Close
Menu

ਮੁੱਖ ਮੰਤਰੀ ਵੱਲੋਂ ਹੜ੍ਹ ਪੀੜਤਾਂ ਨੂੰ ਤੇਜ਼ੀ ਨਾਲ ਰਾਹਤ ਵੰਡਣ ‘ਤੇ ਜ਼ੋਰ

-- 19 September,2013

47

ਚੰਡੀਗੜ੍ਹ, 19 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਰਾਹਤ, ਮੁੜ ਵਸੇਬਾ ਅਤੇ ਆਫਤ ਪ੍ਰਬੰਧਨ ਵਿਭਾਗ ਨੂੰ ਆਖਿਆ ਕਿ ਹੜ੍ਹ ਪੀੜਤਾਂ ਨੂੰ ਪਾਰਦਰਸ਼ੀ ਤਰੀਕੇ ਅਤੇ ਤੇਜ਼ੀ ਨਾਲ ਰਾਹਤ ਵੰਡੀ ਜਾਵੇ ਕਿਉਂ ਜੋ ਹਾਲ ਹੀ ਦੇ ਹੜ੍ਹਾਂ ਦੌਰਾਨ ਕਿਸਾਨਾਂ ਦੀ ਫਸਲਾਂ ਨੂੰ ਭਾਰੀ ਨੁਕਸਾਨ ਹੋਣ ਦੇ ਨਾਲ ਨਾਲ ਘਰਾਂ ਅਤੇ ਪਸ਼ੂਆਂ ਦਾ ਵੀ ਵੱਡਾ ਨੁਕਸਾਨ ਹੋਇਆ ਹੈ। ਸ. ਬਾਦਲ ਅੱਜ ਸਵੇਰੇ ਆਪਣੇ ਨਿਵਾਸ ਸਥਾਨ ‘ਤੇ ਹੜ੍ਹ ਪੀੜਤ ਖਾਸ ਕਰ ਸੇਮ ਦੀ ਸਮੱਸਿਆ ਵਾਲੇ ਇਲਾਕਿਆਂ ਵਿੱਚ ਹੜ੍ਹਾਂ ਨਾਲ ਪ੍ਰਭਾਵਤ ਪਰਿਵਾਰਾਂ ਨੂੰ ਰਾਹਤ ਵੰਡਣ ਦਾ ਜਾਇਜ਼ਾ ਲੈਣ ਲਈ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।

ਮÎੁੱਖ ਮੰਤਰੀ ਨੇ ਵਿੱਤ ਕਮਿਸ਼ਨਰ ਮਾਲ ਨੂੰ ਆਖਿਆ ਕਿ ਫਸਲਾਂ ਦੇ ਨੁਕਸਾਨ ਦਾ ਅਸਲ ਪਤਾ ਲਾਉਣ ਲਈ ਵਿਸ਼ੇਸ਼ ਗਿਰਦਾਵਰੀ (ਮਾਲ ਸਰਵੇਖਣ) ਨਾਲ ਸਬੰਧਤ ਕਾਰਜ ਪੀ.ਸੀ.ਐਸ. ਅਫਸਰਾਂ ਦੀ ਨਿਗਰਾਨੀ ਹੇਠ ਸੌਂਪਿਆ ਜਾਵੇ ਤਾਂ ਕਿ ਸਾਉਣੀ ਦੀ ਫਸਲ ਦੀ ਬਿਜਾਈ ਤੋਂ ਪਹਿਲਾਂ-ਪਹਿਲਾਂ ਹੜ੍ਹ ਪੀੜਤ ਕਿਸਾਨਾਂ ਨੂੰ ਮੁਆਵਜ਼ੇ ਦਾ ਭੁਗਤਾਨ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਨੇ ਰਾਹਤ ਦੀ ਵੰਡ ਦੇ ਕੰਮ ਨੂੰ ਪਹਿਲ ਦੇ ਆਧਾਰ ‘ਤੇ ਦੇਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮਾਨਵੀ ਜੀਵਨ ਦੇ ਨੁਕਸਾਨ, ਫਸਲਾਂ ਅਤੇ ਘਰਾਂ ਦੇ 100 ਫੀਸਦੀ ਨੁਕਸਾਨੇ ਜਾਣ ਨੂੰ ਬਾਕੀ ਦੇ ਮਾਮਲਿਆਂ ਦੇ ਸਬੰਧ ਵਿੱਚ ਪਹਿਲ ਦਿੱਤੀ ਜਾਵੇ। ਉਨ੍ਹਾਂ ਸਪਸ਼ਟ ਕੀਤਾ ਕਿ ਫਸਲਾਂ ਦੇ ਸਰਵੇ ਤੋਂ ਲੈ ਕੇ ਪੀ੍ਰਭਾਵਿਤ ਵਿਅਕਤੀਆਂ ਨੂੰ ਰਾਤ ਵੰਡਣ ਤੱਕ ਕਿਸੇ ਵੀ ਤਰ੍ਹਾਂ ਦੀ ਢਿੱਲ ਲਈ ਪੀ.ਸੀ.ਐਸ. ਅਫਸਰ ਜ਼ਿੰਮੇਵਾਰ ਹੋਣਗੇ ਅਤੇ ਇਸ ਸਬੰਧ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਨੂੰ ਸਹਿਣ ਨਹੀਂ ਕੀਤਾ ਜਾਵੇਗਾ।

