Close
Menu

ਮੈਂ ਅਤਿਵਾਦ ਤੇ ਗਰੀਬੀ ਹਟਾ ਰਿਹਾਂ, ਵਿਰੋਧੀ ਮੈਨੂੰ ਹਟਾ ਰਹੇ ਨੇ: ਮੋਦੀ

-- 08 March,2019

ਕਲਬੁਰਗੀ (ਕਰਨਾਟਕ), 8 ਮਾਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਹ ਅਤਿਵਾਦ, ਗਰੀਬੀ ਅਤੇ ਭ੍ਰਿਸ਼ਟਾਚਾਰ ਹਟਾਉਣ ’ਤੇ ਲੱਗੇ ਹੋਏ ਹਨ ਜਦਕਿ ਵਿਰੋਧੀ ਧਿਰਾਂ ਉਨ੍ਹਾਂ ਨੂੰ ਹਟਾਉਣ ’ਤੇ ਲੱਗੀਆਂ ਹੋਈਆਂ ਹਨ। ਉਨ੍ਹਾਂ ਵਿਰੋਧੀ ਪਾਰਟੀਆਂ ’ਤੇ ਭਾਜਪਾ ਵਿਰੋਧੀ ਗੱਠਜੋੜ ਬਣਾ ਕੇ ‘ਮਤਲਬ ਦੀ ਰਾਜਨੀਤੀ’ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਵਿਰੋਧੀ ਧਿਰਾਂ ਦਾ ਏਜੰਡਾ ਕੇਵਲ ‘ਮੋਦੀ ਹਟਾਓ’ ਹੈ।
ਇੱਥੇ ਰੈਲੀ ਮੌਕੇ ਮੋਦੀ ਨੇ ਕਿਹਾ, ‘‘ਜਿਸ ਵਿਅਕਤੀ ਨਾਲ 125 ਕਰੋੜ ਲੋਕਾਂ ਦੀਆਂ ਦੁਆਵਾਂ ਹਨ …ਉਹ ਕਿਸੇ ਤੋਂ ਕਿਉਂ ਡਰੇ, ਚਾਹੇ ਹਿੰਦੁਸਤਾਨ ਹੋਵੇ, ਪਾਕਿਸਤਾਨ, ਚੋਰ ਜਾਂ ਬੇਈਮਾਨ। ਭਾਰਤ ਅਤੇ ਇਸ ਵਿੱਚ ਵਸਦੇ 125 ਕਰੋੜ ਲੋਕਾਂ ਨੇ ਇਹ ਤਾਕਤ ਦਿੱਤੀ ਹੈ।’’ ਭਾਰਤੀ ਹਵਾਈ ਸੈਨਾ ਵਲੋਂ 26 ਫਰਵਰੀ ਨੂੰ ਪਾਕਿਸਤਾਨ ਵਿੱਚ ਦਹਿਸ਼ਤੀ ਕੈਂਪ ’ਤੇ ਕੀਤੇ ਗਏ ਹਮਲੇ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ, ‘‘ਪੂਰੀ ਦੁਨੀਆਂ ਇੱਕ ਨਵੇਂ ਦਮ-ਖਮ ਨੂੰ ਦੇਖ ਰਹੀ ਹੈ। ਇਹ ਮੋਦੀ ਦਾ ਦਮ ਨਹੀਂ ਬਲਕਿ ਭਾਰਤ ਦੇ 125 ਕਰੋੜ ਲੋਕਾਂ ਦਾ ਹੌਸਲਾ ਹੈ।’’
ਵਿਰੋਧੀ ਧਿਰਾਂ ਦੇ ਗੱਠਜੋੜ ‘ਮਹਾਂਗੱਠਬੰਧਨ’ ਨੂੰ ‘ਮਹਾਂਮਿਲਾਵਟ’ ਦੱਸਦਿਆਂ ਮੋਦੀ ਨੇ ਕਿਹਾ ਕਿ ਦੇਸ਼ ਨੂੰ ਮਜ਼ਬੂਤ ਸਰਕਾਰ ਦੀ ਲੋੜ ਹੈ। ਉਨ੍ਹਾਂ ਕਰਨਾਟਕ ਦੇ ਲੋਕਾਂ ਨੂੰ ਆਗਾਮੀ ਲੋਕ ਸਭਾ ਚੋਣਾਂ ਵਿੱਚ ਪੂਰਨ ਬਹੁਮਤ ਵਾਲੀ ਸਰਕਾਰ ਚੁਣਨ ਦਾ ਸੱਦਾ ਦਿੰਦਿਆਂ ਕਿਹਾ ਕਿ ‘ਮਹਾਂਮਿਲਾਵਟ’ ਨਾਲ ਅੱਧ-ਅਧੂਰੇ ਨਤੀਜੇ ਹੀ ਮਿਲਣਗੇ।
ਉਨ੍ਹਾਂ ਦੋਸ਼ ਲਾਏ ਕਿ ਕਰਨਾਟਕ ਵਿੱਚ ‘ਬੇਵੱਸ’ ਸਰਕਾਰ ਹੈ ਅਤੇ ਮੁੱਖ ਮੰਤਰੀ ਐੱਚ.ਡੀ. ਕੁਮਾਰਸਵਾਮੀ ‘ਰਿਮੋਟ-ਕੰਟਰੋਲ ਸੀਐੱਮ’ ਹਨ। ਸੂਬੇ ਵਿੱਚ ਕਾਂਗਰਸ ਅਤੇ ਜਨਤਾ ਦਲ (ਸੈਕੂਲਰ) ਭਾਈਵਾਲੀ ਦੀ ਸਰਕਾਰ ‘ਲੋਕਾਂ ਦੀ ਪਿੱਠ ਵਿੱਚ ਛੁਰਾ ਮਾਰ ਕੇ’ ਬਣੀ ਹੈ।
ਉਨ੍ਹਾਂ ਸੂਬਾ ਸਰਕਾਰ ’ਤੇ ਕਿਸਾਨਾਂ ਨਾਲ ਬੇਇਨਸਾਫੀ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਵਲੋਂ ‘ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ’ ਯੋਜਨਾ ਲਾਗੂ ਕਰਨ ਵਿੱਚ ਸਹਿਯੋਗ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਦਾਅਵਾ ਕੀਤਾ ਕਿ ਉੱਤਰ-ਪੂਰਬ ਦਾ ਵਿਕਾਸ ਉਨ੍ਹਾਂ ਦੀ ਸਰਕਾਰ ਦੀ ਤਰਜੀਹ ਹੈ।

Facebook Comment
Project by : XtremeStudioz