Close
Menu

ਮੋਗਾ ਕਾਂਡ ਨੂੰ ਲੈ ਕੇ ਸੰਸਦ ‘ਚ ਭਾਰੀ ਹੰਗਾਮਾ

-- 06 May,2015

ਨਵੀਂ ਦਿੱਲੀ, -ਚਾਰ ਦਿਨਾਂ ਦੀ ਛੁੱਟੀ ਤੋਂ ਬਾਅਦ ਅੱਜ ਸ਼ੁਰੂ ਹੋਏ ਸੰਸਦ ਦੇ ਇਜਲਾਸ ਦੌਰਾਨ ਸੰਸਦ ਦੇ ਦੋਵਾਂ ਸਦਨਾਂ ‘ਚ ਮੋਗਾ ਕਾਂਡ ਦੀ ਗੂੰਜ ਹੀ ਸੁਣਾਈ ਦਿੱਤੀ | ਸਰਕਾਰੀ ਧਿਰ ਜਿਥੇ ਇਸ ਘਟਨਾ ਨੂੰ ‘ਰਾਜ ਪੱਧਰੀ ਮਾਮਲਾ’ ਕਹਿ ਕੇ ਇਸ ‘ਤੇ ਚਰਚਾ ਤੋਂ ਬਚਣ ਦੀ ਕੋਸ਼ਿਸ਼ ਕਰ ਰਹੀ ਸੀ, ਉਥੇ ਵਿਰੋਧੀ ਧਿਰ ਇਸ ਨੂੰ ਅਜਿਹਾ ਮਸਲਾ ਦੱਸ ਰਹੀ ਸੀ ਜਿਸ ‘ਤੇ ਪੂਰਾ ਰਾਸ਼ਟਰ ਸ਼ਰਮਿੰਦਾ ਹੈ | ਬਜਟ ਇਜਲਾਸ ਦੇ ਦੂਜੇ ਪੜਾਅ ‘ਚ ਪਹਿਲੀ ਵਾਰ ਹਾਜ਼ਰੀ ਭਰ ਰਹੇ ਕਾਂਗਰਸ ਦੇ ਉਪ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਸਦਨ ਦੀ ਕਾਰਵਾਈ ਮੁਲਤਵੀ ਕਰਕੇ ਇਸ ਮੁੱਦੇ ‘ਤੇ ਚਰਚਾ ਦੀ ਮੰਗ ਕੀਤੀ, ਜਿਸ ਨੂੰ ਸਪੀਕਰ ਸੁਮਿਤਰਾ ਮਹਾਜਨ ਨੇ ਖਾਰਜ ਕਰ ਦਿੱਤਾ | ਨਿਆਂ ਦੀ ਮੰਗ ਦੇ ਨਾਅਰੇ ਲਾਉਂਦੇ ਵਿਰੋਧੀ ਧਿਰ ਦੇ ਮੈਂਬਰ ਸਦਨ ਦੇ ਵਿਚਕਾਰ ਆ ਗਏ ਅਤੇ ਹੰਗਾਮਿਆਂ ਕਾਰਨ ਸਦਨ ਦੋ ਵਾਰ ਉਠਾਉਣੀ ਪਈ | ਉਨ੍ਹਾਂ ਨੇ ਕੈਪਟਨ ਨੂੰ ਸਿਫਰ ਕਾਲ ‘ਚ ਇਹ ਮਾਮਲਾ ਉਠਾਉਣ ਦਾ ਭਰੋਸਾ ਦੁਆਇਆ | ਕੈਪਟਨ ਅਮਰਿੰਦਰ ਸਿੰਘ ਨੇ ਮੁੱਦਾ ਉਠਾਉਂਦਿਆਂ ਕਿਹਾ ਕਿ ਮੋਗਾ ਕਾਂਡ, ਪੰਜਾਬ ਸਰਕਾਰ ਦੀਆਂ ਨਾਕਾਮੀਆਂ ਦਾ ਜਿਊਾਦਾ ਜਾਗਦਾ ਸਬੂਤ ਹੈ | ਉਨ੍ਹਾਂ ਕਿਹਾ ਕਿ ਪੰਜਾਬ ‘ਚ ਕਾਨੂੰਨ ਵਿਵਸਥਾ ਦੀ ਸਥਿਤੀ ਹੇਠਲੇ ਪੱਧਰ ‘ਤੇ ਆ ਗਈ ਹੈ | ਕਾਨੂੰਨ ਦੀ ਨਿੱਘਰ ਰਹੀ ਹਾਲਤ ਦਾ ਹਵਾਲਾ ਦਿੰਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਰਾਜ ‘ਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕੀਤੀ | ਸੰਸਦੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਵੈਂਕਈਆ ਨਾਇਡੂ ਨੇ ਨੇਮਾਂ ਦਾ ਹਵਾਲਾ ਦਿੰਦਿਆਂ ਚਰਚਾ ਤੋਂ ਇਨਕਾਰ ਕਰ ਦਿੱਤਾ | ਉਨ੍ਹਾਂ ਕਿਹਾ ਕਿ ਇਕ ਮੁੱਦੇ ‘ਤੇ ਸੰਸਦ ਦੇ ਇਕ ਇਜਲਾਸ ‘ਚ ਦੋ ਵਾਰ ਚਰਚਾ ਨਹੀਂ ਹੋ ਸਕਦੀ | ਦੱਸਣਯੋਗ ਹੈ ਕਿ ਵੀਰਵਾਰ ਨੂੰ ਇਹ ਮੁੱਦਾ ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਉਠਾਇਆ ਸੀ ਅਤੇ ਦੋਸ਼ੀਆਂ ਨੂੰ ਸਜ਼ਾ ਦੇਣ ਅਤੇ ਆਰਬਿਟ ਬੱਸਾਂ ‘ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਸੀ | ਸ੍ਰੀ ਨਾਇਡੂ ਨੇ ਕੈਪਟਨ ਦੀ ਗੈਰ-ਹਾਜ਼ਰੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਜਿਸ ਵੇਲੇ ਇਹ ਮੁੱਦਾ ਉਠਾਇਆ ਗਿਆ ਸੀ, ਉਸ ਵੇਲੇ ਕਾਂਗਰਸੀ ਸੰਸਦ ਮੈਂਬਰ (ਕੈਪਟਨ) ਗੈਰ-ਹਾਜ਼ਰ ਸਨ | ਸੰਸਦ ਦੇ ਉਪਰਲੇ ਸਦਨ ‘ਚ ਵੀ ਮੋਗਾ ਕਾਂਡ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ | ਬਹੁਜਨ ਸਮਾਜ ਪਾਰਟੀ ਦੀ ਨੇਤਾ ਮਾਇਆਵਤੀ ਨੇ ਮੁੱਦਾ ਉਠਾਉਂਦਿਆਂ ਇਸ ਨੂੰ ਦਲਿਤਾਂ ਪ੍ਰਤੀ ਅੱਤਿਆਚਾਰ ਦਾ ਮੁੱਦਾ ਦੱਸਦਿਆਂ ਸਰਕਾਰ ਨੂੰ ਇਸ ‘ਤੇ ਫੌਰੀ ਕਾਰਵਾਈ ਕਰਨ ਨੂੰ ਕਿਹਾ | ਰਾਜ ਸਭਾ ‘ਚ ਕਾਂਗਰਸ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਇਸ ਮੁੱਦੇ ‘ਤੇ ਚਰਚਾ ਕਰਵਾਉਣ ਦੀ ਮੰਗ ਕੀਤੀ | ਮਾਰਕਸੀ ਪਾਰਟੀ ਦੇ ਨੇਤਾ ਸੀਤਾਰਾਮ ਯੇਚੁਰੀ ਨੇ ਪੰਜਾਬ ਦੇ ਮੰਤਰੀ ਵੱਲੋਂ ਦਿੱਤੇ ਬਿਆਨ ਦੀ ਨਿਖੇਧੀ ਕਰਦਿਆਂ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ | ਦੱਸਣਯੋਗ ਹੈ ਕਿ ਪੰਜਾਬ ਦੇ ਉਚੇਰੀ ਸਿੱਖਿਆ ਬਾਰੇ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਘਟਨਾ ਤੋਂ ਬਾਅਦ ਵਿਵਾਦਿਤ ਬਿਆਨ ਦਿੰਦਿਆਂ ਕਿਹਾ ਸੀ ਕਿ 13 ਸਾਲਾ ਨਾਬਾਲਗ ਲੜਕੀ ਦੀ ਬੱਸ ਹਾਦਸੇ ‘ਚ ਮੌਤ ਹੋਣਾ ਰੱਬ ਦੀ ਮਰਜ਼ੀ ਹੈ | ਸ੍ਰੀ ਯੇਚੁਰੀ ਨੇ ਕਿਹਾ ਕਿ ਅਜਿਹੇ ਮੰਤਰੀ ਨੂੰ ਅਹੁਦੇ ‘ਤੇ ਰਹਿਣ ਦਾ ਕੋਈ ਹੱਕ ਨਹੀਂ ਹੈ | ਸੰਸਦੀ ਮਾਮਲਿਆਂ ਬਾਰੇ ਮੰਤਰੀ ਵੈਂਕਈਆ ਨਾਇਡੂੂ ਨੇ ਵਿਰੋਧੀ ਧਿਰ ਦੀ ਚਰਚਾ ਦੀ ਮੰਗ ਨੂੰ ਨਾਜਾਇਜ਼ ਠਹਿਰਾਉਂਦਿਆਂ ਕਿਹਾ ਕਿ ਵਿਰੋਧੀ ਧਿਰ ਨੇ ਚਰਚਾ ਲਈ ਕੋਈ ਨੋਟਿਸ ਨਹੀਂ ਦਿੱਤਾ | ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਪੰਜਾਬ ‘ਚ ਭਾਜਪਾ ਦੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਨੇ ਇਸ ‘ਤੇ ਫੌਰੀ ਕਾਰਵਾਈ ਕੀਤੀ ਸੀ ਅਤੇ ਰਾਜਾਂ ਦੇ ਮਾਮਲਿਆਂ ਦੀ ਸੰਸਦ ‘ਚ ਚਰਚਾ ਨਹੀਂ ਕਰਨੀ ਚਾਹੀਦੀ | ਅਕਾਲੀ ਦਲ ਨੇਤਾ ਨਰੇਸ਼ ਗੁਜਰਾਲ ਨੇ ਇਸ ਮੁੱਦੇ ‘ਤੇ ਅੱਬਾਸ ਦਾ ਸਮਰਥਨ ਕੀਤਾ | ਜਦਕਿ ਸ੍ਰੀ ਯੇਚੁਰੀ ਨੇ ਕਿਹਾ ਕਿ ਇਹ ਇਕ ਦਲਿਤ ਨਾਲ ਹੋਏ ਅਪਰਾਧ ਦਾ ਮਾਮਲਾ ਹੈ ਅਤੇ ਸੰਸਦ ‘ਚ ਇਸ ‘ਤੇ ਚਰਚਾ ਕਰਨ ਦਾ ਪੂਰਾ ਹੱਕ ਹੈ | ਦੱਸਣਯੋਗ ਹੈ ਕਿ ਬੁੱਧਵਾਰ ਦੇਰ ਸ਼ਾਮ ਇਕ ਔਰਤ ਆਪਣੀ 13 ਸਾਲ ਬੇਟੀ ਅਤੇ 10 ਸਾਲ ਦੇ ਬੇਟੇ ਨਾਲ ਆਰਬਿਟ ਕੰਪਨੀ ਦੀ ਬੱਸ ‘ਚ ਸਫ਼ਰ ਕਰ ਰਹੀ ਸੀ, ਜਿਸ ਦੀ ਮਲਕੀਅਤ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਨਾਂਅ ਹੈ | ਬੱਸ ‘ਚ ਕੁਝ ਨੌਜਵਾਨਾਂ ਵੱਲੋਂ ਨਾਬਾਲਗ ਲੜਕੀ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਗਈ | ਇਸ ਮਾਮਲੇ ‘ਚ ਬੱਸ ਦਾ ਡਰਾਈਵਰ ਅਤੇ ਕੰਡਕਟਰ ਵੀ ਸ਼ਾਮਿਲ ਸੀ, ਦੋਵਾਂ-ਮਾਵਾਂ ਧੀਆਂ ਨੂੰ ਬੱਸ ‘ਚੋਂ ਬਾਹਰ ਸੁੱਟ ਦਿੱਤਾ ਗਿਆ | ਇਸ ਹਾਦਸੇ ‘ਚ ਜਿਥੇ ਨਾਬਾਲਗ ਲੜਕੀ ਦੀ ਥਾਂ ‘ਤੇ ਹੀ ਮੌਤ ਹੋ ਗਈ, ਉਥੇ ਉਸ ਦੀ ਮਾਂ ਅਜੇ ਵੀ ਹਸਪਤਾਲ ‘ਚ ਜ਼ੇਰੇ-ਇਲਾਜ ਹੈ | ਵਿਰੋਧੀ ਧਿਰ ਦਾ ਇਹ ਵੀ ਇਲਜ਼ਾਮ ਹੈ ਕਿ ਸਾਲਾਂ ਤੋਂ ਇਨ੍ਹਾਂ ਬੱਸਾਂ ਨੇ ਸੂਬੇ ‘ਚ ਦਹਿਸ਼ਤ ਫੈਲਾ ਰੱਖੀ ਹੈ ਪਰ ਬਾਦਲ ਪਰਿਵਾਰ ਦੇ ਡਰ ਕਾਰਨ ਕੋਈ ਵੀ ਰਿਪੋਰਟ ਦਰਜ ਨਹੀਂ ਕੀਤੀ ਜਾਂਦੀ |

Facebook Comment
Project by : XtremeStudioz