ਸ. ਬਾਦਲ ਨੇ ਪ੍ਰਮੁੱਖ ਸਕੱਤਰ ਸਿੰਚਾਈ ਨੂੰ ਸੇਮ ਦੇ ਸਥਾਈ ਹੱਲ ਲਈ ਸਮਾਂਬੱਧ ਕਾਰਜ ਯੋਜਨ ਤਿਆਰ ਕਰਨ ਲਈ ਆਖਿਆ ਹੈ ਕਿਉਂਕਿ ਸੇਮ ਹੀ ਮਾਲਵਾ ਪੱਟੀ ਵਿੱਚ ਹਾਲ ਹੀ ਦੇ ਹੜ੍ਹਾਂ ਦਾ ਵੱਡਾ ਕਾਰਨ ਸੀ। ਉਨ੍ਹਾਂ ਨੇ ਲੋਕ ਨਿਰਮਾਣ ਵਿਭਾਗ, ਮੰਡੀ ਬੋਰਡ ਅਤੇ ਦਿਹਾਤੀ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਦਿਹਾਤੀ ਸੰਪਰਕ ਸੜਕਾਂ ਦੀ ਪਹਿਲ ਦੇ ਅਧਾਰ ‘ਤੇ ਮੁਰੰਮਤ ਲਈ ਸਾਂਝੀ ਰਣਨੀਤੀ ਬਨਾਉਣ ਲਈ ਆਖਿਆ ਹੈ ਜੋ ਕਿ ਹਾਲ ਹੀ ਹੜ੍ਹਾਂ ਦੌਰਾਨ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਇਸੇ ਤਰ੍ਹਾਂ ਹੀ ਉਨ੍ਹਾਂ ਨੇ ਪ੍ਰਮੁੱਖ ਸਕੱਤਰ ਜਲ ਸਪਲਾਈ ਅਤੇ ਸੈਨੀਟੇਸ਼ਨ ਨੂੰ ਤਰੁੰਤ ਵਾਟਰ ਵਰਕਸਾਂ ਦੀ ਮੁਰੰਮਤ ਕਰਨ ਲਈ ਕਿਹਾ ਹੈ ਤਾਂ ਜੋ ਜਲਦੀ ਤੋਂ ਜਲਦੀ ਘਰੇਲੂ ਜਲ ਸਪਲਾਈ ਨੂੰ ਬਹਾਲ ਕੀਤਾ ਜਾ ਸਕੇ।

