Close
Menu

ਮੁੱਖ ਮੰਤਰੀ ਵੱਲੋਂ ਸ਼ਹਿਰੀ ਹਵਾਬਾਜ਼ੀ ਕਲੱਬਾਂ ਲਈ ਦੋ ਨਵੇਂ ਜਹਾਜ਼ ਖਰੀਦਣ ਲਈ 10 ਕਰੋੜ ਰੁਪਏ ਦੀ ਰਾਸ਼ੀ ਪ੍ਰਵਾਨ

-- 30 September,2015

ਚੰਡੀਗੜ੍ਹ, 30 ਸਤੰਬਰ: ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਹਵਾਬਾਜ਼ੀ ਦੀ ਟ੍ਰੇਨਿੰਗ ਨੂੰ ਕਿੱਤਾ ਮੁਖੀ ਢੰਗ ਨਾਲ ਬੜਾਵਾ ਦੇਣ ਦੇ ਮੰਤਵ ਅਧੀਨ ਪਟਿਆਲਾ ਅਤੇ ਅੰਮ੍ਰਿਤਸਰ ਦੇ ਸ਼ਹਿਰੀ ਹਵਾਬਾਜ਼ੀ ਕਲੱਬਾਂ ਲਈ ਦੋ ਨਵੇਂ ਜਹਾਜ਼ ਖਰੀਦਣ ਲਈ 10 ਕਰੋੜ ਰੁਪਏ ਦੀ ਰਾਸ਼ੀ ਪ੍ਰਵਾਨ ਕਰ ਦਿੱਤੀ ਹੈ।
ਮੁੱਖ ਮੰਤਰੀ ਨੇ ਅੱਜ ਸਵੇਰੇ ਪੰਜਾਬ ਰਾਜ ਸ਼ਹਿਰੀ ਹਵਾਬਾਜ਼ੀ ਕੌਂਸਲ ਦੀ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸ਼ਹਿਰੀ ਹਵਾਬਾਜ਼ੀ ਵਿਭਾਗ ਨੂੰ ਪਟਿਆਲਾ ਅਤੇ ਅੰਮ੍ਰਿਤਸਰ ਵਿਖੇ ਸਥਿਤ ਹਵਾਬਾਜ਼ੀ ਕਲੱਬਾਂ ਨੂੰ ਨਵੀਨ ਤਕਨਾਲੋਜੀ ਦੀ ਵਰਤੋਂ ਨਾਲ ਸੁਚਾਰੂ ਢੰਗ ਨਾਲ ਚਲਾਉਣ ਦੀ ਹਦਾਇਤ ਦਿੱਤੀ ਕਿਉਂਕਿ ਇਨ੍ਹਾਂ ਕਲੱਬਾਂ ਨੂੰ ਹੁਣ ਨਵੇਂ ਜਹਾਜ਼ ਮੁਹੱਈਆ ਕਰਵਾਏ ਜਾਣੇ ਹਨ। ਇਸ ਦੇ ਨਾਲ ਹੀ ਸ. ਬਾਦਲ ਨੇ ਵਿਭਾਗ ਨੂੰ ਲੁਧਿਆਣਾ ਦੇ ਹਵਾਬਾਜ਼ੀ ਕਲੱਬ ਦਾ ਅਗਲੇ ਵਰ੍ਹੇ ਨਵੀਨੀਕਰਨ ਅਤੇ ਇਸ ਨੂੰ ਅਪਗ੍ਰੇਡ ਕੀਤੇ ਜਾਣ ਦੀ ਹਦਾਇਤ ਵੀ ਕੀਤੀ।
ਗੱਲਬਾਤ ਦੌਰਾਨ ਕੌਂਸਲ ਦੇ ਸੀ.ਈ.