਪਸੀਕੋ ਈਕੋ ਸਿਸਟਮ ਦਾ ਇਹ ਤਾਜ਼ਾ ਨਿਵੇਸ਼ ਭਾਰਤ ਦੇ ਵਪਾਰਕ ਤਰੱਕੀ ਪ੍ਰਤੀ ਉਨਾਂ ਦੀ ਵਚਨਬੱਧਤਾ ਨੂੰ ਦੁਹਰਾਉਂਦਾ ਹੈ। ਉਨਾਂ ਕਿਹਾ ਕਿ ਇਹ ਨਵਾਂ ਪ੍ਰਾਜੈਕਟ ਸੂਬੇ ਅਤੇ ਇਸ ਤੋਂ ਬਾਹਰੀ ਖੇਤਰ ਵਿੱਚ ਖਪਤਕਾਰਾਂ ਦਰਮਿਆਨ ਕੰਪਨੀ ਦੇ ਉਤਪਾਦਾਂ ਦੀ ਵਧਦੀ ਮੰਗ ਨੂੰ ਪੂਰਾ ਕਰਨ ਵਿੱਚ ਸਹਾਈ ਹੋਵੇਗਾ।

ਵਰੁਣ ਬੈਵਰੇਜ਼ ਲਿਮਟਿਡ ਦੇ ਚੇਅਰਮੈਨ ਰਵੀ ਜੈਪੂਰੀਆ ਨੇ ਦੱਸਿਆ ਕਿ ਇਸ ਪ੍ਰਾਜੈਕਟ ਦਾ ਉਦਘਾਟਨ ਤੇਜ਼ੀ ਨਾਲ ਵਧ ਰਹੇ ਉਤਪਾਦਾਂ ਵਿੱਚ ਆਪਣੀ ਮੌਜੂਦਗੀ ਨੂੰ ਹੋਰ ਮਜ਼ਬੂਤ ਬਣਾਉਣ ਦਾ ਉਪਰਾਲਾ ਹੈ। ਇਸ ਮੌਕੇ ਉਨਾਂ ਨੇ ਸੂਬੇ ਦੇ ਡੇਅਰੀ ਕਾਰੋਬਾਰ ਵਿੱਚ ਵੀ ਹੋਰ 10000 ਪਰਿਵਾਰਾਂ ਲਈ ਨੌਕਰੀਆਂ ਦਾ ਐਲਾਨ ਕੀਤਾ।

ਇਸ ਮੌਕੇ ਵਿਧਾਇਕ ਜੋਗਿੰਦਰ ਪਾਲ ਤੇ ਬਰਿੰਦਰਮੀਤ ਸਿੰਘ ਪਾਹੜਾ, ਨਿਵੇਸ਼ ਪੰਜਾਬ ਦੇ ਸੀ.ਈ.ਓ ਰਜਤ ਅਗਰਵਾਲ, ਡਿਪਟੀ ਕਮਿਸ਼ਨਰ ਰਾਮਵੀਰ ਅਤੇ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੰਜੀਵ ਬੈਂਸ ਹਾਜ਼ਰ ਸਨ। 

Facebook Comment
Project by : XtremeStudioz