ਇਸੇ ਦੌਰਾਨ ਹੀ ਵਿੱਤ ਕਮਿਸ਼ਨਰ ਮਾਲ ਨੇ ਦੱਸਿਆ ਕਿ ਹੁਣ ਤੱਕ ਪ੍ਰਾਪਤ ਹੋਈਆਂ ਰਿਪੋਰਟਾਂ ਦੇ ਮੁਤਾਬਕ 41 ਵਿਅਕਤੀਆਂ ਦੀ ਜਾਨ ਗਈ ਹੈ, 4.10 ਲੱਖ ਏਕੜ ਵਿੱਚ ਖੜ੍ਹੀ ਫਸਲ ਤਬਾਹ ਹੋ ਗਈ ਹੈ ਅਤੇ 13000 ਘਰ ਢਹਿ ਗਏ ਅਤੇ ਇਸ ਤੋਂ ਇਲਾਵਾ 414 ਪਸ਼ੂ ਵੀ ਮਾਰੇ ਗਏ ਹਨ। ਉਨ੍ਹਾਂ ਨੇ ਸ. ਬਾਦਲ ਨੂੰ ਦੱਸਿਆ ਕਿ ਰਾਹਤ ਦੀ ਰਾਸ਼ੀ ਦੇ ਸਬੰਧ ਵਿੱਚ ਰੂਪ ਰੇਖਾ ਬਣਾ ਲਈ ਹੈ ਅਤੇ ਇਹ 233 ਕਰੋੜ ਰੁਪਏ ਬਣਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਅਤੇ ਡਰੇਨੇਜ਼ ਵਿਭਾਗ ਦੇ ਤਬਾਹ ਹੋਏ ਬੁਨਿਆਦੀ ਢਾਂਚੇ ਦੀ ਤਰੁੰਤ ਮੁਰੰਮਤ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਵਿੱਚ 1.60 ਲੱਖ ਏਕੜ, ਫਾਜ਼ਿਲਕਾ ਵਿੱਚ 56000 ਏਕੜ, ਫਿਰੋਜ਼ਪੁਰ ਵਿੱਚ 50000 ਏਕੜ, ਫਰੀਦਕੋਟ ਵਿੱਚ 45000 ਏਕੜ,  ਕਪੂਰਥਲਾ ਵਿੱਚ 39000 ਏਕੜ ਅਤੇ ਤਰਨਤਾਰਨ ਵਿੱਚ 33000 ਏਕੜ ਫਸਲ ਹੜ੍ਹਾਂ ਕਾਰਨ ਤਬਾਹ ਹੋਈ ਹੈ।

ਮੁੱਖ ਸਕੱਤਰ ਨੇ ਸ. ਬਾਦਲ ਨੂੰ ਦੱਸਿਆ ਕਿ ਰਾਹਤ ਦੀ ਪ੍ਰਕਿਰਿਆ ਦਾ ਜਾਇਜ਼ਾ ਲੈਣ ਲਈ ਉਹ ਸਬੰਧਤ ਅਧਿਕਾਰੀਆਂ ਦੀ ਮੀਟਿੰਗ 3 ਅਕਤੂਬਰ ਨੂੰ ਸੱਦਣਗੇ ਤਾਂ ਜੋ ਹੜ੍ਹ ਪੀੜਤਾਂ ਨੂੰ ਰਾਹਤ ਯਕੀਨੀ ਬਣਾਈ ਜਾ ਸਕੇ ਜਿਨ੍ਹਾਂ ਦਾ ਕਿ ਹੜ੍ਹਾਂ ਕਾਰਨ ਵੱਡਾ ਨੁਕਸਾਨ ਹੋਇਆ ਹੈ।

ਮੀਟਿੰਗ ਵਿੱਚ ਮੁੱਖ ਸਕੱਤਜ ਸ੍ਰੀ ਰਾਕੇਸ਼ ਸਿੰਘ, ਵਿੱਤ ਕਮਿਸ਼ਨਰ ਮਾਲ ਸ੍ਰੀ ਐਨ.ਐਸ. ਕੰਗ, ਪ੍ਰਮੁੱਖ ਸਕੱਤਰ ਜਲ ਸਪਲਾਈ ਅਤੇ ਸੈਨੀਟੇਸ਼ਨ ਸ੍ਰੀ ਸੁਰੇਸ਼ ਕੁਮਾਰ, ਪ੍ਰਮੁੱਖ ਸਕੱਤਰ ਸਿੰਚਾਈ ਸ੍ਰੀ ਸਰਵੇਸ਼ ਕੌਸ਼ਲ, ਪ੍ਰਮੁੱਖ ਸਕੱਤਰ ਵਿੱਤ ਸ੍ਰੀ ਡੀ.ਪੀ.ਰੈਡੀ, ਵਿਸ਼ੇਸ਼ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਸ੍ਰੀ ਕੇ.ਜੇ. ਐਸ ਚੀਮਾ ਅਤੇ ਸ੍ਰੀ ਗਗਨਦੀਪ ਸਿੰਘ ਬਰਾੜ, ਸਕੱਤਰ ਮਾਲ ਸ੍ਰੀ ਸਰਵਜੀਤ ਸਿੰਘ, ਸਕੱਤਰ ਪੀ.ਡਬਲਯੂ.ਡੀ. ਸ਼੍ਰੀ ਪੀ ਐਸ ਔਜਲਾ ਅਤੇ ਸਕੱਤਰ ਮੰਡੀ ਬੋਰਡ ਸ੍ਰੀ ਦੀਪਿੰਦਰ ਸਿੰਘ ਸ਼ਾਮਲ ਸਨ।

Facebook Comment
Project by : XtremeStudioz