ਓ ਨੇ ਸ. ਬਾਦਲ ਨੂੰ ਇਹ ਜਾਣਕਾਰੀ ਦਿੱਤੀ ਕਿ ਪੰਜਾਬ ਰਾਜ ਏਅਰੋਨਾਟੀਕਲ ਇੰਜੀਨੀਅਰਿੰਗ ਕਾਲਜ, ਪਟਿਆਲਾ ਵਿਖੇ ਉਸਾਰੀ ਅਧੀਨ ਇਮਾਰਤ ਵਿਚ 2017 ਤੋਂ ਅਕਾਦਮਿਕ ਸਰਗਰਮੀਆਂ ਸ਼ੁਰੂ ਹੋ ਜਾਣਗੀਆਂ ਅਤੇ ਸ਼ੁਰੂਆਤੀ ਦੌਰ ਦੌਰਾਨ 60 ਵਿਦਿਆਰਥੀਆਂ ਨੂੰ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਅਤਿਆਧੁਨਿਕ ਏਅਰੋਨਾਟੀਕਲ ਕਾਲਜ ਵਿਚ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਟ੍ਰੇਨਿੰਗ ਦੇ ਨਾਲ-ਨਾਲ ਹਵਾਬਾਜ਼ੀ ਅਤੇ ਗਰਾਉਂਡ ਰਿਪੇਅਰ ਬਾਰੇ ਵੀ ਸਿੱਖਿਆ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਉਚਤਰ ਸਿੱਖਿਆ ਅਭਿਆਨ (ਰੂਸਾ) ਵੱਲੋਂ ਚਲਾਈ ਗਈ ਸਕੀਮ ਅਧੀਨ ਇਹ ਕਾਲਜ 26 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ ਜਿਸ ਵਿਚ ਵਿਦਿਆਰਥੀਆਂ ਨੂੰ ਡਿਗਰੀ ਲੈਵਲ ਦੀ ਇੰਜੀਨੀਅਰਿੰਗ ਕੋਰਸ ਕਰਵਾਏ ਜਾਣਗੇ।
ਇਹ ਜ਼ਿਕਰਯੋਗ ਹੈ ਕਿ ਪਟਿਆਲਾ ਵਿਖੇ ਉਚ ਦਰਜ਼ੇ ਦੇ ਪਾਈਲਟਾਂ ਤੋਂ ਇਲਾਵਾ ਡਿਪਲੋਮਾ ਲੈਵਲ ਦੇ ਮਕੈਨਿਕ ਅਤੇ ਡਿਗਰੀ ਲੈਵਲ ਦੇ ਇੰਜੀਨੀਅਰ ਪੈਦਾ ਕੀਤੇ ਜਾਣਗੇ। ਇਸ ਤੋਂ ਇਲਾਵਾ ਪੰਜਾਬ ਹਵਾਈ ਜਹਾਜ਼ ਮੁਰੰਮਤ ਇੰਜੀਨੀਅਰਿੰਗ ਕਾਲਜ (ਪੈਮਕ) ਜਿਸ ਨੂੰ ਕਿ ਕੁੱਝ ਅਰਸਾ ਪਹਿਲਾਂ ਡਾਇਰੈਕਟਰ ਜਨਰਲ ਸਿਵਲ ਏਵੀਏਸ਼ਨ (ਡੀ.ਜੀ.ਸੀ.ਏ) ਦੀਆਂ ਸ਼ਰਤਾਂ ਮੁਤਾਬਿਕ ਲੋੜੀਂਦੇ ਸਾਜੋ-ਸਮਾਜ ਦੀ ਘਾਟ ਹੋਣ ਕਾਰਨ ਬੰਦ ਕਰ ਦਿੱਤਾ ਗਿਆ ਸੀ, ਨੂੰ ਹੁਣ ਮੁੜ ਤੋਂ ਸੁਰਜੀਤ ਕਰਨ ਲਈ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਇਸ ਸੰਸਥਾ ਲਈ ਲੋੜੀਂਦਾ ਸਮਾਨ ਖਰੀਦ ਲਿਆ ਗਿਆ ਹੈ ਅਤੇ 30 ਵਿਦਿਆਰਥੀਆਂ ਦੀ ਸਮਰਥਾ ਨਾਲ ਇਸ ਨੂੰ ਸ਼ੁਰੂ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਤਕਨੀਕੀ ਸਿੱਖਿਆ ਬੋਰਡ ਅਤੇ ਪੰਜਾਬ ਇੰਨਫਰਾਸਟ੍ਰਕਚਰ ਡਿਵੈਲਪਮੈਂਟ ਬੋਰਡ (ਪੀ.ਆਈ.ਡੀ.ਬੀ) ਨੂੰ ਦੋ ਨਵੇਂ ਜਹਾਜ਼ ਖਰੀਦਣ ਲਈ ਲੋੜੀਂਦੇ ਫੰਡ ਜਾਰੀ ਕਰਨ ਦੀ ਹਦਾਇਤ ਵੀ ਕੀਤੀ। ਖਰੀਦੇ ਜਾਣ ਵਾਲੇ ਦੋ ਜਹਾਜ਼ਾਂ ਵਿਚੋਂ ਇਕ ਜਹਾਜ਼ ਡੀ.ਜੀ.ਸੀ.ਏ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮਲਟੀ ਇੰਜਨ ਵਾਲਾ ਜਹਾਜ਼ ਹੋਵੇਗਾ। ਇਸੇ ਤਰ੍ਹਾਂ ਮੁੱਖ ਮੰਤਰੀ ਨੇ  ਪੰਜਾਬ ਰਾਜ ਏਅਰੋਨਾਟੀਕਲ ਇੰਜੀਨੀਅਰਿੰਗ ਕਾਲਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅਧਿਆਪਕਾਂ ਦੀ ਭਰਤੀ ਅਤੇ ਹੋਰ ਜ਼ਰੂਰੀ ਸਾਜੋ-ਸਮਾਨ ਖਰੀਦਣ ਲਈ ਵੀ ਹਰੀ ਝੰਡੀ ਦਿੱਤੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਐਸ.ਕੇ. ਸੰਧੂ, ਪ੍ਰਮੁੱਖ ਸਕੱਤਰ ਵਿੱਤ ਸ੍ਰੀ ਡੀ.ਪੀ. ਰੈਡੀ, ਪ੍ਰਮੁੱਖ ਸਕੱਤਰ ਤਕਨੀਕੀ ਸਿੱਖਿਆ ਸ੍ਰੀ ਐਮ.ਪੀ. ਸਿੰਘ, ਸਕੱਤਰ ਉਚੇਰੀ ਸਿੱਖਿਆ ਸ੍ਰੀ ਏ. ਵੇਨੂੰ ਪ੍ਰਸ਼ਾਦ, ਸਕੱਤਰ ਖਰਚਾ ਸ੍ਰੀ ਜਸਪਾਲ ਸਿੰਘ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ-ਕਮ-ਡਾਇਰੈਕਟਰ ਸ਼ਹਿਰੀ ਹਵਾਬਾਜ਼ੀ ਸ੍ਰੀ ਗਗਨਦੀਪ ਸਿੰਘ ਬਰਾੜ, ਪੰਜਾਬ ਰਾਜ ਸ਼ਹਿਰੀ ਹਵਾਬਾਜ਼ੀ ਕੌਂਸਲ ਦੇ ਸੀ.ਈ.ਓ ਸ੍ਰੀ ਏ.ਪੀ.ਐਸ ਵਿਰਕ ਅਤੇ ਸ਼ਹਿਰੀ ਹਵਾਬਾਜ਼ੀ ਵਿਭਾਗ ਦੇ ਸਲਾਹਕਾਰ ਸ੍ਰੀ ਅਭੈ ਚੰਦਰਾ ਹਾਜ਼ਰ ਸਨ।

Facebook Comment
Project by : XtremeStudioz