Close
Menu

ਮੁੱਖ ਮੰਤਰੀ ਵੱਲੋਂ 81 ਫੁੱਟ ਉੱਚਾ ਖੰਡਾ ਕੌਮ ਨੂੰ ਸਮਰਪਿਤ

-- 18 June,2015

ਆਤਿਸ਼ਬਾਜ਼ੀ ਤੇ ਗਤਕੇ ਦੇ ਜੌਹਰ ਵਿਖਾਏ-ਸਿੰਘ ਸਾਹਿਬਾਨ ਤੇ ਹੋਰ ਸ਼ਖ਼ਸੀਅਤਾਂ ਸਨ ਮੌਜੂਦ

ਸ੍ਰੀ ਅਨੰਦਪੁਰ ਸਾਹਿਬ, 18 ਜੂਨ-ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਇਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ‘ਚ ਸਟੇਨਲੈੱਸ ਸਟੀਲ ਦਾ 81 ਫੁੱਟ ਉੱਚਾ ਖੰਡਾ ਕੌਮ ਨੂੰ ਸਮਰਪਿਤ ਕੀਤਾ। ਇਸ ਮੌਕੇ ਜਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ, ਸਿੰਘ ਸਾਹਿਬ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਗਿਆਨੀ ਮੱਲ੍ਹ ਸਿੰਘ ਤੇ ਕਈ ਸਿਆਸੀ ਆਗੂ ਹਾਜ਼ਰ ਸਨ। ਜਿਵੇਂ ਹੀ ਸ: ਬਾਦਲ ਨੇ ਪੰਜ ਪਿਆਰਾ ਪਾਰਕ ‘ਚ ਸਥਾਪਿਤ ਇਸ ਖੰਡੇ ਦਾ ਪੰਥ ਅਰਪਣ ਕੀਤਾ ਤਾਂ ਸਾਰੇ ਦਾ ਸਾਰਾ ਪਾਰਕ ‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਇਸ ਤੋਂ ਪਹਿਲਾਂ ਸਿੰਘ ਸਾਹਿਬਾਨ ਨੇ ਮੂਲ ਮੰਤਰ ਦਾ ਪਾਠ ਕੀਤਾ। ਇਸ ਮੌਕੇ ਆਤਿਸ਼ਬਾਜ਼ੀ ਤੇ ਗਤਕਾ ਟੀਮਾਂ ਵੱਲੋਂ ਗੱਤਕੇ ਦੇ ਜੌਹਰ ਵਿਖਾਏ ਗਏ। ਇਸ ਮੌਕੇ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਸ੍ਰੀ ਅਨੰਦਪੁਰ ਸਾਹਿਬ ਦੇ ਮਾਣਮੱਤੇ ਤੇ ਸ਼ਾਨਾਮੱਤੇ ਇਤਿਹਾਸ ਦਾ ਪ੍ਰਤੀਕ ਹੈ, ਜੋ ਇਸ ਪਵਿੱਤਰ ਸ਼ਹਿਰ ਦੇ 350 ਸਾਲ ਪੂਰੇ ਹੋਣ ‘ਤੇ ਇਤਿਹਾਸਕ ਬਿੰਬ ਵਜੋਂ ਉਸਾਰਿਆ ਗਿਆ ਹੈ। ਸਿੱਖ ਇਤਿਹਾਸ ‘ਚ ਖੰਡੇ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਸ: ਬਾਦਲ ਨੇ ਕਿਹਾ ਕਿ ਇਸ ਦਾ ਉਸਾਰਿਆ ਜਾਣਾ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਫ਼ਲਸਫ਼ੇ ਨੂੰ ਸਰਕਾਰ ਵਲੋਂ ਨਿਮਾਣੀ ਭੇਟ ਹੈ। ਉਨ੍ਹਾਂ ਕਿਹਾ ਕਿ ਦਸਮ ਪਿਤਾ ਨੇ ਇਸੇ ਮਹਾਨ ਧਰਤੀ ‘ਤੇ 1699 ਦੀ ਵਿਸਾਖੀ ‘ਤੇ ਖ਼ਾਲਸਾ ਪੰਥ ਦੀ ਨੀਂਹ ਰੱਖੀ ਸੀ।
