Close
Menu

ਮੈਕੁਲਮ ਦੀ ਧੂੰਆਂਧਾਰ ਬੱਲੇਬਾਜ਼ੀ; ਨਿਊਜ਼ੀਲੈਂਡ ਨੇ ਬਣਾਈਆਂ 429 ਦੌੜਾਂ

-- 27 December,2014

ਕਰਾਈਸਟ ਚਰਚ, ਬਰੈਂਡਨ ਮੈਕੁਲਮ ਕੇਵਲ ਪੰਜ ਦੌੜਾਂ ਨਾਲ ਟੈਸਟ ਮੈਚਾਂ ਵਿੱਚ ਸਭ ਤੋਂ ਤੇਜ਼ ਦੋਹਰਾ ਸੈਂਕੜਾ ਬਣਾਉਣ ਤੋਂ ਖੁੰਝ ਗਿਆ ਪਰ ਉਸ ਦੀ ਤੂਫਾਨੀ ਪਾਰੀ ਨਾਲ ਨਿਊਜ਼ੀਲੈਂਡ ਨੇ ਸ੍ਰੀਲੰਕਾ ਦੇ ਖਿਲਾਫ਼ ਪਹਿਲੇ ਟੈਸਟ ਮੈਚ ਵਿੱਚ 429 ਦੌੜਾਂ ਦਾ ਵੱਡਾ ਸਕੋਰ ਖੜਾ ਕਰ ਲਿਆ। ਮੈਕੁਲਮ ਨੇ 134 ਗੇਂਦਾਂ ਤੇ 18 ਚੌਕਿਆਂ ਤੇ 11 ਛੱਕਿਆਂ ਦੀ ਮਦਦ ਨਾਲ 195 ਦੌੜਾਂ ਬਣਾਈਆਂ। ਮੈਕੁਲਮ ਜਦੋਂ ਟੈਸਟ ਕ੍ਰਿਕਟ ਦਾ ਸਭ ਤੋਂ ਤੇਜ਼ ਦੂਹਰਾ ਸੈਂਕੜਾ ਬਣਾਉਣ ਦਾ ਰਿਕਾਰਡ ਤੋੜਨ ਨੇੜੇ ਸੀ ਤਾਂ ਉਹ ਲਾਂਗ ਆਫ ‘ਤੇ ਕੈਚ ਦੇ ਬੈਠਾ। ਟੈਸਟ ਮੈਚਾਂ ਵਿੱਚ ਸਭ ਤੋਂ ਤੇਜ਼ ਦੂਹਰਾ ਸੈਂਕੜਾ ਬਣਾਉਣ ਦਾ ਰਿਕਾਰਡ ਨਿਊਜ਼ੀਲੈਂਡ ਦੇ ਹੀ ਬੱਲੇਬਾਜ਼ ਨਾਥਨ ਐਸਟਲ ਦੇ ਨਾਂ ਹੈ, ਉਸ ਨੇ 153 ਗੇਂਦਾਂ ਉੱਤੇ ਇਹ ਪ੍ਰਾਪਤੀ ਹਾਸਲ ਕੀਤੀ ਸੀ। ਸ੍ਰੀਲੰਕਾ ਨੇ ਟਾਸ ਜਿੱਤ ਕੇ ਨਿਊਜ਼ੀਲੈਂਡ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਪਰ ਉਸ ਨੇ ਹਾਮਿਸ਼ ਰਦਰਫੋਰਡ (18), ਟੌਮ ਲੈਥਮ (27) ਤੇ ਰੋਸ ਟੇਲਰ (7) ਦੇ ਵਿਕਟ ਜਲਦੀ ਗਵਾ ਦਿੱਤੇ। ਜਦੋਂ ਸਕੋਰ ਤਿੰਨ ਵਿਕਟਾਂ ਉੱਤੇ 88 ਦੌੜਾਂ ਸੀ ਤਾਂ ਮੈਕੁਲਮ ਮੈਦਾਨ ‘ਚ ਆਇਆ ਤ ਉਸ ਨੇ ਦਿਨ ਦੇ ਸਾਰੇ ਸਮੀਕਰਨ ਬਦਲ ਦਿੱਤੇ। ਉਸ ਨੇ ਕੇਨ ਵਿਲੀਅਮਸਨ (54) ਦੇ ਨਾਲ ਚੌਥੀ ਵਿਕਟ ਲਈ 126 