Close
Menu

ਮੇਰੇ ਲਈ ਤੀਜੇ ਨੰਬਰ ’ਤੇ ਬੱਲੇਬਾਜ਼ੀ ਸਹੀ: ਕੋਹਲੀ

-- 22 February,2015

ਮੈਲਬਰਨ, ਭਾਰਤੀ ਟੀਮ ਦੇ ਉਪ ਕਪਤਾਨ ਵਿਰਾਟ ਕੋਹਲੀ ਨੇ ਦੱਸਿਆ ਕਿ ਉਸ ਦੀ ਬੱਲੇਬਾਜ਼ੀ ਪੋਜ਼ੀਸ਼ਨ ’ਤੇ ਪ੍ਰਯੋਗ ਕਰਨ ਬਾਅਦ ਟੀਮ ਪ੍ਰਬੰਧਕ ਇਸ ਨਤੀਜੇ ’ਤੇ ਪੁਹੰਚੇ ਹਨ ਕਿ ਵਿਸ਼ਵ ਕੱਪ ਵਿੱਚ ਉਸ ਲਈ ਸਰਵੋਤਮ ਬੱਲੇਬਾਜ਼ੀ ਪੋਜ਼ੀਸ਼ਨ ਤਿੰਨ ਨੰਬਰ ਹੈ। ਇਸ ਸਟਾਰ ਬੱਲੇਬਾਜ਼ ਨੇ ਦੱਖਣੀ ਅਫਰੀਕਾ ਖ਼ਿਲਾਫ਼ ਮੈਚ ਤੋਂ ਇਕ ਦਿਨ ਪਹਿਲਾਂ ਕਿਹਾ,‘ਵੱਖ ਵੱਖ ਥਾਵਾਂ ’ਤੇ ਖੇਡਣ ਬਾਅਦ ਇਹ ਨਤੀਜਾ ਨਿਕਲਿਆ ਹੈ ਕਿ ਮੇਰੇ ਲਈ ਤਿੰਨ ਨੰਬਰ ਪੋਜ਼ੀਸ਼ਨ ਬਿਲਕੁਲ ਠੀਕ ਹੈ। ਇਸ ’ਤੇ ਮੈਂ ਕੁਝ ਸਮੇਂ ਤੋਂ ਬੱਲੇਬਾਜ਼ੀ ਵੀ ਕਰ ਰਿਹਾ ਹਾਂ।’
ਤਿਕੋਣੀ ਲੜੀ ਦੌਰਾਨ ਉਸ ਨੂੰ ਤੀਜੇ ਤੇ ਚੌਥੇ ਨੰਬਰ ’ਤੇ ਉਤਾਰਨ ਦੇ ਪ੍ਰਯੋਗ ਦਾ ਬਚਾਅ ਕਰਦਿਆਂ ਕੋਹਲੀ ਨੇ ਕਿਹਾ ਕਿ ਜਦੋਂ ਤਕ ਤੁਸੀਂ ਪ੍ਰਯੋਗ ਨਹੀਂ ਕਰਦੇ ਤੁਸੀਂ ਨਹੀਂ ਜਾਣਦੇ ਕਿ ਕੀ ਸਹੀ ਹੈ। ਅਸੀਂ ਗਲਤੀਆਂ ਕਰਦੇ ਹਾਂ ਤੇ ਇਨ੍ਹਾਂ ਤੋਂ ਸਬਕ ਲੈਂਦੇ ਹਾਂ।
ਕੋਹਲੀ ਨੇ ਕਿਹਾ ਕਿ ਉਸ ਦੀ ਦੱਖਣੀ ਅਫਰੀਕਾ ਦੇ ਕਈ ਖਿਡਾਰੀਆਂ ਨਾਲ ਮਿੱਤਰਤਾ ਹੈ ਪਰ ਡੇਲ ਸਟੇਨ ਇਨ੍ਹਾਂ ਸਾਰਿਆਂ ਵਿੱਚੋਂ ਖਾਸ ਹੈ। ਉਸ ਨੇ ਕਿਹਾ ਕਿ ਇਕ ਵਾਰ ਮੈਚ ਸਮਾਪਤ ਹੋਣ ਬਾਅਦ ਉਹ ਰਾਇਲ ਚੈਲੇਂਜਰਜ਼ ਬੰਗਲੌਰ ਦੇ ਆਪਣੇ ਸਾਥੀ ਖਿਡਾਰੀ ਸਟੇਨ ਨਾਲ ਫਿਰ ਪਹਿਲਾਂ ਵਾਂਗ ਘੁਲਮਿਲ ਜਾਵੇਗਾ। ਉਸ ਨੇ ਕਿਹਾ,‘ਮੈਂ ਆਰਸੀਬੀ ਵਿੱਚ ਸਟੇਨ ਨਾਲ ਖੇਡਿਆ ਅਤੇ ਅਸੀਂ ਚੰਗੇ ਦੋਸਤ ਬਣ ਗਏ। ਜਦੋਂ ਅਸੀਂ ਮਿਲਦੇ ਹਾਂ ਉਹ ਮੇਰੇ ਗਲੇ ਲੱਗਦਾ ਹੈ। ਭਲਕੇ ਮੈਂ ਮੈਦਾਨ ’ਤੇ ਉਸ ’ਤੇ ਹਾਵੀ ਹੋਣ ਦੀ ਕੋਸ਼ਿਸ਼ ਕਰਾਂਗਾ ਅਤੇ ਉਹ ਮੇਰੇ ’ਤੇ ਦਬਾਅ ਬਣਾਉਣਾ ਚਾਹੇਗਾ। ਮੈਦਾਨ ’ਤੇ ਜੋ ਵੀ ਹੁੰਦਾ ਹੈ ਉਸ ਨੂੰ ਖੇਡ ਭਾਵਨਾ ਦੇ ਰੂਪ ਵਿੱਚ ਲਿਆ ਜਾਂਦਾ ਹੈ ਕਿਉਂਕਿ ਅਸੀਂ ਜਾਣਦੇ ਹਾਂ ਕਿ ਮੈਚ ਸਮਾਪਤ ਹੋਣ ਬਾਅਦ ਅਸੀਂ ਫਿਰ ਤੋਂ ਚੰਗੇ ਦੋਸਤ ਬਣ ਜਾਵਾਂਗੇ।’

Facebook Comment
Project by : XtremeStudioz