ਸ: ਬਾਦਲ ਨੇ ਕਿਹਾ ਕਿ ਖੰਡਾ ਸਦੀਵੀਂ ਜੀਵਤ ਰਹਿਣ ਵਾਲੀ ਆਪਸੀ ਭਾਈਚਾਰਕ ਸਾਂਝ, ਹੌਂਸਲੇ ਤੇ ਸ਼ਹਾਦਤਾਂ ਦਾ ਪ੍ਰਤੀਕ ਹੈ। ਇਸ ਮੌਕੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਤੇ ਬਲਵਿੰਦਰ ਸਿੰਘ ਭੂੰਦੜ, ਲੋਕ ਸਭਾ ਮੈਂਬਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਕੈਬਿਨਟ ਮੰਤਰੀ ਡਾ: ਦਲਜੀਤ ਸਿੰਘ ਚੀਮਾ ਤੇ ਮਦਨ ਮੋਹਨ ਮਿੱਤਲ, ਮੁੱਖ ਮੰਤਰੀ ਦੇ ਸਲਾਹਕਾਰ ਮਹੇਸ਼ਇੰਦਰ ਸਿੰਘ ਗਰੇਵਾਲ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ, ਬਾਬਾ ਨਿਹਾਲ ਸਿੰਘ ਹਰੀਆਂਵੇਲਾਂ, ਬਾਬਾ ਬਲਵੀਰ ਸਿੰਘ ਨਿਹੰਗ ਮੁਖੀ 96 ਕਰੋੜੀ, ਸਾਬਕਾ ਚੇਅਰਮੈਨ ਘੱਟ ਗਿਣਤੀ ਤਰਲੋਚਨ ਸਿੰਘ, ਸਾਬਕਾ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਸਾਬਕਾ ਮੰਤਰੀ ਬੀਬੀ ਜਗੀਰ ਕੌਰ, ਮੈਂਬਰ ਸ਼੍ਰੋਮਣੀ ਕਮੇਟੀ ਭਾਈ ਅਮਰਜੀਤ ਸਿੰਘ ਚਾਵਲਾ, ਰਣਜੀਤ ਸਿੰਘ ਗੂਡਵਿੱਲ, ਇੰਦਰਜੀਤ ਸਿੰਘ ਬੇਦੀ, ਸੰਤ ਬਾਬਾ ਕਰਨੈਲ ਸਿੰਘ ਟੱਲੇਵਾਲ, ਪਰਮਜੀਤ ਸਿੰਘ ਮੱਕੜ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ (ਸ਼ਹਿਰੀ) ਰੂਪਨਗਰ, ਜ: ਮੋਹਨ ਸਿੰਘ ਢਾਹਾਂ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ (ਦਿਹਾਤੀ) ਰੂਪਨਗਰ, ਬੀਬੀ ਕੁਲਵਿੰਦਰ ਕੌਰ ਪ੍ਰਧਾਨ ਇਸਤਰੀ ਅਕਾਲੀ ਦਲ ਜ਼ਿਲ੍ਹਾ ਰੂਪਨਗਰ, ਮਹਿੰਦਰ ਸਿੰਘ ਬਿੱਟੂ ਵਾਲੀਆ ਪ੍ਰਧਾਨ ਨਗਰ ਕੌਂਸਲ ਅਨੰਦਪੁਰ ਸਾਹਿਬ, ਭਾਈ ਰਜਿੰਦਰ ਸਿੰਘ ਮਹਿਤਾ ਮੈਂਬਰ ਅੰਤਰਿਗ ਕਮੇਟੀ ਸ਼੍ਰੋਮਣੀ ਕਮੇਟੀ, ਹਰਦੇਵ ਸਿੰਘ ਹਰਪਾਲ ਪੁਰ, ਇੰਦਰਜੀਤ ਸਿੰਘ ਅਰੋੜਾ ਸਮੇਤ ਵੱਡੀ ਗਿਣਤੀ ‘ਚ ਇਲਾਕਾ ਵਾਸੀ ਮੌਜੂਦ ਸਨ।
ਭਰੂਣ ਹੱਤਿਆ ਖ਼ਿਲਾਫ਼ ਔਰਤਾਂ ਜਾਗਰੂਕ ਹੋਣ-ਸਿੰਘ ਸਾਹਿਬ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਸਿੱਖ ਕੌਮ ਦੇ ਨਾਂਅ ਸੰਦੇਸ਼ ਦਿੰਦੇ ਹੋਏ ਭਰੂਣ ਹੱਤਿਆ ਨੂੰ ਰੋਕਣ ਲਈ ਔਰਤਾਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਔਰਤਾਂ ਦੇ ਜਾਗਰੂਕ ਹੋਣ ਨਾਲ ਹੀ ਇਸ ਬੁਰਾਈ ਨੂੰ ਰੋਕਿਆ ਜਾ ਸਕਦਾ ਹੈ। ਇਸ ਮੌਕੇ ਉਨ੍ਹਾਂ ਪੰਥ ਦੀ ਚੜ੍ਹਦੀ ਕਲਾ ਤੇ ਔਰਤ ਦਾ ਸਤਿਕਾਰ ਬਹਾਲ ਰੱਖਣ ਲਈ ਗੁਰੂ ਸਾਹਿਬਾਨ ਵਲੋਂ ਦਰਸਾਏ ਮਾਰਗ ‘ਤੇ ਚੱਲਣ ਤੇ ਆਪਣੇ ਆਚਾਰ-ਵਿਚਾਰ, ਰਹਿਣ-ਸਹਿਣ, ਪਹਿਰਾਵੇ ਤੇ ਬੋਲ-ਚਾਲ ‘ਚ ਸਿੱਖ ਸਿਧਾਂਤਾਂ ਨੂੰ ਅਪਣਾਉਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ।

Facebook Comment
Project by : XtremeStudioz