Close
Menu

ਮੈਕਡੌਨਲਡ ਸ਼ੂਟਿੰਗ ਮਾਮਲੇ ਵਿਚ ਹਾਲੇ ਤੱਕ ਪੁਲੀਸ ਵੱਲੋਂ ਕੋਈ ਨਤੀਜਾ ਨਹੀਂ ਨਿਕਲਿਆ

-- 17 July,2015

ਟੋਰਾਂਟੋ  : ਇਸ ਸਾਲ ਦੇ ਸ਼ੁਰੂ ਵਿਚ ਇਕ ਹਥਿਆਰਬੰਦ ਸੁਰੱਖਿਆ ਗਾਰਡ ਵੱਲੋਂ ਡੈਨਫੋਰਥ ਐਵੇਨਿਊ ‘ਤੇ ਸਥਿਤ ਮੈਕਡੌਨਲਡ ਵਿਖੇ ਦੋ ਆਮ ਵਿਅਕਤੀਆਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਇਹ ਸਵਾਲ ਉੱਠ ਖੜਾ ਹੋਇਆ ਸੀ ਕਿ ਇਸ ਘਟਨਾ ਵਿਚ ਸਿੱਧੇ ਰੂਪ ਵਿਚ ਨਹੱਥੇ ਲੋਕਾਂ ‘ਤੇ ਗੋਲੀ ਚਲਾਉਣ ਦੇ ਦੋਸ਼ ਵਿਚ ਇਸ ਸੁਰੱਖਿਆ ਗਾਲਡ ‘ਤੇ ਕੋਈ ਮਾਮਲਾ ਦਰਜ ਕਿਉਂ ਨਹੀਂ ਕੀਤਾ ਗਿਆ ਹੈ, ਪਰ ਇਸ ਮਾਮਲੇ ਵਿਚ ਹਾਲੇ ਵੀ ਕੋਈ ਸਵਾਲ ਕੀਤੇ ਜਾਣ ‘ਤੇ ਪੁਲੀਸ ਚੀਫ਼ ਵੱਲੋਂ ਚੁੱਪੀ ਧਾਰ ਲਈ ਜਾਂਦੀ ਹੈ।

ਵੀਰਵਾਰ ਨੂੰ ਟੋਰਾਂਟੋ ਪੁਲੀਸ ਸਰਵਿਸਿਜ਼ ਬੋਰਡ ਨਾਲ ਹੋਈ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲੀਸ ਚੀਫ਼ ਸੌਂਡਰਸ ਤੋਂ ਇਸ ਸੰਬੰਧ ਵਿਚ ਵੀ ਪ੍ਰਸ਼ਨ ਪੁੱਛੇ ਗਏ ਸਨ। 28 ਫ਼ਰਵਰੀ ਦੇ ਦਿਨ ਵਾਪਰੀ ਇਸ ਘਟਨਾ ਸੰਬੰਧੀ ਕੀ ਜਾਂਚ-ਪੜਤਾਲ ਕੀਤੀ ਗਈ ਹੈ ਅਤੇ ਇਸ ਮਾਮਲੇ ਵਿਚ ਪੁਲੀਸ ਹੁਣ ਤੱਕ ਕਿਸ ਨਤੀਜੇ ‘ਤੇ ਪੁੱਜੀ ਹੈ। ਇਨ੍ਹਾਂ ਸਵਾਲਾਂ ਦੇ ਜਵਾਬ ਹਾਲੇ ਵੀ ਪੁਲੀਸ ਵਿਭਾਗ ਵੱਲੋਂ ਨਹੀਂ ਦਿੱਤੇ ਜਾ ਸਕੇ ਹਨ।

ਇਸ ਸੰਬੰਧ ਵਿਚ ਪੁਲੀਸ ਮੁਖੀ ਵੱਲੋਂ ਸਿਰਫ਼ ਇਹੀ ਬਿਆਨ ਦਿੱਤਾ ਗਿਆ ਹੈ ਕਿ ਇਸ ਮਾਮਲੇ ਨਾਲ ਸੰਬੰਧਿਤ ਜਿਹੜੇ ਵੀ ਸਬੂਤ ਹੁਣ ਤੱਕ ਸਾਹਮਣੇ ਆਏ ਹਨ, ਉਨ੍ਹਾਂ ਦੇ ਅਧਾਰ ‘ਤੇ ਸੁਰੱਖਿਆ ਗਾਰਡ ‘ਤੇ ਕੋਈ ਵੀ ਚਾਰਜਿਜ਼ ਨਹੀਂ ਬਣਦੇ ਹਨ। ਇਸ ਤੋਂ ਬਾਅਦ ਪੁਲੀਸ ਮੁਖੀ ਵੱਲੋਂ ਇਸ ਕੇਸ ਬਾਰੇ ਹੋਰ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਇਸ ਘਟਨਾ ਵਿਚ 39 ਸਾਲ ਦੇ ਰਿਆਨ ਹਿੰਦ ਅਤੇ 25 ਸਾਲ ਦੇ ਡੌਨੀ ਉਈਮੈੱਟ ਨੂੰ ਸਵੇਰੇ 3 ਵਜੇ ਦੇ ਕਰੀਬ ਗੋਲੀ ਮਾਰੀ ਗਈ ਸੀ। ਇਹ ਗੋਲੀ ਇਕ ਹਥਿਆਰਬੰਦ ਸੁਰੱਖਿਆ ਗਾਰਡ ਵੱਲੋਂ ਚਲਾਈ ਗਈ ਸੀ, ਜੋ ਇਕ ਫ਼ਾਸਟ ਫ਼ੂਡ ਰੈਸਟੋਰੈਂਟ ਵਿਖੇ ਆਪਣਾ ਖਾਣਾ ਲੈਣ ਅਇਆ ਸੀ।

ਇਸ ਘਟਨਾ ਤੋਂ ਕੁੱਝ ਹੀ ਦੇਰ ਬਾਅਦ ਪੁਲੀਸ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ ਸੀ ਕਿ ਇਹ ਦੋਵੇਂ ਵਿਅਕਤੀ ਸੁਰੱਖਿਆ ਗਾਰਡ ਨਾਲ ਹੱਥੋਪਾਈ ਕਰ ਰਹੇ ਸਨ, ਇਸ ਤੋਂ ਬਾਅਦ ਇਸ ਮਾਮਲੇ ਦੀ ਪੂਰੀ ਜਾਂਚ ਕੀਤੇ ਜਾਣ ਦੇ ਆਦੇਸ਼ ਜਾਰੀ ਕੀਤੇ ਗਏ ਸਨ।

Facebook Comment
Project by : XtremeStudioz