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਵਿੱਚ ਵਿਲੀਅਮਸਨ ਦਾ ਯੋਗਦਾਨ 20 ਦੌੜਾਂ ਸੀ। ਮੈਕੁਲਮ ਨੇ ਇਸ ਤੋਂ ਬਾਅਦ ਜੇਮਜ਼ ਨੀਸ਼ਾਮ ਨਾਲ ਮਿਲ ਕੇ ਪੰਜਵੀਂ ਵਿਕਟ ਲਈ 153 ਦੌੜਾਂ ਦੀ ਸਾਂਝੇਦਾਰੀ ਨਿਭਾਈ। ਨੀਸ਼ਾਮ ਨੇ ਵੀ ਆਪਣੇ ਕਪਤਾਨ ਦੀ ਤਰਜ਼ ‘ਤੇ ਤੂਫ਼ਾਨੀ ਤੇਵਰ ਦਿਖਾਉਂਦਿਆਂ ਕੇਵਲ 80 ਗੇਂਦਾਂ ‘ਤੇ 85 ਦੌੜਾਂ ਬਣਾਈਆਂ। ਦਿਨ ਦੇ 81ਵੇਂ ਓਵਰ ਵਿੱਚ ਬੀ ਜੇ ਬਾਟਲਿੰਗ (26) ਦੇ ਆਊਟ ਹੋਣ ਬਾਅਦ ਦਿਨ ਦੀ ਖੇਡ ਸਮਾਪਤ ਕਰ ਦਿੱਤੀ ਗਈ। ਉਦੋਂ ਮਾਰਕ ਕਰੈਗ ਪੰਜ ਦੌੜਾਂ ‘ਤੇ ਖੇਡ ਰਿਹਾ ਸੀ।
ਕਪਤਾਨ ਐਂਜਲੋ ਮੈਥਿਊਜ਼ ਸ੍ਰੀਲੰਕਾ ਦੇ ਸਭ ਤੋਂ ਤੇਜ਼ ਗੇਂਦਬਾਜ਼ ਰਹੇ। ਉਸ ਨੇ 34 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਧਮਿੱਜਾ ਪ੍ਰਸਾਦ, ਸੁੰਰਗਾ ਐੱਲ, ਚਮਿੰਡਾ ਈਰਾਂਗਾ ਤੇ ਆਪਣਾ ਪਹਿਲਾ ਟੈਸਟ ਖੇਡ ਰਹੇ ਤਾਰੀਂਦੂ ਕੌਸ਼ਲ ਨੇ ਇੱਕ-ਇੱਕ ਵਿਕਟ ਲਿਆ। ਅੱਜ ਮੈਚ ਦਾ ਪਹਿਲਾ ਦਿਨ ਪੂਰੀ ਤਰ੍ਹਾਂ ਮੈਕੁਲਮ ਦੇ ਨਾਂ ਰਿਹਾ ਤੇ ਉਸ ਨੇ ਬੱਲੇਬਾਜ਼ੀ ਦੇ ਕਈ ਨਵੇਂ ਰਿਕਾਰਡ ਬਣਾਏ। ਮੈਕੁਲਮ ਨੇ ਕੇਵਲ 74 ਦੌੜਾਂ ‘ਤੇ ਸੈਂਕੜਾ ਲਾ ਕੇ ਨਿਊਜ਼ੀਲੈਂਡ ਦੀ ਤਰਫੋਂ ਨਵਾਂ ਰਿਕਾਰਡ ਬਣਾਇਆ ਤੇ ਬਾਕਸਿੰਗ ਡੇਅ 26 ਦਸੰਬਰ ਨੂੰ ਸਭ ਤੋਂ ਤੇਜ਼ ਸੈਂਕੜਾ ਬਣਾਉਣ ਵਾਲਾ ਬੱਲੇਬਾਜ਼ ਵੀ ਬਣ ਗਿਆ  ਹੈ। ਉਸ ਨੇ 103 ਗੇਂਦਾਂ ‘ਤੇ 150 ਦੌੜਾਂ ਬਣਾਈਆਂ ਤੇ ਇਹ ਵੀ ਆਪਣਾ ਰਿਕਾਰਡ ਬਣਾਇਆ।

Facebook Comment
Project by : XtremeStudioz